ਹਰਿਆਣਾ ਦਾ ਬਦਮਾਸ਼ ਰਾਜਸਥਾਨੀ ਬਣ ਬੈਂਕ ਪਹੁੰਚਿਆ, ਸ਼ੱਕ ਹੁੰਦਿਆਂ ਹੋਇਆ ਫਰਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਸਥਿਤ ਬੈਂਕ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਖਾਤਾ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਤਾ ਖੁੱਲ੍ਹਵਾਉਣ ਆਇਆ ਬਦਮਾਸ਼ ਹਰਿਆਣਾ ਦਾ ਸੀ ਪ੍ਰੰਤੂ ਉਹ ਰਾਜਸਥਾਨੀ ਬਣ ਕੇ ਬੈਂਕ ’ਚ ਆਇਆ ਸੀ। ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਦੇ ਬੈਂਕ ਆਉਣ ਦੀ ਭਿਣਕ ਲਗਦਿਆਂ ਹੀ ਬਦਮਾਸ਼ ਬਾਥਰੂਮ ਜਾਣ ਕੇ ਬਹਾਨੇ ਬੈਂਕ ਵਿਚੋਂ ਫਰਾਰ ਹੋ ਗਿਆ। ਪੁਲਿਸ ਨੇ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਗੋਲਡੀ ਬਰਾੜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰ ਮਾਈਂਡ ਹੈ। ਉਸ ਦੀ ਫੋਟੋ ’ਤੇ ਬੈਂਕ ਖਾਤਾ ਖੁਲ੍ਹਵਾਉਣ ਦੇ ਮਕਸਦ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੈਂਕ ਪਹੁੰਚਿਆ ਇਹ ਬਦਮਾਸ ਬੈਂਕ ਮੈਨੇਜਰ ਨੂੰ ਮਿਲਿਆ ਜਦੋਂ ਮੈਨੇਜਰ ਕੇਵਾਈਸੀ ਕਰਨ ਦੇ ਲਈ ਆਧਾਰ ਕਾਰਡ ਮੰਗਿਆ ਤਾਂ ਉਸ ’ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੱਗੀ ਹੋਈ। ਇਹ ਦੇਖ ਕੇ ਬੈਂਕ ਮੈਨੇਜਰ ਨੂੰ ਸ਼ੱਕ ਹੋ ਗਿਆ, ਉਸ ਨੇ ਜੋ ਪੈਨ ਕਾਰਡ ਮੈਨੇਜਰ ਨੂੰ ਦਿੱਤਾ ਸੀ, ਉਸ ’ਤੇ ਕਿਸੇ ਹੋਰ ਵਿਅਕਤੀ ਦੀ ਫੋਟੋ ਸੀ। ਬੈਂਕ ਮੈਨੇਜਰ ਨੇ ਤੁਰੰਤ ਪਠਾਨਕੋਟ ਦੇ ਐਸਐਸਪੀ ਅਰੁਣ ਸੋਨੀ ਨੂੰ ਫੋਨ ਕਰਕੇ ਇਸ ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਪ੍ਰੰਤੂ ਇਸ ਤੋਂ ਬਾਅਦ ਬਦਮਾਸ਼ ਨੂੰ ਕੁੱਝ ਸ਼ੱਕ ਹੋਇਆ ਅਤੇ ਉਹ ਬੈਂਕ ਵਿਚੋਂ ਫਰਾਰ ਹੋ ਗਿਆ।

