ਅਧਿਕਾਰੀਆਂ ਨੇ ਰਿਪੋਰਟ ਸੀਲ ਕਰਕੇ ਕੋਰਟ ਕਮਿਸ਼ਨਰ ਨੂੰ ਸੌਂਪੀ
ਸਿਰਸਾ : ਡੇਰਾ ਸਿਰਸਾ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਉੱਤੇ ਚੱਲ ਰਿਹਾ ਸਰਚ ਅਪਰੇਸ਼ਨ ਮੁਕੰਮਲ ਹੋਣ ਨਾਲ ਹੀ ਡੇਰੇ ਅੰਦਰਲਾ ਸੱਚ ਲਿਫਾਫਿਆਂ ਵਿੱਚ ਬੰਦ ਹੋ ਗਿਆ ਹੈ। ਲੋਕ ਸੰਪਰਕ ਵਿਭਾਗ ਹਰਿਆਣਾ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਸਿਰਸਾ ਡੇਰਾ ਵਿੱਚ ਪਿਛਲੇ ਤਿੰਨ ਦਿਨ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ ਦੀ ਨਿਗਰਾਨੀ ਵਿੱਚ ਚੱਲ ਰਿਹਾ ਸਰਚ ਆਪਰੇਸ਼ਨ ਪੂਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੋ ਕੁਝ ਵੀ ਮਿਲਿਆ, ਉਸ ਨੂੰ ਸੀਲ ਕਰਕੇ ਰਿਪੋਰਟ ਜਾਂਚ ਅਧਿਕਾਰੀਆਂ ਨੇ ਕੋਰਟ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਸਰਚ ਆਪਰੇਸ਼ਨ ਦੌਰਾਨ ਡੇਰਾ ਪ੍ਰਬੰਧਕਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਡੇਰੇ ਵਿਚ ਸਕਿਨ ਬੈਂਕ ਅਤੇ ਲਾਸ਼ਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਡੇਰੇ ਵਿਚ ਕਈ ਬੇਨੇਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਆਧਾਰ ਵਿਤੇ ਹੀ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੋਰਟ ਕਮਿਸ਼ਨਰ ਪਵਾਰ ਨੇ ਹਿਸਾਰ ਜ਼ੋਨ ਦੇ ਆਈਜੀ ਅਮਿਤਾਭ ਸਿੰਘ ਢਿੱਲੋਂ, ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਅਤੇ ਐਸ.ਪੀ. ਅਸ਼ਵਿਨ ਸ਼ੈਣਵੀ ਨਾਲ ਡੇਰੇ ਅਤੇ ਜਾਂਚ ਟੀਮ ਵੱਲੋਂ ਸੀਲ ਕੀਤੇ ਕਮਰਿਆਂ ਤੇ ਸਾਮਾਨ ਦਾ ਨਿਰੀਖਣ ਕੀਤਾ।
‘ਸਿਆਸੀ ਪਾਰਟੀਆਂ ਬਾਬਿਆਂ ਦੇ ਮਗਰ ਨਾ ਲੱਗਣ’
ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਦਲਿਤਾਂ ਨੂੰ ਕਿਹਾ ਕਿ ਉਹ ਡੇਰਾ ਸਿਰਸਾ ਮੁਖੀ ਵਰਗੇ ਸਾਧਾਂ ਦੀ ਹਮਾਇਤ ਕਰਨ ਦੀ ਬਜਾਏ ਅੰਬੇਦਕਰ ਦੀ ਵਿਚਾਰਧਾਰਾ ਅਪਨਾਉਣ। ਉੱਘੇ ਦਲਿਤ ਆਗੂ ਇਸ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਸਲਾਹ ਦਿੱਤੀ ਕਿ ਉਹ ਹਕੀਕਤ ਜਾਣਨ ਮਗਰੋਂ ਰਾਮ ਰਹੀਮ ਵਰਗੇ ਬਾਬਿਆਂ ਦੇ ਮਗਰ ਨਾ ਲੱਗਣ।
ਗੁਫਾ ਵਿੱਚ ਗੁਪਤ ਰਸਤਾ, ਜੋ ਜਾਂਦਾ ਹੈ ਸਾਧਵੀਆਂ ਦੇ ਨਿਵਾਸ ਤੱਕ
ਡੇਰੇ ‘ਚ ਮਿਲੀ ਪਟਾਖ਼ਿਆਂ ਦੀ ਫੈਕਟਰੀ, ਅੱਯਾਸ਼ੀ ਦਾ ਸਾਮਾਨ ਅਤੇ ਸਬੂਤ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼
ਸਿਰਸਾ/ਬਿਊਰੋ ਨਿਊਜ਼ : ਡੇਰੇ ਦੀ ਤਲਾਸ਼ੀ ਦੌਰਾਨ ਜਾਂਚ ਟੀਮ ਨੂੰ ਅੰਦਰੋਂ ਹੈਰਾਨੀਜਨਕ ਚੀਜ਼ਾਂ ਮਿਲ ਰਹੀਆਂ ਹਨ। ਸਰਕਾਰੀ ਤਲਾਸ਼ੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਨੇ ਆਪਣੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ ਤਾਂ ਜੋ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। ਡੇਰੇ ਦੀ ਤਲਾਸ਼ੀ ਦੌਰਾਨ ਕੈਟਲ ਫੀਡ ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਪਟਾਖੇ ਮਿਲੇ ਹਨ ਜੋ 81 ਬਕਸਿਆਂ ਵਿੱਚ ਭਰੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪਟਾਖਿਆਂ ਦੀ ਮਾਤਰਾ ਇੰਨੀ ਹੈ ਕਿ ਪੰਜ ਕੈਂਟਰ ਭਰੇ ਜਾ ਸਕਦੇ ਹਨ। ਪਟਾਖਿਆਂ ਨੂੰ ਬਣਾਉਣ ਲਈ ਵਰਤਿਆ ਜਾਣ ਵਾਲਾ ਰਸਾਇਣ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਕਿਉਂਕਿ ਪਟਾਖੇ ਰੱਖਣ ਦਾ ਲਾਇਸੈਂਸ ਪੁਲਿਸ ਨੂੰ ਨਹੀਂ ਮਿਲਿਆ।
ਪਟਾਖਾ ਫੈਕਟਰੀ ਦੇ ਮਾਲਿਕ ਦਾ ਪਤਾ ਕਰਕੇ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਗੁੰਮਨਾਮ ਸਾਧਵੀ ਵੱਲੋਂ ਲਿਖੀ ਚਿੱਠੀ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਸਨ, ਉਹ ਸੱਚ ਹਨ। ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਜੱਜ (ਸੇਵਾਮੁਕਤ) ਅਨਿਲ ਕੁਮਾਰ ਸਿੰਘ ਪੁਆਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਅਪਰੇਸ਼ਨ ਦੇ ਦੂਜੇ ਦਿਨ ਡੇਰੇ ਵਿੱਚ ਬਣੀ ਗੁਫਾ ਵਿੱਚ ਗੁਪਤ ਰਸਤਾ ਮਿਲਿਆ ਜੋ ਸਾਧਵੀਆਂ ਦੇ ਨਿਵਾਸ ਤਕ ਜਾਂਦਾ ਸੀ। ਇਹ ਰਸਤਾ ਇਕ ਅਲਮਾਰੀ ਹੀ ਦਿਖਾਈ ਦਿੰਦਾ ਸੀ ਪਰ ਜਦੋਂ ਇਸ ਅਲਮਾਰੀ ਨੂੰ ਖੋਲ੍ਹਿਆ ਗਿਆ ਤਾਂ ਜਾਂਚ ਟੀਮ ਦੇ ਅਧਿਕਾਰੀ ਹੈਰਾਨ ਰਹਿ ਗਏ ਕਿ ਇਹ ਰਸਤਾ ਸਿੱਧਾ ਸਾਧਵੀਆਂ ਦੇ ਨਿਵਾਸ ਤੱਕ ਜਾਂਦਾ ਸੀ। ਇਸ ਦਾ ਖ਼ੁਲਾਸਾ ਕਰਦਿਅ: ਹਰਿਆਣਾ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਡੇਰੇ ਅੰਦਰੋਂ ਏਕੇ-47 ਰਾਈਫਲ ਦਾ ਇਕ ਖਾਲੀ ਮੈਗਜ਼ੀਨ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਡੇਰੇ ਦੀ ਗੁਫਾ ਦੀ ਤੀਜੀ ਮੰਜ਼ਿਲ ‘ਤੇ ਫਾਈਬਰ ਦੀ ਗੁਫਾਨੁਮਾ ਚੀਜ਼ ਮਿਲੀ ਹੈ ਜਿਸ ਉਪਰ ਤਾਜ਼ਾ ਮਿੱਟੀ ਪਾਈ ਗਈ ਹੈ ਅਤੇ ਜਾਂਚ ਟੀਮ ਦੇ ਅਧਿਕਾਰੀ ਉਸ ਦੀ ਜਾਂਚ ਵਿੱਚ ਜੁਟੇ ਹੋਏ ਹਨ। ਗਰਲਜ਼ ਹੋਸਟਲ ਦੀ ਡੇਰਾ ਪ੍ਰਬੰਧਕ ਪਹਿਲਾਂ ਹੀ ਲੈ ਚੁੱਕੇ ਸਨ ਤਲਾਸ਼ੀ: ਡੇਰੇ ਦੇ ਗਰਲਜ਼ ਹੋਸਟਲ ਵਿੱਚੋਂ ਜਾਂਚ ਟੀਮ ਨੂੰ ਸੜੇ ਹੋਏ ਕਾਗਜ਼ ਅਤੇ ਹਾਰਡ ਡਿਸਕਾਂ ਮਿਲੀਆਂ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਤੋਂ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਨੇ ਤਲਾਸ਼ੀ ਮੁਹਿੰਮ ਚਲਾ ਲਈ ਸੀ। ਸਭ ਕੁਝ ਸਾਫ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਲਾਸ਼ੀ ਲਈ ਸੱਦਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਗਰਲਜ਼ ਹੋਸਟਲ ਦੇ ਜ਼ਿਆਦਾਤਰ ਕਮਰਿਆਂ ਦੇ ਤਾਲੇ ਪਹਿਲਾਂ ਹੀ ਟੁੱਟੇ ਹੋਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਡੇਰਾ ਪ੍ਰਬੰਧਕਾਂ ਨੇ ਇਨ੍ਹਾਂ ਕਮਰਿਆਂ ਵਿੱਚੋਂ ਇਤਰਾਜ਼ਯੋਗ ਸਮੱਗਰੀ ਪਹਿਲਾਂ ਹੀ ਆਸੇ-ਪਾਸੇ ਕਰ ਦਿੱਤੀ ਸੀ।
ਡੇਰਾ ਮੁਖੀ ਦੇ ਨਿਵਾਸ ਤੋਂ ਮਿਲੇ ਮਹਿੰਗੇ ਕੱਪੜੇ ਤੇ ਜੁੱਤੇ
ਤਲਾਸ਼ੀ ਦੌਰਾਨ ਜਾਂਚ ਟੀਮ ਨੂੰ ਵੱਡੀ ਮਾਤਰਾ ਵਿੱਚ ਮਹਿੰਗੇ ਕੱਪੜੇ ਅਤੇ ਜੁੱਤੇ ਮਿਲੇ ਹਨ। ਜਾਣਕਾਰੀ ਅਨੁਸਾਰ ਡੇਰਾ ਦੀ ਗੁਫਾ ਵਿੱਚੋਂ 3000 ਮਹਿੰਗੇ ਅਤੇ ਡਿਜ਼ਾਇਨਰ ਕੱਪੜੇ ਅਤੇ 1500 ਦੇ ਕਰੀਬ ਮਹਿੰਗੇ ਬੂਟ ਵੀ ਮਿਲੇ ਹਨ।
ਹਨੀਪ੍ਰੀਤ ਦੀ ਨੇਪਾਲ ਸਰਹੱਦ ਨਾਲ ਲੱਗਦੇ ਥਾਣਿਆਂ ‘ਚ ਲੱਗੀ ਫੋਟੋ
ਲਖਨਊ : ਰਾਮ ਰਹੀਮ ਦੀ ਅਖੌਤੀ ਫ਼ਰਾਰ ਧੀ ਹਨਪ੍ਰੀਤ ਦੀ ਫ਼ੋਟੋ ਨੇਪਾਲ ਸਰਹੱਦ ਨਾਲ ਲਗਦੇ ਥਾਣਿਆਂ ਵਿਚ ਲਾ ਦਿਤੀ ਗਈ ਹੈ। ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਤਾਂ ਕਿ ਉਹ ਗੁਆਂਢੀ ਦੇਸ਼ ਨੇਪਾਲ ਵਿਚ ਨਾ ਜਾ ਸਕੇ। ਸਿਧਾਰਥ ਨਗਰ ਦੇ ਪੁਲਿਸ ਕਮਿਸ਼ਨਰ ਸਤੇਂਦਰ ਕੁਮਾਰ ਨੇ ਦਸਿਆ ਕਿ ਨੇਪਾਲ ਦੀ ਸਰਹੱਦ ਨਾਲ ਲਗਦੇ ਕਈ ਥਾਣਿਆਂ ਨੂੰ ਚੌਕਸ ਕਰ ਦਿਤਾ ਗਿਆ ਹੈ ਅਤੇ ਥਾਣਿਆਂ ਵਿਚ ਹਨੀਪ੍ਰੀਤ ਦੀ ਫ਼ੋਟੋ ਲਾ ਦਿਤੀ ਗਈ ਹੈ। ਖ਼ੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਇਸ ਕੰਮ ਵਿਚ ਲਾਇਆ ਗਿਆ ਹੈ ਅਤੇ ਖ਼ਾਸਕਰ 30 ਤੋਂ 35 ਸਾਲ ਦੀਆਂ ਮਾਡਰਨ ਔਰਤਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਜਿਹੜੀਆਂ ਨੇਪਾਲ ਵਲ ਜਾਣਾ ਚਾਹੁੰਦੀਆਂ ਹੋਣ।
ਡੇਰਾ ਸਿਰਸਾ ਪ੍ਰੇਮੀ ਹੁਣ ਜੇਲ੍ਹਾਂ ‘ਚ ਕਰਨ ਲੱਗੇ ਨਾਮ ਚਰਚਾ
ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਹਨ 260 ਡੇਰਾ ਪ੍ਰੇਮੀ
ਬਠਿੰਡਾ : ਡੇਰਾ ਪ੍ਰੇਮੀ ਹੁਣ ਜੇਲ੍ਹਾਂ ਵਿੱਚ ਨਾਮ ਚਰਚਾ ਕਰਨ ਲੱਗੇ ਹਨ ਜਦੋਂਕਿ ਨਾਮ ਚਰਚਾ ਘਰਾਂ ਵਿੱਚ ਸਤਿਸੰਗ ਪ੍ਰੋਗਰਾਮ ਬੰਦ ਹੋ ਗਏ ਹਨ। ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਹਰ ਐਤਵਾਰ ਨੂੰ ਆਪੋ-ਆਪਣੇ ਬਲਾਕ ਦੇ ਨਾਮ ਚਰਚਾ ਘਰਾਂ ਵਿੱਚ ਸਤਿਸੰਗ ਕੀਤਾ ਜਾਂਦਾ ਰਿਹਾ ਹੈ ਪਰ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਬਣੇ ਮਾਹੌਲ ਨੇ ਡੇਰਾ ਪ੍ਰੇਮੀਆਂ ਦੇ ਰੰਗ ਵਿੱਚ ਭੰਗ ਪਾ ਦਿੱਤਾ ਹੈ। ਭਾਵੇਂ ਹੁਣ ਬਾਹਰਲੇ ਨਾਮ ਚਰਚਾ ਘਰਾਂ ਵਿੱਚ ਐਤਵਾਰੀ ਨਾਮ ਚਰਚਾ ‘ਤੇ ਡੇਰਾ ਪ੍ਰੇਮੀ ਜੁੜਨੇ ਬੰਦ ਹੋ ਗਏ ਹਨ ਪਰ ਜੇਲ੍ਹਾਂ ਵਿੱਚ ਡੇਰਾ ਪ੍ਰੇਮੀ ਹਰ ਐਤਵਾਰ ਨੂੰ ਨਾਮ ਚਰਚਾ ਕਰਦੇ ਹਨ। ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਕਰਨ ਵਾਲੇ ਲੋਕਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਵੇਲੇ 260 ਡੇਰਾ ਪ੍ਰੇਮੀ ਬੰਦ ਹਨ, ਜਿਨ੍ਹਾਂ ‘ਤੇ 25 ਅਗਸਤ ਨੂੰ ਅੱਗਾਂ ਲਾਉਣ ਤੇ ਭੰਨ ਤੋੜ ਕਰਨ ਦੇ ਕੇਸ ਦਰਜ ਹਨ। ਕਾਫ਼ੀ ਪ੍ਰੇਮੀ ਧਾਰਾ 107, 151 ਤਹਿਤ ਜੇਲ੍ਹਾਂ ਵਿੱਚ ਬੰਦ ਹਨ। ਬਠਿੰਡਾ ਜੇਲ੍ਹ ਵਿੱਚ 55 ਡੇਰਾ ਪ੍ਰੇਮੀ ਹਨ। ਸੂਤਰਾਂ ਅਨੁਸਾਰ ਡੇਰਾ ਪੈਰੋਕਾਰ ਐਤਵਾਰ ਨੂੰ ਬੈਰਕਾਂ ਵਿੱਚ ਇਕੱਠੇ ਹੋ ਕੇ ਸਤਿਸੰਗ ਕਰਦੇ ਹਨ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲੰਘੇ ਦਿਨ ਹੀ ਚਾਰਜ ਸੰਭਾਲਿਆ ਹੈ ਅਤੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਮਾਨਸਾ ਜੇਲ੍ਹ ਵਿੱਚ 70 ਡੇਰਾ ਪ੍ਰੇਮੀ ਹਨ। ਇਹ ਡੇਰਾ ਪ੍ਰੇਮੀ ਹਰ ਐਤਵਾਰ ਨੂੰ ਸਤਿਸੰਗ ਕਰਦੇ ਹਨ। ਵੇਰਵਿਆਂ ਅਨੁਸਾਰ ਮੁਕਤਸਰ ਜੇਲ੍ਹ ਵਿੱਚ ਦੋ ਦਰਜਨ ਦੇ ਕਰੀਬ ਡੇਰਾ ਪ੍ਰੇਮੀ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਕਿਹਾ ਕਿ ਨਾਮ ਚਰਚਾ ਬਾਰੇ ਕੁਝ ਧਿਆਨ ਵਿਚ ਨਹੀਂ ਆਇਆ। ਜੇ ਕੋਈ ਨਿਯਮਾਂ ਵਿਚ ਰਹਿ ਕੇ ਸਤਸੰਗ ਕਰਦਾ ਹੈ ਤਾਂ ਉਨ੍ਹਾਂ ਵੱਲੋਂ ਕੋਈ ਰੋਕ ਨਹੀਂ ਹੈ। ਸੰਗਰੂਰ ਜੇਲ੍ਹ ਵਿੱਚ 75 ਡੇਰਾ ਪ੍ਰੇਮੀ ਬੰਦ ਹਨ। ਇਹ ਡੇਰਾ ਸਿਰਸਾ ਦੇ ਨਾਮ ਦਾ ਜਾਪ ਕਰਦੇ ਹਨ। ਇਸੇ ਤਰ੍ਹਾਂ ਪਟਿਆਲਾ, ਫਾਜ਼ਿਲਕਾ ਤੇ ਬਰਨਾਲਾ ਦੀਆਂ ਜੇਲ੍ਹ ਵਿੱਚ ਵੀ ਡੇਰਾ ਪ੍ਰੇਮੀ ਬੰਦ ਹਨ। ਦੂਜੇ ਪਾਸੇ ਬਠਿੰਡਾ ਤੇ ਮਾਨਸਾ ਦੇ ਨਾਮ ਚਰਚਾ ਘਰ ਬੰਦ ਪਏ ਹਨ, ਜਿੱਥੇ ਕੋਈ ਸਤਿਸੰਗ ਨਹੀਂ ਹੁੰਦਾ। ਬਠਿੰਡਾ ਜ਼ੋਨ ਵਿੱਚ ਡੇਰਾ ਪ੍ਰੇਮੀਆਂ ‘ਤੇ 32 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਮੈਂ ਡੇਰੇ ਜਾਂਦਾ ਰਹਾਂਗਾ : ਅਨਿਲ ਵਿੱਜ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੀ ਭਾਜਪਾ ਸਰਕਾਰ ਵਿਚ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਡੇਰਾ ਸਿਰਸਾ ਜਾਂਦੇ ਰਹਿਣਗੇ ਤੇ ਉਹ ਕੋਈ ਗੈਰ ਕਾਨੂੰਨੀ ਸਥਾਨ ਨਹੀਂ ਹੈ। ਇਸੇ ਦੌਰਾਨ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਡੇਰਾ ਸੱਚਾ ਸੌਦਾ ਹੈੱਡ ਕੁਆਟਰ ਵਿਚ ਚੱਲ ਰਹੀ ਤਲਾਸ਼ੀ ਮੁਹਿੰਮ ‘ਤੇ ਕਿਹਾ ਕਿ ਡੇਰੇ ਵਿਚੋਂ ਬਿਨਾ ਬਰਾਂਡ ਤੇ ਲੇਬਲ ਦੇ ਫਾਰਮੇਸੀ ਦਵਾਈਆਂ ਬਰਾਮਦ ਹੋਈਆਂ ਹਨ ਤੇ ਓ.ਬੀ. ਵੈਨ, ਲੈਕਸਸ ਕਾਰ ਬਿਨਾਂ ਨੰਬਰ ਦੇ ਬਰਾਮਦ ਕੀਤੀ ਗਈ ਹੈ।