ਪਾਕਿ ਫਿਦਾਈਨਾਂ ਦੀ ਪੂਰੀ ਗੱਲਬਾਤ ਹੈ ਇਸ ‘ਚ ਰਿਕਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਬਾਰੇ ਐੱਨਆਈਏ ਜਾਂਚ ਨੂੰ ਉਦੋਂ ਬਲ ਮਿਲਿਆ ਜਦੋਂ ਅਮਰੀਕਾ ਵੱਲੋਂ ਸੌਂਪੇ 1,000 ਸਫ਼ਿਆਂ ਦੇ ਡੋਜ਼ੀਅਰ ਵਿਚ ਇਸ ਹਮਲੇ ‘ਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਹੈਂਡਲਰ ਕਾਸ਼ਿਫ ਜਾਨ ਤੇ ਚਾਰ ਫਿਦਾਈਨਾਂ ਦੀ ਪੂਰੀ ਗੱਲਬਾਤ ਦਾ ਖ਼ੁਲਾਸਾ ਕਰ ਦਿੱਤਾ। 2008 ਵਿਚ ਮੁੰਬਈ ਅੱਤਵਾਦੀ ਹਮਲੇ ਦੌਰਾਨ ਵੀ ਲਸ਼ਕਰ ਦੇ ਆਗੂ ਕਰਾਚੀ ਦੇ ਸੇਫ ਹਾਊਸ ਤੋਂ ਆਪਣੇ ਅੱਤਵਾਦੀਆਂ ਨੂੰ ਹਦਾਇਤਾਂ ਜਾਰੀ ਕਰਦੇ ਰਹੇ ਸਨ ਤੇ ਹੁਣ ਇਸ ਡੋਜ਼ੀਅਰ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਸਾਰੀ ਕਾਰਵਾਈ ਪਾਕਿਸਤਾਨ ਤੋਂ ਹੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਜੈਸ਼-ਏ-ਮੁਹੰਮਦ ਦੇ ਚਾਰ ਫਿਦਾਈਨ ਨਾਸਿਰ ਹੁਸੈਨ (ਪੰਜਾਬ), ਅਬੂ ਬਕਰ (ਗੁਜਰਾਂਵਾਲਾ), ਉਮਰ ਫਾਰੂਕ ਤੇ ਅਬਦੁੱਲ ਕਿਊਮ (ਸਿੰਧ) ਨੇ 80 ਘੰਟੇ ਤੱਕ ਚਲੇ ਇਸ ਮੁਕਾਬਲੇ ਦੌਰਾਨ ਪਾਕਿਸਤਾਨ ਵਿਚ ਸਥਿਤ ਆਪਣੇ ਹੈਂਡਲਰਾਂ ਨਾਲ ਲਗਾਤਾਰ ਗੱਲਬਾਤ ਕੀਤੀ। ਅਮਰੀਕਾ ਵੱਲੋਂ ਦਿੱਤੇ ਦਸਤਾਵੇਜ਼ਾਂ ਵਿਚ ਕਾਸ਼ਿਫ ਜਾਨ ਦੀ ਇਸ ਹਮਲੇ ਦੌਰਾਨ ਆਪਣੇ ਪਾਰਟੀ ਸਾਥੀਆਂ ਨਾਲ ਵੀ ਗੱਲਬਾਤ ਸ਼ਾਮਲ ਹੈ। ਕਾਸ਼ਿਫ ਜਾਨ ਨੇ ਇਸ ਦੌਰਾਨ ਵਾਟਸਐਪ ‘ਤੇ ਚੈਟ ਤੋਂ ਇਲਾਵਾ ਉਸ ਮੋਬਾਈਲ ਦੇ ਫੇਸਬੁੱਕ ਅਕਾਊਂਟ ‘ਤੇ ਗੱਲਬਾਤ ਕੀਤੀ ਜਿਸ ਤੋਂ ਪਾਕਿਸਤਾਨੀ ਫਿਦਾਈਨਾਂ ਨੇ ਪਠਾਨਕੋਟ ਤੋਂ ਗੱਲਬਾਤ ਕੀਤੀ ਸੀ। ਇਨ੍ਹਾਂ ਫਿਦਾਈਨਾਂ ਨੇ ਪਾਕਿਸਤਾਨ ਦੇ ਇਕ ਹੋਰ ਫੇਸਬੁੱਕ ਅਕਾਊਂਟ ‘ਤੇ ਵੀ ਗੱਲਬਾਤ ਕੀਤੀ ਜੋ ਮੁੱਲਾ ਦਾਦੁਉੱਲਾ ਦੇ ਨਾਮ ਹੈ। ਇਨ੍ਹਾਂ ਅਕਾਊਂਟ ਦੀ ਜਾਨ ਵਰਤੋਂ ਕਰ ਰਿਹਾ ਸੀ। ਜਾਨ ਵੱਲੋਂ ਵਰਤੇ ਨੰਬਰ ਪਾਕਿਸਤਾਨੀ ਟੈਲੀਕਾਮ ਕੰਪਨੀਆਂ ਟੈਲੇਨੋਰ ਤੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮਟਿਡ ਇਸਲਾਮਾਬਾਦ ਦੇ ਹਨ। ਇਨ੍ਹਾਂ ਫੇਸਬੁੱਕ ਸਫ਼ਿਆਂ ‘ਤੇ ਜੇਹਾਦੀ ਸਮੱਗਰੀ, ਵੀਡੀਓ ਤੇ ਪਾਕਿਸਤਾਨ ਵੱਲੋਂ ਫੜੇ ਜੈਸ਼ ਦੇ ਅੱਤਵਾਦੀਆਂ ਕਾਰਨ ਸਰਕਾਰ ਵਿਰੁੱਧ ਟਿੱਪਣੀਆਂ ਵੀ ਹਨ। ਸੂਤਰਾਂ ਅਨੁਸਾਰ ਐੱਨਆਈਏ ਨੇ ਇਸ ਲਈ ਅਮਰੀਕਾ ਨੂੰ ਸਮੱਗਰੀ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਸੀ ਤੇ ਉਸ ਨੇ ਪੂਰੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਹਨ। ਵਰਣਨਯੋਗ ਹੈ ਕਿ ਇਹ ਦਸਤਾਵੇਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪਾਕਿਸਤਾਨ ਦੌਰੇ ਤੋਂ ਇਕ ਹਫਤਾ ਪਹਿਲਾਂ ਮੁਹੱਈਆ ਕੀਤੇ ਗਏ ਹਨ।
Check Also
10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਵਾਇਨਾਡ ਲੋਕ ਸਭਾ ਸੀਟ ਲਈ ਪਾਈਆਂ ਗਈਆਂ ਵੋਟਾਂ
ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ …