ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ੲ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਚੋਣ ਮੈਦਾਨ ‘ਚ ਉੱਤਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ‘ਚ ਬੰਦ ਹੋ ਗਈ ਤੇ ਇਨ੍ਹਾਂ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ।
ਕਰਨਾਟਕ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਬਣਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਏਜੰਸੀਆਂ ਦੇ ਐਗਜ਼ਿਟ ਪੋਲਜ਼ ਵਿੱਚ ਕਾਂਗਰਸ ਨੂੰ ਅੱਗੇ ਦਿਖਾਇਆ ਗਿਆ ਹੈ ਤੇ ਕਈ ਏਜੰਸੀਆਂ ਨੇ ਸੂਬੇ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਹੋਣ ਕਾਰਨ ਲਟਕਵੀਂ ਵਿਧਾਨ ਸਭਾ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਅਜਿਹੇ ਵਿੱਚ ਸੂਬੇ ਅੰਦਰ ਸਰਕਾਰ ਬਣਾਉਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੀ ਅਗਵਾਈ ਹੇਠਲੀ ਜਨਤਾ ਦਲ (ਐੱਸ) ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ 224 ਮੈਂਬਰੀ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਅਮਨ ਅਮਾਨ ਨੇਪਰੇ ਚੜ੍ਹ ਗਿਆ ਤੇ ਇਸ ਦੌਰਾਨ ਸ਼ਾਮ ਛੇ ਵਜੇ ਤੱਕ 69.71 ਫੀਸਦ ਵੋਟਾਂ ਪਈਆਂ ਹਨ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਮੁੱਖ ਤੌਰ ‘ਤੇ ਹਾਕਮ ਧਿਰ ਭਾਜਪਾ, ਕਾਂਗਰਸ ਤੇ ਜਨਤਾ ਦਲ (ਸੈਕੁਲਰ) ਵਿਚਾਲੇ ਮੁਕਾਬਲਾ ਹੈ।
ਕਾਂਗਰਸ ਦੇ ਨੇਤਾ ਤੇ ਵਰਕਰ ‘ਬੱਬਰ ਸ਼ੇਰ’ ਹਨ: ਰਾਹੁਲ
ਬੰਗਲੂਰੂ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸ਼ਾਨਦਾਰ ਮੁਹਿੰਮ ਚਲਾਉਣ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਰਾਹੁਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ‘ਬੱਬਰ ਸ਼ੇਰ’ ਦੱਸਿਆ ਅਤੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੇ ਰੋਸ਼ਨ ਭਵਿੱਖ ਲਈ ਵੋਟਾਂ ਪਾਉਣ ਲਈ ਆਏ ਸਨ। ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਉਨ੍ਹਾਂ ਟਵੀਟ ਕੀਤਾ, ‘ਮੈਂ ਸ਼ਾਨਦਾਰ ਤੇ ਲੋਕ ਪੱਖੀ ਮੁਹਿੰਮ ਚੰਗੀ ਤਰ੍ਹਾਂ ਚਲਾਉਣ ਲਈ ਕਾਂਗਰਸ ਦੇ ਬੱਬਰ ਸ਼ੇਰ ਵਰਕਰਾਂ ਤੇ ਆਗੂਆਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ। ਅਗਾਂਹਵਧੂ ਭਵਿੱਖ ਲਈ ਵੱਡੀ ਗਿਣਤੀ ‘ਚ ਵੋਟਾਂ ਪਾਉਣ ਲਈ ਆਏ ਕਰਨਾਟਕ ਦੇ ਲੋਕਾਂ ਦਾ ਧੰਨਵਾਦ।’