Breaking News
Home / ਪੰਜਾਬ / ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ

ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ

app-menifesto-copy-copyਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਨੂੰ ਬਣਾਏ ਜਾਣ ਦਾ ਐਲਾਨ
ਗੁਰਾਇਆ : ‘ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਪਾਰਟੀ ਨੇ ਦਲਿਤ ਮੈਨੀਫੈਸਟੋ ਜਾਰੀ ਕੀਤਾ ਹੈ ਤਾਂ ਜੋ ਦਲਿਤ ਸਮਾਜ ਦਾ ਵੱਧ ਤੋਂ ਵੱਧ ਭਲਾ ਕੀਤਾ ਜਾ ਸਕੇ।’ ਇਹ ਸ਼ਬਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਣਾ ਮੰਡੀ ਗੁਰਾਇਆ ਵਿੱਚ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਇਸ ਮੌਕੇ ਪੰਜਾਬ ਦਾ ਉਪ ਮੁੱਖ ਮੰਤਰੀ ਵੀ ਦਲਿਤ ਨੂੰ ਬਣਾਉਣ ਦਾ ਐਲਾਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੀ ਮੈਨੀਫੈਸਟੋ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਦਲਿਤਾਂ ਦਾ ਜੀਵਨ ਪੱਧਰ ਹਰ ਪਾਸੇ ਤੋਂ ਉੱਚਾ ਚੁੱਕਣ ਲਈ ਤਿਆਰੀ ਕੀਤੀ ਗਈ ਹੈ। ਹੋਰ ਪਾਰਟੀਆਂ ਵਾਅਦੇ ਭੁੱਲ ਜਾਂਦੀਆਂ ਹਨ ਪਰ ਸਾਡੀ ਪਾਰਟੀ ਹਰ ਵਾਅਦੇ ਨੂੰ ਪੂਰਾ ਕਰਦੀ ਹੈ ਜਿਸ ਦੀ ਮਿਸਾਲ ਦਿੱਲੀ ‘ਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਿਅਕਤੀ ਨੂੰ ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਜਰਨੈਲ ਸਿੰਘ ਨੇ ਪੂਰਾ ਦਲਿਤ ਮੈਨੀਫੈਸਟੋ ਪੜ੍ਹ ਕੇ ਸੁਣਾਇਆ, ਜਿਸ ਵਿੱਚ ਕਿਹਾ ਕਿ ਬੁਢਾਪਾ ਪੈਨਸ਼ਨ 2000 ਕੀਤੀ ਜਾਵੇਗੀ, ਫ਼ਸਲ ਦੇ ਮੁਆਵਜ਼ੇ ਨਾਲ ਖੇਤ ਮਜ਼ਦੂਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਦਲਿਤਾਂ ਲਈ ਕੱਚੇ ਘਰਾਂ ਨੂੰ ਪੱਕੇ ਕਰਕੇ ਮਕਾਨ ਦਿੱਤੇ ਜਾਣਗੇ। ਰਾਖਵਾਂਕਰਨ ਪੂਰਾ ਕੀਤਾ ਜਾਵੇਗਾ। ਆਟਾ ਦਾਲ ਸਕੀਮ ਦੀ ਜਾਂਚ ਕਰਵਾ ਕੇ ਘੋਟਾਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਛੋਟੇ ਵਪਾਰ ਲਈ ਦੋ ਲੱਖ ਤੱਕ ਦਾ ਕਰਜ਼ਾ ਬਿਨਾਂ ਗਰੰਟੀ ਦਿੱਤਾ ਜਾਵੇਗਾ।
ਦਲਿਤ ਮੈਨੀਫੈਸਟੋ ਨੂੰ ਲੈ ਕੇ ਕੇਜਰੀਵਾਲ ਲਈ ਨਵੀਂ ਮੁਸੀਬਤ
ਚੋਣ ਕਮਿਸ਼ਨ ਨੇ ਮੰਗੀਆਂ ਮੈਨੀਫੈਸਟੋ ਦੀਆਂ ਕਾਪੀਆਂ
ਨਵੀਂ ਦਿੱਲੀ : ਪੰਜਾਬ ਵਿੱਚ ਦਲਿਤ ਭਾਈਚਾਰੇ ਦੇ ਉਮੀਦਵਾਰ ਨੂੰ ਉਪ ਮੁੱਖ ਮੰਤਰੀ ਐਲਾਨ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਵਾਦ ਵਿੱਚ ਫਸ ਗਏ ਹਨ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਦਲਿਤ ਮੈਨੀਫੈਸਟੋ ਦੀ ਦੋ ਕਾਪੀਆਂ ਮੰਗਵਾਈਆਂ ਹਨ।ਕੇਜਰੀਵਾਲ ਨੇ ਜਲੰਧਰ ਦੇ ਗੁਰਾਇਆ ਵਿੱਚ 25 ਨਵੰਬਰ ਨੂੰ ਦਲਿਤ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਇਸ ਮੌਕੇ ਹੀ ਉਨ੍ਹਾਂ ਨੇ ਸਰਕਾਰ ਬਣਨ ਉੱਤੇ ਸੂਬੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਉਮੀਦਵਾਰ ਨੂੰ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਵਿੱਚ ਦਲਿਤਾਂ ‘ਤੇ ਹੁੰਦੇ ਅੱਤਿਆਚਾਰ ਦੀ ਜਾਂਚ ਲਈ ਵੱਖਰੇ ਤੌਰ ਉੱਤੇ ਕਮਿਸ਼ਨ ਬਣਾਉਣ ਦੀ ਗੱਲ ਵੀ ਆਖੀ ਸੀ। ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਇਹ ਕਮਿਸ਼ਨ ਪਿਛਲੇ 10 ਸਾਲਾਂ ਦੇ ਮਾਮਲਿਆਂ ਦੀ ਜਾਂਚ ਕਰੇਗਾ।
ਅਸਲ ਮੁਕਾਬਲਾ ਧਨਾਢਾਂ ਤੇ ਆਮ ਲੋਕਾਂ ਵਿਚਾਲੇ:  ਅਰਵਿੰਦ ਕੇਜਰੀਵਾਲ
ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ‘ਧਰਮ ਯੁੱਧ’ ਦਾ ਦਰਜਾ ਦਿੰਦਿਆਂ ਆਖਿਆ ਕਿ ਇਸ ਜੰਗ ਵਿੱਚ ਇੱਕ ਪਾਸੇ ਸੱਤਾਧਾਰੀ ਤੇ ਪੈਸੇ ਵਾਲੇ ਲੋਕ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਜੁੜੇ ਸਾਧਾਰਨ ਬੰਦੇ ਹਨ। ਉਹ ਇੱਥੇ ਅਕਾਲੀ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਤੇ ਉਨ੍ਹਾਂ ਦੇ ਸਾਥੀਆਂ ਨੂੰ ‘ਆਪ’ ਵਿੱਚ ਸ਼ਾਮਲ ਹੋਣ ‘ਤੇ ਜੀ ਆਇਆਂ ਕਹਿਣ ਪੁੱਜੇ ਸਨ।
ਕੇਜਰੀਵਾਲ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਧਨਾਢ ਤੇ ਆਮ ਲੋਕਾਂ ਵਿਚਾਲੇ ਮੁਕਾਬਲਾ ਹੈ। ਇਹ ਮੁਕਾਬਲਾ ਇਨਕਲਾਬ ਲਿਆਉਣ ਵਾਸਤੇ ਹੈ, ਜਿਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …