Breaking News
Home / ਪੰਜਾਬ / ਮਾਨ ਸਰਕਾਰ ਵਲੋਂ ਘਰ-ਘਰ ਪਹੁੰਚਾਇਆ ਜਾਵੇਗਾ ਡਿਪੂਆਂ ਤੋਂ ਮਿਲਦਾ ਰਾਸ਼ਨ

ਮਾਨ ਸਰਕਾਰ ਵਲੋਂ ਘਰ-ਘਰ ਪਹੁੰਚਾਇਆ ਜਾਵੇਗਾ ਡਿਪੂਆਂ ਤੋਂ ਮਿਲਦਾ ਰਾਸ਼ਨ

‘ਡੋਰ ਸਟੈੱਪ ਡਲਿਵਰੀ ਆਫ਼ ਰਾਸ਼ਨ ਸਕੀਮ’ ਦੀ ਹੋਵੇਗੀ ਸ਼ੁਰੂਆਤ : ਮੁੱਖ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਡਿਪੂਆਂ ਰਾਹੀਂ ਮਿਲਣ ਵਾਲੇ ਰਾਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੇ ਘਰਾਂ ਵਿੱਚ ਸਾਫ਼ ਸੁਥਰਾ ਅਤੇ ਵਧੀਆ ਰਾਸ਼ਨ ਪਹੁੰਚਾਇਆ ਜਾਵੇਗਾ। ਮਾਨ ਨੇ ਕਿਹਾ ਕਿ ਦੁਨੀਆ ਡਿਜੀਟਲ ਹੋ ਚੁੱਕੀ ਹੈ ਪਰ ਫਿਰ ਵੀ ਸਾਡੇ ਦੇਸ਼ ਵਿੱਚ ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਲਈ ਡਿਪੂਆਂ ‘ਤੇ ਲੰਮੀਆਂ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ। ਰਾਸ਼ਨ ਲੈਣ ਲਈ ਨਿੱਤ ਕਮਾ ਕੇ ਖਾਉਣ ਵਾਲਿਆਂ ਨੂੰ ਦਿਹਾੜੀ ਤੱਕ ਛੱਡਣੀ ਪੈਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਘਰ-ਘਰ ਰਾਸ਼ਨ ਪਹੁੰਚਾਉਣ ਲਈ ‘ਡੋਰ ਸਟੈੱਪ ਡਲਿਵਰੀ ਆਫ਼ ਰਾਸ਼ਨ ਸਕੀਮ’ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਅਧਿਕਾਰੀ ਲੋਕਾਂ ਨੂੰ ਫੋਨ ਕਰ ਕੇ ਘਰ ਤੱਕ ਰਾਸ਼ਨ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਘਰ ਦੇ ਨੇੜਲੇ ਡਿਪੂਆਂ ਤੋਂ ਖ਼ੁਦ ਕਣਕ ਲਿਆਉਣ ਦੀ ਛੋਟ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਚੰਗੀ ਗੁਣਵੱਤਾ ਦਾ ਰਾਸ਼ਨ ਨਹੀਂ ਸੀ ਮਿਲ ਰਿਹਾ ਪਰ ‘ਆਪ’ ਸਰਕਾਰ ਸਾਫ਼ ਤੇ ਵਧੀਆ ਰਾਸ਼ਨ ਮੁਹੱਈਆ ਕਰਵਾਏਗੀ। ਇਸ ਸਕੀਮ ਨੂੰ ਲਾਗੂ ਕਰਨ ਲਈ ਰੂਪ-ਰੇਖਾ ਜਲਦੀ ਹੀ ਉਲੀਕੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਕੀਮ ਪਹਿਲਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਪਰ ਕੇਂਦਰ ਵੱਲੋਂ ਇਸ ਨੂੰ ਕਿਸੇ ਤਰ੍ਹਾਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤ ਵਿਚ ਅਹਿਮ ਫੈਸਲੇ ਲੈ ਰਹੀ ਹੈ।
ਭੋਜਨ ਸੁਰੱਖਿਆ ਐਕਟ ਤਹਿਤ ਪ੍ਰਤੀ ਮਹੀਨਾ ਮਿਲਦੀ ਹੈ ਪੰਜ ਕਿੱਲੋ ਕਣਕ
ਕੌਮੀ ਭੋਜਨ ਸੁਰੱਖਿਆ ਐਕਟ ਤਹਿਤ 1.41 ਕਰੋੜ ਲੋਕਾਂ ਨੂੰ ਸੂਬੇ ਵਿਚ ਪੰਜ ਕਿੱਲੋ ਕਣਕ ਪ੍ਰਤੀ ਮਹੀਨਾ ਮੁਹੱਈਆ ਕਰਵਾਈ ਜਾਂਦੀ ਹੈ। ਇਹ ਕਣਕ 2 ਰੁਪਏ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਇਹ ਪਹਿਲਾਂ ਸਾਲ ਵਿੱਚ ਦੋ ਵਾਰ 6-6 ਮਹੀਨੇ ਦੀ ਇਕੱਠੀ ਦਿੱਤੀ ਜਾਂਦੀ ਸੀ ਪਰ ਹੁਣ ਸਾਲ ਵਿੱਚ ਚਾਰ ਵਾਰ 3-3 ਮਹੀਨੇ ਲਈ ਕਣਕ ਇਕੱਠੀ ਦਿੱਤੀ ਜਾਵੇਗੀ।

 

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …