Breaking News
Home / ਭਾਰਤ / ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਮੋਦੀ

‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਮੋਦੀ

ਸ਼ਹੀਦਾਂ ਦੇ ਸਨਮਾਨ ‘ਚ ਦੇਸ਼ ਭਰ ‘ਚੋਂ 7500 ਕਲਸ਼ਾਂ ‘ਚ ਮਿੱਟੀ ਅਤੇ ਬੂਟੇ ਲਿਆ ਕੇ ਕੌਮੀ ਜੰਗੀ ਯਾਦਗਾਰ ਨੇੜੇ ਵਾਟਿਕਾ ਬਣਾਉਣ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਸ਼ਹੀਦਾਂ ਦੇ ਸਨਮਾਨ ‘ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਆਕਾਸ਼ਵਾਣੀ ‘ਤੇ ਪ੍ਰਸਾਰਿਤ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 103ਵੀਂ ਲੜੀ ‘ਚ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੀ ਯਾਦ ‘ਚ ਪੂਰੇ ਮੁਲਕ ‘ਚ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਪੰਚਾਇਤਾਂ ‘ਚ ਵਿਸ਼ੇਸ਼ ਪੱਟੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਤਹਿਤ ਦੇਸ਼ ਭਰ ‘ਚ ਅੰਮ੍ਰਿਤ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ 7500 ਕਲਸ਼ਾਂ ‘ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ। ਯਾਤਰਾ ਦੌਰਾਨ ਬੂਟੇ ਵੀ ਲਿਆਂਦੇ ਜਾਣਗੇ ਅਤੇ ਕੌਮੀ ਜੰਗੀ ਯਾਦਗਾਰ ਨੇੜੇ ‘ਅੰਮ੍ਰਿਤ ਵਾਟਿਕਾ’ ਬਣਾਈ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਵਾਟਿਕਾ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦਾ ਵੀ ਬਹੁਤ ਸ਼ਾਨਦਾਰ ਪ੍ਰਤੀਕ ਬਣੇਗੀ।
ਉਨ੍ਹਾਂ ਦੇਸ਼ਵਾਸੀਆਂ ਨੂੰ ਮੁਲਕ ਦੀ ਪਵਿੱਤਰ ਮਿੱਟੀ ਹੱਥ ‘ਚ ਲੈ ਕੇ ਹਲਫ਼ ਲੈਂਦਿਆਂ ਆਪਣੀ ਸੈਲਫੀ ਵੈੱਬਸਾਈਟ ‘ਯੁਵਾ ਡਾਟ ਗਾਓਂ ਡਾਟ ਇਨ’ ‘ਤੇ ਅਪਲੋਡ ਕਰਨ ਦੀ ਵੀ ਅਪੀਲ ਕੀਤੀ ਹੈ।
ਮੋਦੀ ਨੇ ਪਿਛਲੇ ਸਾਲ ਵਾਂਗ ਇਸ ਵਰ੍ਹੇ ਵੀ ‘ਹਰ ਘਰ ਤਿਰੰਗਾ’ ਮੁਹਿੰਮ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਮੁਸਲਿਮ ਮਹਿਲਾਵਾਂ ਵੱਲੋਂ ‘ਮਹਿਰਮ’ (ਪੁਰਸ਼ ਸਾਥੀ) ਤੋਂ ਬਿਨਾਂ ਹੱਜ ਯਾਤਰਾ ਨੂੰ ਵੱਡਾ ਬਦਲਾਅ ਕਰਾਰ ਦਿੰਦਿਆਂ ਇਸ ਦਾ ਸਿਹਰਾ ਹੱਜ ਨੀਤੀ ‘ਚ ਕੀਤੇ ਗਏ ਬਦਲਾਅ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਸਾਉਣ ਮਹੀਨੇ ਦੇ ਧਾਰਮਿਕ ਮਹੱਤਵ ਅਤੇ ਅਮਰਨਾਥ ਗੁਫ਼ਾ ਮੰਦਰ ਦੀ ਯਾਤਰਾ ਕਰਨ ਵਾਲੇ ਦੋ ਅਮਰੀਕੀ ਨਾਗਰਿਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਾਰਤ ਦੀ ਖਾਸੀਅਤ ਹੈ ਕਿ ਉਹ ਸਾਰਿਆਂ ਨੂੰ ਅਪਣਾ ਲੈਂਦਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਮੋਹਲੇਧਾਰ ਮੀਂਹ ਮਗਰੋਂ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਤੇ ਹੋਰ ਕੁਦਰਤੀ ਆਫ਼ਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਭਾਰੀ ਨੁਕਸਾਨ ਹੋਇਆ ਹੈ। ਮੋਦੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦਰਮਿਆਨ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਤਾਕਤ ਸਭ ਦੇ ਸਾਹਮਣੇ ਆ ਗਈ ਹੈ। ਨਸ਼ਿਆਂ ਦੀ ਵਰਤੋਂ ਖਿਲਾਫ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ‘ਚ ਨੌਜਵਾਨਾਂ ਦੀ ਵਧ ਰਹੀ ਹਿੱਸੇਦਾਰੀ ਉਤਸ਼ਾਹਿਤ ਕਰਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਜੇਕਰ 15 ਅਗਸਤ, 2020 ‘ਚ ਨਸ਼ਾ ਮੁਕਤ ਭਾਰਤ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਲੋਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ 12 ਹਜ਼ਾਰ ਕਰੋੜ ਰੁਪਏ ਮੁੱਲ ਦਾ 10 ਲੱਖ ਕਿਲੋਗ੍ਰਾਮ ਨਸ਼ਾ ਨਸ਼ਟ ਕਰਕੇ ਨਿਵੇਕਲਾ ਰਿਕਾਰਡ ਕਾਇਮ ਕੀਤਾ ਹੈ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …