40 ਕਰੋੜ 92 ਲੱਖ ਰੁਪਏ ਦੀ ਬੈਂਕ ਧੋਖਾਧੜੀ ਦਾ ਹੈ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ 40 ਕਰੋੜ 92 ਲੱਖ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਅਤੇ ਛੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਸਿੰਘ ਸਮੇਤ ਛੇ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਵਿਰੁੱਧ 5 ਜਨਵਰੀ ਨੂੰ ਸ਼ਿਕਾਇਤ ਦਰਜ ਕੀਤੀ ਸੀ। ਇਸ ਸ਼ਿਕਾਇਤ ’ਤੇ ਮੁਹਾਲੀ ਵਿਚ ਮਨੀ ਲਾਂਡਰਿੰਗ (ਪੀਐਮਐਲਏ) ਐਕਟ ਦੀ ਵਿਸ਼ੇਸ਼ ਅਦਾਲਤ ਨੇ ਲੰਘੀ 18 ਮਾਰਚ ਨੂੰ ਨੋਟਿਸ ਲਿਆ ਸੀ। ਜਦਕਿ ਇਸ ਤੋਂ ਪਹਿਲਾਂ ਈ.ਡੀ. ਨੇ ਜਸਵੰਤ ਸਿੰਘ ਨੂੰ ਪੀ.ਐਮ.ਐਲ.ਏ., 2002 ਦੀਆਂ ਧਾਰਾਵਾਂ ਤਹਿਤ 11 ਜੂਨ 2023 ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਹ ਮੋਹਾਲੀ ਦੀ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਦੀ ਨਿਆਂਇਕ ਹਿਰਾਸਤ ਵਿਚ ਹੈ। ਈ.ਡੀ. ਨੇ ਜਸਵੰਤ ਸਿੰਘ, ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰਾਂ ਵਿਰੁੱਧ ਕੇਂਦਰੀ ਜਾਂਚ ਬਿਊਰੋ ਦੁਆਰਾ ਦਰਜ ਕੀਤੀ ਪਹਿਲੀ ਸੂਚਨਾ ਰਿਪੋਰਟ (ਐਫ਼.ਆਈ.ਆਰ.) ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ।