ਭਾਰਤ ਨੇ ਪਾਕਿ ਦਾ ਐਫ਼16 ਜਹਾਜ਼ ਸੁੱਟਿਆ, ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਵੀ ਪਾਕਿ ਖੇਤਰ ‘ਚ ਡਿੱਗਾ, ਪਾਇਲਟ ਫੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦਿਆਂ ਨੂੰ ਬੁੱਧਵਾਰ ਨੂੰ ਨਾਕਾਮ ਕਰ ਦਿੱਤਾ। ਹਵਾਈ ਟਾਕਰੇ ਦੌਰਾਨ ਭਾਰਤ ਨੇ ਜਿੱਥੇ ਪਾਕਿਸਤਾਨ ਦੇ ਐਫ਼16 ਜਹਾਜ਼ ਨੂੰ ਡੇਗ ਦਿੱਤਾ, ਉਥੇ ਭਾਰਤ ਦਾ ਇਕ ਮਿੱਗ (ਐਮਆਈਜੀ) ਲੜਾਕੂ ਜਹਾਜ਼ ਵੀ ਨੁਕਸਾਨਿਆ ਗਿਆ। ਜਹਾਜ਼ ਦਾ ਪਾਇਲਟ ਅਭਿਨੰਦਨ ਜਿਸ ਨੂੰ ਪਹਿਲਾਂ ਲਾਪਤਾ ਦੱਸਿਆ ਗਿਆ ਸੀ, ਇਸ ਵੇਲੇ ਪਾਕਿਸਤਾਨੀ ਫੌਜ ਦੀ ਹਿਰਾਸਤ ਵਿੱਚ ਹੈ।
ਇਸ ਦੇ ਚੱਲਦਿਆਂ ਭਾਰਤ ਅਤੇ ਪਾਕਿ ਦੋਵਾਂ ਦੇਸ਼ਾਂ ਵਿਚ ਤਣਾਅ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਏਅਰ ਵਾਈਸ ਮਾਰਸ਼ਲ ਆਰ.ਜੀ.ਕੇ.ਕਪੂਰ ਦੀ ਹਾਜ਼ਰੀ ਵਿੱਚ ਜਾਰੀ ਕੀਤੇ ਸੰਖੇਪ ਬਿਆਨ ਵਿੱਚ ਪਾਇਲਟ ਨੂੰ ਲਾਪਤਾ ਦੱਸਿਆ ਸੀ, ਪਰ ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਦੀਆਂ ਤਸਵੀਰਾਂ ਨਸ਼ਰ ਕੀਤੇ ਜਾਣ ਮਗਰੋਂ ਸਪਸ਼ਟ ਹੋ ਗਿਆ ਕਿ ਉਹ ਗੁਆਂਢੀ ਮੁਲਕ ਦੀ ਹਿਰਾਸਤ ਵਿੱਚ ਹੈ।
ਕੁਮਾਰ ਨੇ ਕਿਹਾ ਕਿ ਭਾਰਤ ਵੱਲੋਂ ਅੱਤਵਾਦ ਖ਼ਿਲਾਫ਼ ਵਿੱਢੇ ਅਪਰੇਸ਼ਨ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਨੇ ਬੁੱਧਵਾਰ ਸਵੇਰੇ ਦਸ ਵਜੇ ਦੇ ਕਰੀਬ (ਲਗਪਗ 9:58 ਵਜੇ) ਆਪਣੀ ਹਵਾਈ ਫੌਜ ਰਾਹੀਂ ਭਾਰਤ ਵਾਲੇ ਪਾਸੇ ਪੁਣਛ ਤੇ ਨੌਸ਼ਹਿਰਾ ਸੈਕਟਰਾਂ ਵਿੱਚ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਤਰਜਮਾਨ ਨੇ ਕਿਹਾ ਕਿ ਭਾਰਤ ਨੇ ਆਪਣੀ ਪੂਰੀ ਤਿਆਰੀ ਤੇ ਚੌਕਸੀ ਦੇ ਚਲਦਿਆਂ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਜਿਉਂ ਹੀ ਅਸਮਾਨ ਵਿੱਚ ਪਾਕਿ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੀ ਨਕਲੋ ਹਰਕਤ ਵੇਖੀ ਤਾਂ ਫ਼ੌਰੀ ਇਸ ਦਾ ਢੁੱਕਵਾਂ ਜਵਾਬ ਦਿੱਤਾ। ਤਰਜਮਾਨ ਨੇ ਕਿਹਾ, ‘ਹਵਾਈ ਟਕਰਾਅ ਦੌਰਾਨ ਭਾਰਤੀ ਹਵਾਈ ਫੌਜ ਦੇ ਮਿੱਗ 21 ਬਾਇਸਨ ਲੜਾਕੂ ਜਹਾਜ਼ ਨੇ ਪਾਕਿਸਤਾਨੀ ਹਵਾਈ ਫੌਜ ਦੇ ਐਫ16 ਲੜਾਕੂ ਜਹਾਜ਼ ਨੂੰ ਹੇਠਾਂ ਸੁੱਟ ਲਿਆ। ਜ਼ਮੀਨ ‘ਤੇ ਮੌਜੂਦ ਸੁਰੱਖਿਆ ਬਲਾਂ ਨੇ ਜਹਾਜ਼ ਨੂੰ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਵਿੱਚ ਡਿੱਗਦਿਆਂ ਅੱਖੀਂ ਵੇਖਿਆ। ਮੰਦੇ ਭਾਗਾਂ ਨੂੰ ਇਸ ਟਕਰਾਅ ਦੌਰਾਨ ਸਾਡਾ ਇਕ ਮਿੱਗ 21 ਵੀ ਨੁਕਸਾਨਿਆ ਗਿਆ, ਜਿਸ ਦਾ ਪਾਇਲਟ ਲਾਪਤਾ ਦੱਸਿਆ ਜਾਂਦਾ ਹੈ।’
ਉਂਜ ਤਰਜਮਾਨ ਤੇ ਹਵਾਈ ਫ਼ੌਜ ਦੇ ਅਧਿਕਾਰੀ ਨੇ ਇਸ ਮੌਕੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਤਿੰਨ ਪਾਕਿਸਤਾਨੀ ਲੜਾਕਾਂ ਦੀ ਫਲੀਟ (ਜਿਨ੍ਹਾਂ ਵਿੱਚ ਜੇਐਫ 17 ਤੇ ਐਫ16 ਸ਼ਾਮਲ ਸਨ) ਨੇ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਤੇ ਨੌਸ਼ਹਿਰਾ ਵਿੱਚ ਅਹਿਮ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਕ੍ਰਿਸ਼ਨਾ ਘਾਟੀ ਤੇ ਨਾਂਗੀ ਟੇਕਰੀ ਦੇ ਫੌਜੀ ਅੱਡਿਆਂ ਤੇ ਨਾਰੀਆਂ ਵਿੱਚ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਪਾਕਿਸਤਾਨੀ ਜਹਾਜ਼ਾਂ ਨੇ ਜਿਹੜੀ ਥਾਂ ਬੰਬ ਸੁੱਟੇ, ਉਹ ਗੈਰ-ਆਬਾਦੀ ਵਾਲਾ ਇਲਾਕਾ ਸੀ।
ਮੈਂ ਸੁਰੱਖਿਅਤ ਹਾਂ : ਵਿੰਗ ਕਮਾਂਡਰ ਅਭਿਨੰਦਨ
ਅੰਮ੍ਰਿਤਸਰ : ਪਾਕਿਸਤਾਨ ਵਲੋਂ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ.ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨਾਲ ਪਾਕਿ ਫ਼ੌਜ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਗੱਲਬਾਤ ਦੀ ਜਾਰੀ ਕੀਤੀ ਵੀਡਿਓ ਵਿਚ ਉਸ ਨੇ ਦੱਸਿਆ ਕਿ ਉਹ ਪਾਕਿ ‘ਚ ਸੁਰੱਖਿਅਤ ਹੈ। ਇਕ ਮਿੰਟ 20 ਸੈਕਿੰਡ ਦੀ ਉਕਤ ਵੀਡਿਓ ਵਿਚ ਉਸ ਨੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਪਾਕਿ ਅਧਿਕਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ। ਉਸ ਨੇ ਦੱਸਿਆ ਕਿ ਉਹ ਪਾਕਿ ਫ਼ੌਜ ਦੇ ਵਤੀਰੇ ਤੋਂ ਬਹੁਤઠ ਪ੍ਰਭਾਵਿਤ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਨਹੀਂ ਕੀਤਾ ਗਿਆ। ਉਸ ਨੇ ਕਿਹਾ ਕਿ ਜੇਕਰ ਪਾਕਿ ਫ਼ੌਜ ਉਸ ਨੂੰ ਹਿਰਾਸਤ ਵਿਚ ਲੈ ਕੇ ਉਕਤ ਠਿਕਾਣੇ ‘ਤੇ ਨਾ ਆਉਂਦੀ ਤਾਂ ਉੱਥੇ ਮੌਜੂਦ ਗੁੱਸੇ ਨਾਲ ਭਰੇ ਹਜੂਮ ਵਲੋਂ ਉਸ ਦਾ ਕਤਲ ਕੀਤਾ ਜਾਣਾ ਤੈਅ ਸੀ। ਵਿੰਗ ਕਮਾਂਡਰ ਅਭਿਨੰਦਨ ਨੇ ਕਿਹਾ ਕਿ ਉਹ ਪਾਕਿ ਫ਼ੌਜ ਬਾਰੇ ਦਿੱਤੇ ਬਿਆਨ ‘ਤੇ ਆਪਣੇ ਦੇਸ਼ ਭਾਰਤ ਪਰਤ ਕੇ ਵੀ ਕਾਇਮ ਰਹੇਗਾ। ਉਸ ਪਾਸੋਂ ਉਸ ਦੇ ਘਰ, ਏਅਰ ਫੋਰਸ, ਮਿਸ਼ਨ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਦੇਣ ਤੋਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਸਿਰਫ਼ ਐਨਾ ਹੀ ਦੱਸਿਆ ਕਿ ਉਹ ਦੱਖਣੀ ਭਾਰਤ ਦਾ ਰਹਿਣ ਵਾਲਾ ਹੈ ਤੇ ਸ਼ਾਦੀਸ਼ੁਦਾ ਹੈ।
ਭਾਰਤ ਨੇ ਪਾਇਲਟ ਦੀ ਫੌਰੀ ਤੇ ਸੁਰੱਖਿਅਤ ਰਿਹਾਈ ਮੰਗੀ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕਰਦਿਆਂ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦੀ ਫ਼ੌਰੀ ਅਤੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ। ਭਾਰਤੀ ਪਾਇਲਟ ਨੂੰ ਦੋਵਾਂ ਮੁਲਕਾਂ ਵਿੱਚ ਹੋਏ ਹਵਾਈ ਟਕਰਾਅ ਮਗਰੋਂ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਲਿਆ ਸੀ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਾਫ਼ ਕਰ ਦਿੱਤਾ ਕਿ ਭਾਰਤੀ ਪਾਇਲਟ ਨੂੰ ਹਿਰਾਸਤ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਮੰਤਰਾਲੇ ਨੇ ਕਿਹਾ ਕਿ ਗੁਆਂਢੀ ਮੁਲਕ ਨੇ ਇਕ ਜ਼ਖ਼ਮੀ ਫ਼ੌਜੀ ਦੀਆਂ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹ ‘ਸ਼ਿਸ਼ਟਾਚਾਰ ਤੋਂ ਪਰ੍ਹੇ’ ਅਤੇ 1929 ਦੀ ਜਨੇਵਾ ਕਨਵੈਨਸ਼ਨ ਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਪਾਕਿਸਤਾਨ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਭਾਰਤੀ ਪਾਇਲਟ ਨੂੰ ਹਿਰਾਸਤ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਾ ਪੁੱਜੇ। ਭਾਰਤ ਉਹਦੀ (ਪਾਇਲਟ) ਫੌਰੀ ਤੇ ਸੁਰੱਖਿਅਤ ਵਾਪਸੀ ਦੀ ਆਸ ਕਰਦਾ ਹੈ।’
ਗੁਰਜੀਤ ਔਜਲਾ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਹੈ। ਸੰਸਦ ਮੈਂਬਰ ਔਜਲਾ ਸਰਹੱਦੀ ਪਿੰਡ ਰਾਜਾਤਾਲ, ਦਾਉਕੇ, ਮੁੱਲਾਂ ਕੋਟ ਤੇ ਰੋੜਾਂ ਵਾਲਾ ਖੁਰਦ ਗਏ ਤੇ ਪਿੰਡ ਵਾਸੀਆਂ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੁੱਛਿਆ।ਲੋਕਾਂ ਨੇ ਦੱਸਿਆ ਕਿ ਮੀਡੀਆ ਰਾਹੀਂ ਮਿਲ ਰਹੀਆਂ ਖ਼ਬਰਾਂ ਤੋਂ ਲੱਗਦਾ ਹੈ ਕਿ ਜੰਗ ਲੱਗ ਸਕਦੀ ਹੈ, ਪਰ ਫਿਲਹਾਲ ਸਰਹੱਦੀ ਪਿੰਡਾਂ ਵਿਚ ਫ਼ੌਜ ਦੀ ਕੋਈ ਅਜਿਹੀ ਹਰਕਤ ਦਿਖਾਈ ਨਹੀਂ ਦੇ ਰਹੀ। ਇਸ ਮੌਕੇ ਸੰਸਦ ਮੈਂਬਰ ਨੇ ਪਿੰਡ ਵਾਸੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਡਰਨ ਦੀ ਲੋੜ ਨਹੀਂ ਹੈ।
ਇਸ ਦੌਰਾਨ ਪਿੰਡ ਰਾਜਾਤਾਲ ਦੇ ਹਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਫ਼ੌਜੀ ਗਤੀਵਿਧੀਆਂ ਚੱਲ ਰਹੀਆਂ ਹਨ, ਪਰ ਹੁਣ ਤਕ ਇੱਥੇ ਜੰਗ ਵਾਲੇ ਹਾਲਾਤ ਦਿਖਾਈ ਨਹੀਂ ਦੇ ਰਹੇ ਹਨ, ਜਿਸ ਕਾਰਨ ਲੋਕ ਵਧੇਰੇ ਭੈਅ-ਭੀਤ ਵੀ ਨਹੀਂ ਹਨ, ਪਰ ਘਰ-ਘਰ ਜੰਗ ਦੀ ਚਰਚਾ ਜ਼ਰੂਰ ਹੈ। ਪਿੰਡ ਦਾਉਕੇ ਦੇ ਪਿਸ਼ੌਰਾ ਸਿੰਘ ਨੇ ਸੰਸਦ ਮੈਂਬਰ ਨਾਲ ਮੌਜੂਦਾ ਸਥਿਤੀ ਦੀ ਗੱਲ ਕਰਦਿਆਂ ਆਖਿਆ ਕਿ ਉਹ ਪਹਿਲਾਂ ਵੀ ਕਈ ਵਾਰ ਜੰਗੀ ਸਥਿਤੀ ਦੇਖ ਚੁੱਕੇ ਹਨ, ਜੰਗ ਉਜਾੜੇ ਦਾ ਨਾਂ ਹੈ। ਪਿੰਡ ਨੇਸ਼ਟਾ ਦੇ ਮਨਜਿੰਦਰ ਸਿੰਘ ਨੇ ਵੀ ਦੱਸਿਆ ਕਿ ਲੋਕ ਪਹਿਲਾਂ ਵਾਂਗ ਹੀ ਘਰਾਂ ਵਿਚ ਡਟੇ ਹੋਏ ਹਨ ਤੇ ਕੋਈ ਵੀ ਆਪਣਾ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਨਹੀਂ ਗਿਆ ਹੈ।
ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ
ਫ਼ਾਜ਼ਿਲਕਾ : ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚ ਦਹਿਸ਼ਤੀ ਕੈਂਪ ‘ਤੇ ਹਮਲਾ ਕਰਨ ਮਗਰੋਂ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਕਾਵਾਂ ਵਾਲੇ ਪੱਤਣ (ਬੰਨ੍ਹ) ‘ਤੇ ਮੀਟਿੰਗ ਕੀਤੀ ਗਈ ਹੈ। ਇਸ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਹਰ ਬਾਹਰੀ ਵਿਅਕਤੀ ‘ਤੇ ਨਜ਼ਰ ਰੱਖਣ ਬਾਰੇ ਕਿਹਾ ਗਿਆ ਹੈ।ਸਰਹੱਦ ‘ਤੇ ਵੱਸੇ ਪਿੰਡ ਨਵਾਂ ਮੌਜ਼ਮ ਦੇ ਸਰਪੰਚ ਬੂਟਾ ਸਿੰਘ ਅਤੇ ਤੇਜਾ ਰਹੇਲਾ ਦੇ ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਸਰਪੰਚਾਂ ਦੀ ਫ਼ੌਜ ਦੇ ਬ੍ਰਿਗੇਡੀਅਰ ਨਾਲ ਮੀਟਿੰਗ ਹੋਈ। ਇਸ ਵਿੱਚ ਸਰਪੰਚਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਫ਼ੌਜ ਦਾ ਹਰ ਤਰ੍ਹਾਂ ਸਾਥ ਦਿੱਤਾ ਜਾਵੇਗਾ। ਸਰਹੱਦੀ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਫ਼ੌਜ ਦੇ ਬ੍ਰਿਗੇਡੀਅਰ ਵੱਲੋਂ ਸਮੂਹ ਸਰਪੰਚਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ। ਧਾਰਮਿਕ ਸਥਾਨਾਂ ‘ਤੇ ਆਉਣ ਤੇ ਰਹਿਣ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਫ਼ੌਜ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਚੌਕਸੀ ਵਰਤ ਕੇ ਨਾਕੇ ਲਗਾਏ ਗਏ ਹਨ।
ਇਮਰਾਨ ਖਾਨ ਵੱਲੋਂ ਗੱਲਬਾਤ ਦੀ ਮੁੜ ਪੇਸ਼ਕਸ਼
ਇਸਲਾਮਾਬਾਦ : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਘੱਟ ਕਰਨ ਲਈ ਸੰਵਾਦ ਦੀ ਪੇਸ਼ਕਸ਼ ਕੀਤੀ ਹੈ। ਖ਼ਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਬਿਹਤਰ ਸਮਝ ਵਿਕਸਤ ਹੋਵੇ ਤੇ ਦੋਵੇਂ ਸਮਝਦਾਰੀ ਨਾਲ ਕੰਮ ਲੈਣ। ਉਂਜ ਵਜ਼ੀਰੇ ਆਜ਼ਮ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਦਰਮਿਆਨ ਪਾਕਿਸਤਾਨ ਨੂੰ ਕਿਸੇ ਗੱਲੋਂ ਵੀ ਘੱਟ ਕਰਕੇ ਨਾ ਜਾਣਿਆ ਜਾਵੇ। ਖ਼ਾਨ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਹਵਾਈ ਕਾਰਵਾਈ ਦੌਰਾਨ ਭਾਰਤ ਦੇ ਦੋ ਮਿੱਗ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਇਨ੍ਹਾਂ ਵਿੱਚੋਂ ਇਕ ਜਹਾਜ਼ ਦਾ ਪਾਇਲਟ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਟੈਲੀਵਿਜ਼ਨ ‘ਤੇ ਸਿੱਧੇ ਪ੍ਰਸਾਰਣ ਰਾਹੀਂ ਕੌਮ ਨੂੰ ਸੰਬੋਧਨ ਕਰਦਿਆਂ ਖਾਨ ਨੇ ਕਿਹਾ, ‘ਹਵਾਈ ਕਾਰਵਾਈ (ਭਾਰਤ ਖ਼ਿਲਾਫ਼) ਪਿੱਛੇ ਸਾਡਾ ਇਰਾਦਾ ਇਹ ਦਰਸਾਉਣਾ ਸੀ ਕਿ ਜੇਕਰ ਤੁਸੀਂ ਸਾਡੇ ਮੁਲਕ ਵਿੱਚ ਦਾਖ਼ਲ ਹੋ ਸਕਦੇ ਹੋ ਤਾਂ ਅਸੀਂ ਵੀ ਅਜਿਹਾ ਕਰਨ ਦੇ ਸਮਰੱਥ ਹਾਂ। ਖ਼ਾਨ ਨੇ ਕਿਹਾ ਕਿ ਸਾਰੀਆਂ ਜੰਗਾਂ ਸਮੇਂ ਦੀ ਗ਼ਲਤ ਗਿਣਤੀ ਮਿਣਤੀ ਤੇ ਮਨੁੱਖੀ ਜਾਨਾਂ ਦੀ ਕੀਮਤ ‘ਤੇ ਲੜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ, ‘ਇਕ ਵਾਰ ਹਾਲਾਤ ਵਿਗੜ ਗਏ ਤਾਂ ਫਿਰ ਇਹ ਨਾ ਮੇਰੇ ਹੱਥ ਹੋਣਗੇ, ਨਾ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਹੱਥ। ਆਓ ਇਕੱਠੇ ਬੈਠ ਕੇ ਇਸ ਨੂੰ ਗੱਲਬਾਤ ਰਾਹੀਂ ਸੁਲਝਾਉਂਦੇ ਹਾਂ।’ ਖ਼ਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਨੇ ਭਾਰਤ ਨੂੰ ਜਾਂਚ ਵਿੱਚ ਹਰ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਪਾਕਿ ਸਰਜ਼ਮੀਂ ਨੂੰ ਦਹਿਸ਼ਤੀ ਅੱਡੇ ਵਜੋਂ ਵਰਤਣਾ ਸਾਡੇ ਆਪਣੇ ਹਿੱਤ ਵਿੱਚ ਨਹੀਂ ਹੈ। ਇਸ ਦੌਰਾਨ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗੁਆਂਢੀ ਮੁਲਕ ਨਾਲ ਹਵਾਈ ਟਕਰਾਅ ਦੌਰਾਨ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਏ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਸੁੱਟ ਲਿਆ ਤੇ ਇਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਦੌਰਾਨ ਪਾਕਿਸਤਾਨ ਦੇ ਚੋਟੀ ਦੇ ਫੌਜੀ ਤੇ ਸਿਵਲ ਅਧਿਕਾਰੀਆਂ ਨੇ ਪੁਲਵਾਮਾ ਹਮਲੇ ਮਗਰੋਂ ਭਾਰਤ ਨਾਲ ਵਧੇ ਤਣਾਅ ਮਗਰੋਂ ਸੰਸਦ ਮੈਂਬਰਾਂ ਨੂੰ ਜਾਣੂ ਕਰਵਾਇਆ।
ਪੰਜਾਬ ਦੀ ਬੜਕ : ਸਾਦਕੀ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ‘ਚ ਪਾਕਿ ਇਸਤੇਮਾਲ ਕਰ ਰਿਹਾ ਸੀ ਵੱਡਾ ਸਾਊਂਡ
ਪਾਕਿਸਤਾਨ ਦੀ ਅਵਾਜ਼ ਦਬਾਈ
ਫਾਜ਼ਿਲਕਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤ ਨੇ ਪਾਕਿਸਤਾਨ ‘ਤੇ ਅੰਤਰਰਾਸ਼ਟਰੀ ਦਬਾਅ ਬਣਾਇਆ ਹੈ, ਉਥੇ ਹੀ ਭਾਰਤ-ਪਾਕਿਸਤਾਨ ਦਰਮਿਆਨ ਸਾਦਕੀ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦੇ ਦੌਰਾਨ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਪਾਕਿ ਰੇਂਜਰਾਂ ‘ਤੇ ਆਪਣੀ ਦਮਦਾਰ ਅਵਾਜ਼ ਦਾ ਪ੍ਰਭਾਵ ਪਾਉਣ ਦੇ ਲਈ ਲੱਖਾਂ ਰੁਪਏ ਦੀ ਲਾਗਤ ਵਾਲਾ ਸਾਊਂਡ ਸਿਸਟਮ ਲਗਾਇਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਪਹਿਲਾਂ ਹੀ ਵੱਡਾ ਸਾਊਂਡ ਸਿਸਟਮ ਲਗਾਇਆ ਹੋਇਆ ਸੀ, ਜਿਸ ਕਾਰਨ ਭਾਰਤ ਦੇ ਸਾਊਂਡ ਸਿਸਟਮ ਦੀ ਅਵਾਜ਼ ਦਬ ਜਾਂਦੀ ਸੀ ਪ੍ਰੰਤੂ ਹੁਣ ਦੇ ਸਾਊਂਡ ਸਿਸਟਮ ਦੇ ਕਾਰਨ ਪਾਕਿਸਤਾਨ ਦਾ ਸਾਊਂਡ ਸਿਸਟਮ ਕਮਜ਼ੋਰ ਪੈ ਗਿਆ ਹੈ।
ਇਸ ਸਾਊਂਡ ਸਿਸਟਮ ਰਾਹੀਂ ਦਮਦਾਰ ਅਵਾਜ਼ ‘ਚ ਵੱਜਣ ਵਾਲੇ ਦੇਸ਼ ਭਗਤੀ ਦੇ ਗੀਤਾਂ ਨਾਲ ਭਾਰਤੀ ਦਰਸ਼ਕਾਂ ‘ਚ ਜੋਸ਼ ਅਤੇ ਉਤਸ਼ਾਹ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਵਧ ਗਿਆ ਹੈ। ਉਥੇ ਹੀ ਦੋਵੇਂ ਦੇਸ਼ਾਂ ਦੀ ਤਲਖੀ ਦੇ ਚਲਦਿਆਂ ਇਥੇ ਦਰਸ਼ਕਾਂ ਦੀ ਗਿਣਤੀ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ।
ਤਲਖੀ ਦਾ ਅਸਰ : ਜ਼ੀਰੋ ਲਾਈਨ ‘ਤੇ ਫੋਟੋ ਖਿਚਵਾਉਣ ‘ਤੇ ਪਾਬੰਦੀ
ਭਾਰਤ-ਪਾਕਿਸਤਾਨ ਦੀ ਤਲਖੀ ਤੋਂ ਪਹਿਲਾਂ ਦਰਸ਼ਕ ਜ਼ੀਰੋ ਲਾਈਨ ‘ਤੇ ਜਾ ਕੇ ਫੋਟੋ ਖਿਚਵਾਉਂਦੇ ਸਨ ਪ੍ਰੰਤੂ ਤਲਖੀ ਵਧਣ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਦੇ ਦਰਸ਼ਕ ਜੀਰੋ ਲਾਈਨ ‘ਤੇ ਜਾ ਕੇ ਫੋਟੋ ਨਹੀਂ ਖਿਚਵਾ ਸਕਦੇ। ਦਰਸ਼ਕਾਂ ਦੀ ਦੂਰੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਟ੍ਰੀਟ ਸੈਰੇਮਨੀ ਦੀ ਰਸਮ ਅਦਾ ਕਰਨ ਵਾਲੇ ਜਵਾਨਾਂ ਦੀਆਂ ਅੱਖਾਂ ‘ਚ ਗੁੱਸਾ ਵੀ ਪਹਿਲਾਂ ਨਾਲੋਂ ਜ਼ਿਆਦਾ ਨਜ਼ਰ ਆਉਂਦਾ ਹੈ।
ਬੱਚਿਆਂ ਦੇ ਲਈ ਲੱਗਣਗੇ ਝੂਟੇ
ਸਾਦਕੀ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰੇਮਨੀ ‘ਚ ਦਰਸ਼ਕਾਂ ਦੇ ਨਾਲ ਆਉਣ ਵਾਲੇ ਛੋਟੇ ਬੱਚਿਆਂ ਦੇ ਲਈ ਉਥੋਂ ਦੀ ਝੀਲ ‘ਚ ਕਿਸ਼ਤੀ ਚਲਦੀ ਹੈ, ਜਿਸ ‘ਚ ਬੈਠ ਕੇ ਬੱਚੇ ਖੂਬ ਆਨੰਦ ਲੈਂਦੇ ਹਨ। ਹੁਣ ਇਥੇ ਦਰਸ਼ਕਾਂ ਦੇ ਨਾਲ ਆਉਣ ਵਾਲੇ ਬੱਚਿਆਂ ਦੇ ਲਈ ਝੂਟੇ ਵੀ ਲਗਾਏ ਜਾਣਗੇ ਤਾਂ ਕਿ ਬੱਚੇ ਰਿਟ੍ਰੀਟ ਸੈਰੇਮਨੀ ਤੋਂ ਪਹਿਲਾਂ ਤੇ ਬਾਅਦ ਆਨੰਦ ਲੈ ਸਕਣ।
ਟੂਰਿਜ਼ਮ ਦਾ ਰੂਪ ਲੈ ਰਿਹਾ ਹੈ ਈਵੈਂਟ
ਸਾਦਕੀ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਇਨ੍ਹੀਂ ਦਿਨੀਂ ਬਾਘਾ ਬਾਰਡਰ ਦੀ ਤਰਜ ‘ਤੇ ਟੂਰਿਜ਼ਮ ਦੇ ਰੂਪ ‘ਚ ਡਿਵੈਲਪ ਹੁੰਦੀ ਜਾ ਰਹੀ ਹੈ। ਇਥੇ ਪਿਛਲੇ ਕੁਝ ਦਿਨਾਂ ਤੋਂ ਦਰਸ਼ਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਬੀਐਸਐਫ ਵੀ ਈਵੈਂਟ ‘ਤੇ ਫੋਕਸ ਕਰ ਰਿਹਾ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …