ਸਪਾ ਤੇ ‘ਆਪ’ ਨੇ ਮਾਮਲਾ ਲਿਆਂਦਾ ਸਾਹਮਣੇ, ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਮੰਗੀ ਜਾਂਚ1
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਮ ਮੰਦਰ ਟਰੱਸਟ ਵੱਲੋਂ ਖ਼ਰੀਦੀ ਜ਼ਮੀਨ ਦੇ ਮੁੱਦੇ ਉਤੇ ਵਿਵਾਦ ਉੱਭਰਨ ਤੋਂ ਬਾਅਦ ਕਾਂਗਰਸ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਨੋਟਿਸ ਲਏ ਅਤੇ ਆਪਣੀ ਨਿਗਰਾਨੀ ਹੇਠ ਜਾਂਚ ਕਰਵਾਏ। ਕਾਂਗਰਸ ਨੇ ਕਿਹਾ ਹੈ ਕਿ ਇਹ ਕਰੋੜਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਦੱਸਣਯੋਗ ਹੈ ਕਿ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਉਤੇ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਮੰਦਰ ਲਈ ਉਹ ਜ਼ਮੀਨ 18.5 ਕਰੋੜ ਰੁਪਏ ਵਿਚ ਖ਼ਰੀਦੀ ਜੋ ਪਹਿਲਾਂ ਦੋ ਕਰੋੜ ਰੁਪਏ ਵਿਚ ਲਈ ਗਈ ਸੀ। ਪਰ ਟਰੱਸਟ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਪਹਿਲੀ ਖ਼ਰੀਦ ਲਈ ਸਟੈਂਪ ਪੇਪਰ ਸ਼ਾਮ 5.11 ਉਤੇ ਲਏ ਗਏ ਤੇ ਦੂਜੀ ਖ਼ਰੀਦ ਲਈ 5.22 ਉਤੇ ਲਏ ਗਏ। ਐਨੇ ਸਮੇਂ ਵਿਚ ਹੀ ਜ਼ਮੀਨ ਦਾ ਭਾਅ ਕਈ ਗੁਣਾ ਵਧ ਗਿਆ। ਸੰਜੈ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਈਡੀ ਕੋਲ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਇਕ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ‘ਟਰੱਸਟ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਬਣਿਆ ਸੀ ਤੇ ਹੁਣ ਅਦਾਲਤ ਨੂੰ ਖ਼ੁਦ ਹੀ ਇਸ ਮਾਮਲੇ ਦਾ ਨੋਟਿਸ ਲੈ ਕੇ ਜਾਂਚ ਕਰਵਾਉਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਅਦਾਲਤ ਨੂੰ ਸਾਰੇ ਖਾਤਿਆਂ ਦਾ ਆਡਿਟ ਕਰਵਾਉਣਾ ਚਾਹੀਦਾ ਹੈ ਤੇ ਜ਼ਮੀਨ ਦੀ ਖ਼ਰੀਦ ਸਣੇ ਸਾਰੀ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਹੈ। ਕਾਂਗਰਸ ਆਗੂ ਨੇ ਨਾਲ ਹੀ ਕਿਹਾ ਕਿ ਨਿਰਮਾਣ ਕਾਰਜ ਨਹੀਂ ਰੁਕਣਾ ਚਾਹੀਦਾ ਪਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਰੋੜਾਂ ਰਾਮ ਭਗਤਾਂ ਦੀ ਆਸਥਾ ਦਾ ਮਾਮਲਾ ਹੈ। ਪ੍ਰਿਯੰਕਾ ਗਾਂਧੀ ਨੇ ਵੀ ਇਕ ਟਵੀਟ ਵਿਚ ਸੌਦੇ ਨਾਲ ਜੁੜੇ ਲੋਕਾਂ ਉਤੇ ਹੱਲਾ ਬੋਲਦਿਆਂ ਕਿਹਾ ‘ਸ਼ਰਧਾ ਨਾਲ ਰਾਸ਼ੀ ਦੇਣ ਵਾਲਿਆਂ ਦਾ ਇਹ ਨਿਰਾਦਰ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਕਰੋੜਾਂ ਲੋਕਾਂ ਨੇ ਰੱਬ ਦੇ ਨਾਂ ਉਤੇ ਆਪਣੀ ਸ਼ਰਧਾ ਤੇ ਸਮਰਪਣ ਨਾਲ ਰਾਸ਼ੀ ਦਿੱਤੀ ਹੈ ਤੇ ਇਸ ਵਿਚ ਭ੍ਰਿਸ਼ਟਾਚਾਰ ਕਰਨਾ ਪਾਪ ਹੈ।
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਟਰੱਸਟ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਆਸਥਾ ਦੇ ਨਾਂ ਉਤੇ ਇਕੱਠੇ ਕੀਤੇ ਗਏ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਸਪੱਸ਼ਟੀਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰਾਮ ਮੰਦਰ ਨਿਰਮਾਣ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਰਾਊਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ‘ਆਪ’ ਆਗੂ ਸੰਜੈ ਸਿੰਘ ਨਾਲ ਗੱਲਬਾਤ ਹੋਈ ਹੈ ਤੇ ‘ਜਿਹੜੇ ਸਬੂਤ ਉਨ੍ਹਾਂ ਦਿੱਤੇ ਹਨ ਉਹ ਹੈਰਾਨ ਕਰਨ ਵਾਲੇ ਹਨ।’ ਰਾਊਤ ਨੇ ਕਿਹਾ ਕਿ ਭਗਵਾਨ ਰਾਮ ਤੇ ਰਾਮ ਮੰਦਰ ਲਈ ਲੜਾਈ ਸਾਡੇ ਲਈ ਸ਼ਰਧਾ ਦਾ ਮਾਮਲਾ ਹੈ। ਕੁਝ ਲੋਕਾਂ ਲਈ, ਇਹ ਸਿਆਸੀ ਮੁੱਦਾ ਹੈ। ਉਨ੍ਹਾਂ ਕਿਹਾ ਮੰਦਰ ਦੇ ‘ਭੂਮੀਪੂਜਨ’ ਵਿਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਹਾਜ਼ਰ ਸਨ। ਉਨ੍ਹਾਂ ਨੂੰ ਵੀ ਇਸ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ।
ਮਿੰਟਾਂ ‘ਚ ਜ਼ਮੀਨ ਦਾ ਭਾਅ ਕਈ ਗੁਣਾ ਕਿਵੇਂ ਵਧ ਗਿਆ?
ਅਯੁੱਧਿਆ: ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਤੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਕਿਹਾ ਕਿ ‘ਜ਼ਮੀਨ ਦਾ ਇਕ ਟੁਕੜਾ ਦੋ ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਤੇ ਟਰੱਸਟੀ ਗਵਾਹ ਸਨ। ਕੀ ਜ਼ਮੀਨ ‘ਚੋਂ ਸੋਨਾ ਨਿਕਲਣਾ ਸ਼ੁਰੂ ਹੋ ਗਿਆ ਜੋ ਕੁਝ ਮਿੰਟਾਂ ਬਾਅਦ ਹੀ ਇਹ 18.5 ਕਰੋੜ ਰੁਪਏ ਵਿਚ ਖ਼ਰੀਦੀ ਗਈ?’
ਮੰਦਰ ਨਿਰਮਾਣ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ : ਭਾਜਪਾ
ਨਵੀਂ ਦਿੱਲੀ : ਭਾਜਪਾ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਮੰਦਰ ਨਿਰਮਾਣ ਨੂੰ ‘ਬਦਨਾਮ ਕਰਕੇ ਲੀਹ ਤੋਂ ਲਾਹੁਣ’ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਦੇ ਸੂਚਨਾ ਤੇ ਤਕਨੀਕ ਵਿੰਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਕਿ ਜਿਹੜੀਆਂ ਸਿਆਸੀ ਧਿਰਾਂ ਦਹਾਕਿਆਂ ਤੋਂ ਅਦਾਲਤ ਵਿਚ ਰਾਮ ਜਨਮਭੂਮੀ ਬਾਰੇ ਫ਼ੈਸਲੇ ਵਿਚ ਅੜਿੱਕਾ ਪਾ ਰਹੀਆਂ ਹਨ, ਉਨ੍ਹਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਮੰਦਰ ਦੀ ਉਸਾਰੀ ਸੌਖੇ ਢੰਗ ਨਾਲ ਪੂਰੀ ਹੋਣ ਦੇਣ। ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਵੀ ਵਿਰੋਧੀ ਧਿਰ ‘ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਟਰੱਸਟ ਇਸ ਸਾਰੇ ਮਾਮਲੇ ਦਾ ਜਵਾਬ ਦੇਵੇਗਾ।