ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜਿਆ ਪੱਤਰ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਲੰਘੇ ਕੱਲ੍ਹ 3 ਅਕਤੂੁਬਰ ਨੂੰ ਸਮਾਪਤ ਹੋ ਗਿਆ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ‘ਭਰੋਸਗੀ ਮਤੇ’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਭਰੋਸਗੀ ਮਤੇ ਦਾ ਸਮਰਥਨ 93 ਵਿਧਾਇਕਾਂ ਨੇ ਕੀਤਾ। ਜ਼ਿਕਰਯੋਗ ਹੈ ਕਿ ‘ਆਪ’ ਦੇ 92 ਵਿਧਾਇਕ ਹਨ ਅਤੇ ਸਪੀਕਰ ਆਪਣੀ ਵੋਟ ਦਾ ਇਸਤੇਮਾਲ ਨਹੀਂ ਸੀ ਕਰ ਸਕਦੇ। ਇਸ ਤਰ੍ਹਾਂ ‘ਆਪ’ ਦੇ 91 ਵਿਧਾਇਕਾਂ ਨੇ ਭਰੋਸਗੀ ਮਤੇ ਦਾ ਸਮਰਥਨ ਕੀਤਾ। ਇਹ ਵੀ ਕਿਹਾ ਗਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਬਸਪਾ ਦੇ ਵਿਧਾਇਕ ਨੇ ਵੀ ਸਰਕਾਰ ਦੇ ਭਰੋਸਗੀ ਮਤੇ ਦਾ ਸਮਰਥਨ ਕੀਤਾ ਹੈ। ਇਸਦੇ ਚੱਲਦਿਆਂ ਹੁਣ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਬਸਪਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਉਹ ਆਖਰ ਤੱਕ ਭਰੋਸਗੀ ਮਤੇ ਦੇ ਵਿਰੋਧ ਵਿਚ ਖੜ੍ਹੇ ਰਹੇ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੇ ਮਤੇ ਦਾ ਵਿਰੋਧ ਕੀਤਾ ਹੈ। ਧਿਆਨ ਰਹੇ ਕਿ ਜਦੋਂ ਸਪੀਕਰ ਨੇ ਭਰੋਸਗੀ ਮਤੇ ਦੇ ਲਈ ਇਨ੍ਹਾਂ ਦੋਵਾਂ ਵਿਧਾਇਕਾਂ ਕੋਲੋਂ ਹਾਂ ਜਾਂ ਨਾਂਹ ਪੁੱਛਿਆ ਤਾਂ ਇਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਇਆਲੀ ਅਤੇ ਨਛੱਤਰ ਪਾਲ ਨੇ ਕਿਹਾ ਕਿ ‘ਆਪ’ ਵਲੋਂ ਗਲਤਫਹਿਮੀ ਦੇ ਕਾਰਣ ਉਨ੍ਹਾਂ ਦੀ ਵੋਟ ਮਤੇ ਦੇ ਸਮਰਥਨ ਵਿਚ ਗਿਣੀ ਗਈ ਹੈ। ਹੁਣ ਮਨਪ੍ਰੀਤ ਇਆਲੀ ਅਤੇ ਨਛੱਤਰ ਪਾਲ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਵੋਟ ਭਰੋਸਗੀ ਮਤੇ ਦੇ ਖਿਲਾਫ ਗਿਣੀ ਜਾਵੇ। ਇਸ ਸਬੰਧੀ ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਪੱਤਰ ਵੀ ਭੇਜਿਆ ਹੈ। ਬਸਪਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਵਿਧਾਨ ਸਭਾ ਵਿਚ ਭੇਜਿਆ ਹੈ, ਉਹ ਇਸੇ ਕਰਕੇ ਹੀ ਸਦਨ ਛੱਡ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਉਹ ਭਰੋਸਗੀ ਮਤੇ ਦੇ ਸਮਰਥਨ ਵਿਚ ਨਾ ਪਹਿਲਾਂ ਸਨ ਅਤੇ ਨਾ ਹੀ ਹੁਣ ਹਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …