Breaking News
Home / ਭਾਰਤ / ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ

ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ

ਸਰਕਾਰ ਨੂੰ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਬਾਰੇ ਰਿਪੋਰਟ ਜਨਤਕ ਕਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਲੱਗੇ ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਦੇ ਮਾਮਲੇ ਸਬੰਧੀ ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਧਰਨਾ ਅੱਜ ਸੋਮਵਾਰ ਨੂੰ ਵੀ ਜਾਰੀ ਰਿਹਾ। ਰੋਸ ਧਰਨਾ ਦੇ ਰਹੇ ਸਾਰੇ ਪਹਿਲਵਾਨਾਂ ਨੇ ਸੜਕ ’ਤੇ ਸਾਰੀ ਰਾਤ ਗੁਜ਼ਾਰੀ। ਇਹ ਪਹਿਲਵਾਨ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਬਣਾਈ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰ ਰਹੇ ਹਨ। ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸ਼ਾਖਸ਼ੀ ਮਲਿਕ ਨੇ ਲੋਕਾਂ ਕੋਲੋਂ ਸਮਰਥਨ ਮੰਗਿਆ ਅਤੇ ਜੰਤਰ ਮੰਤਰ ਪਹੁੰਚਣ ਦੀ ਅਪੀਲ ਵੀ ਕੀਤੀ। ਬਜਰੰਗ ਪੂਨੀਆ ਨੇ ਕਿਹਾ ਕਿ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸਾਡੇ ਇਸ ਧਰਨੇ ਵਿਚ ਸਵਾਗਤ ਹੈ। ਚਾਹੇ ਉਹ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਕੋਈ ਹੋਰ ਸਿਆਸੀ ਪਾਰਟੀ ਦੇ ਆਗੂ ਹੋਣ। ਧਿਆਨ ਰਹੇ ਕਿ ਪਿਛਲੇ ਸਮੇਂ ਦੌਰਾਨ ਜਦੋਂ ਇਨ੍ਹਾਂ ਪਹਿਲਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਤਾਂ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਮੰਚ ’ਤੇ ਨਹੀਂ ਆਉਣ ਦਿੱਤਾ ਗਿਆ ਸੀ। ਹੁਣ ਦਿੱਲੀ ਮਹਿਲਾ ਕਮਿਸ਼ਨ ਨੇ ਸੱਤ ਮਹਿਲਾ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਮਾਮਲੇ ’ਚ ਦਿੱਲੀ ਪੁਲਿਸ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ 25 ਅਪਰੈਲ ਤੱਕ ਕਾਰਵਾਈ ਦੇ ਵੇਰਵੇ ਮੰਗੇ ਹਨ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪੁਲਿਸ ਨੇ ਇਸ ਮਾਮਲੇ ’ਚ ਅਜੇ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਹੈ। ਕਮੇਟੀ ਨੇ ਐੱਫਆਈਆਰ ਦਰਜ ਕਰਨ ’ਚ ਦੇਰੀ ਦੇ ਕਾਰਨਾਂ ਅਤੇ ਜ਼ਿੰਮੇਵਾਰ ਅਧਿਕਾਰੀ ਖਿਲਾਫ ਕਾਰਵਾਈ ਦੇ ਵੇਰਵੇ ਮੰਗੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਜਾਰੀ ਹੈ ਪਰ ਇਸ ਮਾਮਲੇ ’ਚ ਅਜੇ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ।

Check Also

ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼

ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …