Breaking News
Home / ਭਾਰਤ / ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਡੇਰਾ ਸਿਰਸਾ ‘ਤੇ ਲਗਾਏ ਦੋਸ਼

ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਡੇਰਾ ਸਿਰਸਾ ‘ਤੇ ਲਗਾਏ ਦੋਸ਼

ਕੌਡੀਆਂ ਦੇ ਭਾਅ ਜ਼ਮੀਨ ਖਰੀਦਦਾ ਸੀ ਰਾਮ ਰਹੀਮ
ਸਿਰਸਾ/ਬਿਊਰੋ ਨਿਊਜ਼ : ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਮਗਰੋਂ ਡੇਰੇ ਦੇ ਨਵੇਂ ਤੋਂ ਨਵੇਂ ਕਾਰਨਾਮਿਆਂ ਦੇ ਖ਼ੁਲਾਸੇ ਹੋ ਰਹੇ ਹਨ। ਡੇਰੇ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਜਬਰੀ ਵੇਚਣ ਲਈ ਮਜਬੂਰ ਕੀਤਾ। ਸਿਰਸਾ ਡੇਰੇ ਦੇ ਦੋ ਪਾਸਿਆਂ ‘ਤੇ ਪੈਂਦੇ ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਾਜ਼ਾਰੀ ਮੁੱਲ ਤੋਂ ਕਿਤੇ ਘੱਟ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖ਼ਰੀਦੀ ਗਈ ਸੀ। ਇਕ ਮੋਟੇ ਅੰਦਾਜ਼ੇ ਮੁਤਾਬਕ ਡੇਰੇ ਕੋਲ ਸਿਰਸਾ ਵਿਚ ਕਰੀਬ 975 ਏਕੜ ਜ਼ਮੀਨ ਹੈ ਜੋ ਮਾਲੀਆ ਰਿਕਾਰਡ ਮੁਤਾਬਕ ਬੇਗੂ ਅਤੇ ਨੇਜੀਆ ਪਿੰਡਾਂ ਦੇ ਨਾਂ ਬੋਲਦੀ ਹੈ। ਇਸ ਜ਼ਮੀਨ ਦਾ ਅੰਦਾਜ਼ਨ ਮੁੱਲ 1500 ਕਰੋੜ ਰੁਪਏ ਬਣਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ 1995 ਤੋਂ 2000 ਦੌਰਾਨ 50 ਤੋਂ ਵਧ ਕਿਸਾਨਾਂ ਨੇ ਆਪਣੀ ਖੇਤੀ ਵਾਲੀ ਜ਼ਮੀਨ ਡੇਰੇ ਵੱਲੋਂ ਅਪਣਾਏ ਹੱਥਕੰਡਿਆਂ ਕਾਰਨ ਉਨ੍ਹਾਂ ਦੇ ਨਾਮ ਕਰ ਦਿੱਤੀ ਸੀ। ਪਿੰਡ ਬੇਗੂ ਦੇ ਇਕ ਵਸਨੀਕ ਨੇ ਦੱਸਿਆ,”ਜਦੋਂ ਹਜ਼ਾਰਾਂ ਸ਼ਰਧਾਲੂ ਕਿਸੇ ਦੇ ਖੇਤਾਂ ਵਿਚ ਸਵੇਰੇ ਹਾਜਤ ਲਈ ਆ ਜਾਣ ਜਾਂ ਸੈਂਕੜੇ ਜੀਪਾਂ ਤੇ ਕੈਂਟਰ ਫ਼ਸਲ ਵਿਚ ਖੜ੍ਹੇ ਕਰ ਦਿੱਤੇ ਜਾਣ ਤਾਂ ਕੋਈ ਕੀ ਕਰ ਸਕਦਾ ਹੈ? ਡੇਰਾ ਪਹਿਲਾਂ ਜ਼ਮੀਨ ਦੀ ਪਛਾਣ ਕਰਦਾ ਸੀ ਅਤੇ ਫਿਰ ਨਾਮ ਚਰਚਾ ਵੇਲੇ ਸ਼ਰਧਾਲੂਆਂ ਨੂੰ ਆਖਿਆ ਜਾਂਦਾ ਸੀ ਕਿ ਉਹ ਇਸ ਖਾਸ ਖੇਤ ਵਿਚ ਹਾਜਤ ਲਈ ਜਾਣ। ਜਦੋਂ ਪੁਲਿਸ ਅਤੇ ਸਿਆਸੀ ਆਗੂਆਂ ਤੋਂ ਕੋਈ ਰਾਹਤ ਨਹੀਂ ਮਿਲਦੀ ਸੀ ਤਾਂ ਪ੍ਰਭਾਵਿਤ ਪਰਿਵਾਰ ਡੇਰੇ ਕੋਲ ਪਹੁੰਚ ਕਰਦੇ ਸਨ ਜਿਥੇ ਆਖਿਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੂੰ ਸ਼ਰਧਾਲੂਆਂ ਤੋਂ ਕੋਈ ਪਰੇਸ਼ਾਨੀ ਹੈ ਤਾਂ ਡੇਰਾ ਉਨ੍ਹਾਂ ਦੀ ਜ਼ਮੀਨ ਖ਼ਰੀਦਣ ਲਈ ਤਿਆਰ ਹੈ।” ਜ਼ਮੀਨ ਮਾਲਕ ਤੰਗ ਆ ਕੇ ਆਪਣੇ ਖੇਤ ਕੌਡੀਆਂ ਦੇ ਭਾਅ ਵੇਚ ਦਿੰਦੇ ਸਨ। ਸਿਰਸਾ ਜ਼ਿਲ੍ਹਾ ਅਦਾਲਤ ਵਿਚ ਸੀਨੀਅਰ ਵਕੀਲ ਲੇਖਰਾਜ ਢੋਟ ਨੇ ਦੱਸਿਆ ਕਿ ਜਦੋਂ ਸ਼ਾਹ ਮਸਤਾਨਾ ਨੇ 1948 ਵਿਚ ਡੇਰਾ ਸਥਾਪਤ ਕੀਤਾ ਸੀ ਤਾਂ ਉਸ ਕੋਲ ਬੇਗੂ ਨੇੜੇ ਮੁਸ਼ਕਲ ਨਾਲ 35 ਤੋਂ 40 ਏਕੜ ਜ਼ਮੀਨ ਸੀ। ਜਦੋਂ 1991 ਵਿਚ ਸ਼ਾਹ ਮਸਤਾਨਾ ਦਾ ਦੇਹਾਂਤ ਹੋਇਆ ਤਾਂ ਡੇਰੇ ਕੋਲ 70 ਏਕੜ ਜ਼ਮੀਨ ਸੀ। ਢੋਟ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੰਘ ਨੇ ਧਾਰਮਿਕ ਡੇਰੇ ਨੂੰ ਕਾਰੋਬਾਰ ਵਿਚ ਤਬਦੀਲ ਕਰ ਦਿੱਤਾ ਅਤੇ 1996 ਤੋਂ 2000 ਦੌਰਾਨ ਡੇਰੇ ਨੇ 750 ਏਕੜ ਤੋਂ ਵਧ ਜ਼ਮੀਨ ਬਣਾ ਲਈ। ਇਸ ਵਕਫ਼ੇ ਦੌਰਾਨ ਡੇਰੇ ਨੇ ਬੇਗੂ ਵਿਚ 612 ਏਕੜ ਅਤੇ ਨੇਜੀਆ ਵਿਚ 144 ਏਕੜ ਜ਼ਮੀਨ ਖ਼ਰੀਦੀ। ਨੇੜਲੇ ਪਿੰਡ ਅਰਨੀਆਵਾਲੀ ਵਿਚ ਵੀ ਅਜਿਹੇ ਹੱਥਕੰਡੇ ਅਪਣਾ ਕੇ ਜ਼ਮੀਨ ਖ਼ਰੀਦੀ ਗਈ। ਸੂਤਰਾਂ ਮੁਤਾਬਕ ਜ਼ਮੀਨ ਪਹਿਲਾਂ ਡੇਰੇ ਦੇ ਸਾਧੂਆਂ ਦੇ ਨਾਮ ਖ਼ਰੀਦੀ ਗਈ ਪਰ ਬਾਅਦ ਵਿਚ ਕੁਝ ਸਾਧਾਂ ਦੇ ਡੇਰਾ ਛੱਡਣ ਕਰਕੇ ਜ਼ਮੀਨ ਤੋਹਫ਼ਿਆਂ (ਗਿਫ਼ਟ ਡੀਡ) ਰਾਹੀਂ ਤਬਦੀਲ ਕਰਵਾ ਲਈ ਗਈ। ਢੋਟ ਨੇ ਜ਼ਮੀਨਾਂ ਦੇ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਉਸ ਕੋਲ ਕਰੀਬ 900 ਏਕੜ ਜ਼ਮੀਨ ਦਾ ਰਿਕਾਰਡ ਹੈ ਅਤੇ ਇਸ ਵਿਚੋਂ ਬੇਗੂ ਤੇ ਨੇਜੀਆ ਪਿੰਡਾਂ ਦੀ 90 ਫ਼ੀਸਦੀ ਜ਼ਮੀਨ ਤੋਹਫ਼ਿਆਂ ਰਾਹੀਂ ਤਬਦੀਲ ਕਰਵਾ ਲਈ ਗਈ ਜੋ ਦੋਵੇਂ ਪਿੰਡਾਂ ਦੇ ਵਸਨੀਕ ਨਹੀਂ ਸਨ। ਸੂਤਰਾਂ ਨੇ ਕਿਹਾ ਕਿ ਡੇਰੇ ਦੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਕਈ ਸੂਬਿਆਂ ਵਿਚ ਜ਼ਮੀਨਾਂ, ਆਸ਼ਰਮ ਅਤੇ ਫਾਰਮ ਹਾਊਸ ਹਨ। ਸੂਤਰ ਨੇ ਕਿਹਾ ਕਿ ਜਿਥੇ ਡੇਰੇ ਵੱਲੋਂ ਜ਼ਮੀਨ ਖ਼ਰੀਦੀ ਜਾਂਦੀ ਹੈ, ਉਥੇ ਉਹ ਇਸ ਨੂੰ ਸ਼ਰਧਾਲੂਆਂ ਵੱਲੋਂ ਤੋਹਫ਼ੇ ਵਿਚ ਦਿੱਤੀ ਗਈ ਜ਼ਮੀਨ ਦਿਖਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਜੋ ਰਜਿਸਟਰੀ ਦੀ ਫੀਸ ਅਦਾਇਗੀ ਤੋਂ ਬਚਿਆ ਜਾ ਸਕੇ।
ਰਾਮ ਰਹੀਮ ਦੀਆਂ ਫਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਨਹੀਂ ਮਿਲਿਆ ਮਿਹਨਤਾਨਾ
ਚੰਡੀਗੜ੍ਹ : ਰਾਮ ਰਹੀਮ ਦੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਡੇਰੇ ਨੇ ਬਿਨਾ ਮਿਹਨਤਾਨਾ ਦਿੱਤੇ ਵਾਪਸ ਘਰ ਜਾਣ ਨੂੰ ਕਹਿ ਦਿੱਤਾ ਹੈ। ਜਿਸ ਤੋਂ ਦੁਖੀ ਕਰੀਬ 170 ਕਲਾਕਾਰਾਂ ਨੇ ਮਿਹਨਤਾਨਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਤੇ ਕਿਰਤ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ ਹੈ। ਇਨ੍ਹਾਂ ਕਲਾਕਾਰਾਂ ਨੇ ਦੱਸਿਆ ਕਿ ਡੇਰੇ ਦੀ ਕੰਪਨੀ ‘ਹਕੀਕਤ ਐਂਟਰਟੇਨਮੈਂਟ’ ਦੇ ਕਹਿਣ ‘ਤੇ ਉਹ ਦੇਸ਼ ਦੇ ਦੂਜੇ ਸੂਬਿਆ ਤੋਂ ਆਪਣਾ ਘਰ ਬਾਰ ਛੱਡ ਡੇਰੇ ਆਏ ਸਨ। ਉਨ੍ਹਾਂ ਨੇ ਡੇਰਾ ਮੁਖੀ ਦੀਆਂ ਤਿੰਨ ਫ਼ਿਲਮਾਂ ਵਿੱਚ ਕੰਮ ਕੀਤਾ। ਕੰਪਨੀ ਦੇ ਕਹਿਣ ‘ਤੇ ਉਹ ਆਪਣੇ ਬਾਲ-ਬੱਚੇ ਵੀ ਸਿਰਸਾ ਲੈ ਆਏ ਤੇ ਉਨ੍ਹਾਂ ਦਾ ਦਾਖ਼ਲਾ ਵੀ ਸਿਰਸਾ ਦੇ ਸਕੂਲਾਂ ਵਿੱਚ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਨੂੰ ਘਰ ਦਾ ਰਾਹ ਦਿਖਾ ਦਿੱਤਾ ਗਿਆ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …