ਕੈਪਟਨ ਸਰਕਾਰ ਦੇ ਦਾਅਵੇ ਦਿਸਣ ਲੱਗੇ ਖੋਖਲੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵੇ ਵੀ ਖੋਖਲੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਜਥੇਬੰਦੀ ਨੇ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਕਰਕੇ ਬਠਿੰਡਾ-ਮਾਨਸਾ ਰੋਡ ਨੂੰ 2 ਘੰਟੇ ਲਈ ਜਾਮ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਵੀ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਦੀ ਕਣਕ ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿਚ ਰੁਲ ਰਹੀ ਹੈ। ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਵੀ ਦਿੱਤਾ। ਬਰਨਾਲਾ ਦੀਆਂ ਮੰਡੀਆਂ ਵਿਚ ਵੀ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾ। ਇਸੇ ਤਰ੍ਹਾਂ ਦੇ ਪ੍ਰਦਰਸ਼ਨਾਂ ਦੀਆਂ ਖਬਰਾਂ ਪੂਰੇ ਪੰਜਾਬ ਤੋਂ ਆ ਰਹੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਵੀ ਖੋਖਲੇ ਨਜ਼ਰ ਆ ਰਹੇ ਹਨ।