ਏਅਰ ਲਾਈਨ ਦੇ 200 ਤੋਂ ਜ਼ਿਆਦਾ ਵਰਕਰ ਇੱਕੋ ਸਮੇਂ ਚਲੇ ਗਏ ਸਨ ਛੁੱਟੀ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਗਰੁੱਪ ਦੀ ਏਅਰ ਲਾਈਨ ਏਅਰ ਇੰਡੀਆ ਐਕਸਪ੍ਰੈਸ ਨੇ ਅਚਾਨਕ ਛੁੱਟੀ ’ਤੇ ਗਏ 200 ਤੋਂ ਜ਼ਿਆਦਾ ਕਰੂ ਮੈਂਬਰਾਂ ਵਿਚੋਂ 25 ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਏਅਰ ਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਡਿਊਟੀ ’ਤੇ ਪਰਤਣ ਲਈ ਕਿਹਾ ਹੈ। ਅਜਿਹਾ ਨਾ ਕਰਨ ’ਤੇ ਇਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਹਟਾ ਦਿੱਤੇ ਜਾਣ ਦੀ ਚਿਤਾਵਨੀ ਦੇ ਦਿੱਤੀ ਹੈ। ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕ ਛੁੱਟੀ ’ਤੇ ਚਲੇ ਗਏ ਸਨ। ਜਿਸ ਕਰਕੇ ਏਅਰ ਲਾਈਨ ਨੂੰ ਕਈ ਫਲਾਈਟਾਂ ਰੱਦ ਕਰਨੀਆਂ ਪਈਆਂ ਸਨ। ਏਅਰ ਲਾਈਨ ਦੇ ਸੀ.ਈ.ਓ. ਆਲੋਕ ਸਿੰਘ ਨੇ ਦੱਸਿਆ ਕਿ ਇਸਦੇ ਚੱਲਦਿਆਂ ਕੰਪਨੀ ਆਪਣੀਆਂ ਕੁਝ ਹੋਰ ਉਡਾਨਾਂ ਵਿਚ ਵੀ ਕਟੌਤੀ ਕਰ ਸਕਦੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਬਿਨ ਕਰੂ ਮੈਂਬਰ ਮਿਸ ਮੈਨੇਜਮੈਂਟ ਦੇ ਚੱਲਦਿਆਂ ਵਿਰੋਧ ਕਰ ਰਹੇ ਹਨ। ਇਸ ਮਾਮਲੇ ਵਿਚ ਸਿਵਿਲ ਏਵੀਏਸ਼ਨ ਮੰਤਰਾਲੇ ਨੇ ਵੀ ਏਅਰ ਲਾਈਨ ਤੋਂ ਰਿਪੋਰਟ ਮੰਗੀ ਹੈ। ਉਡਾਨ ਮੰਤਰਾਲੇ ਨੇ ਏਅਰਲਾਈਨ ਨੂੰ ਜਲਦੀ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ।