Breaking News
Home / ਭਾਰਤ / 1971 ਦੀ ਜੰਗ ਤੋਂ ਬਾਅਦ ਭਾਰਤ ਨੇ ਪਾਕਿ ਖਿਲਾਫ ਕੀਤੀ ਹਵਾਈ ਤਾਕਤ ਦੀ ਵਰਤੋਂ

1971 ਦੀ ਜੰਗ ਤੋਂ ਬਾਅਦ ਭਾਰਤ ਨੇ ਪਾਕਿ ਖਿਲਾਫ ਕੀਤੀ ਹਵਾਈ ਤਾਕਤ ਦੀ ਵਰਤੋਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੇ 12 ਦਿਨਾਂ ਮਗਰੋਂ ਭਾਰਤ ਨੇ ਮੰਗਲਵਾਰ ਵੱਡੇ ਤੜਕੇ ਕੰਟਰੋਲ ਰੇਖਾ ਪਾਰ ਕਰਕੇ ਕੀਤੇ ਵੱਡੇ ਹਵਾਈ ਹਮਲਿਆਂ ਵਿੱਚ ਪਾਕਿਸਤਾਨ ਵਿਚਲੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ ਤਿੰਨ ਦਹਿਸ਼ਤੀ ਕੈਂਪਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਕੈਂਪ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਤੀਜਾ ਕੈਂਪ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿੱਚ ਸੀ। ਹਮਲੇ ਵਿੱਚ ਜੈਸ਼ ਮੁਖੀ ਮਸੂਦ ਅਜ਼ਹਰ ਦਾ ਨੇੜਲਾ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਤੇ ਭਰਾ ਇਬਰਾਹੀਮ ਅਜ਼ਹਰ ਸਮੇਤ 350 ਦੇ ਕਰੀਬ ਜੈਸ਼ ਦਹਿਸ਼ਤਗਰਦ ਤੇ ਸਿਖਲਾਈਯਾਫ਼ਤਾ ਫ਼ਿਦਾਈਨ ਮਾਰੇ ਗਏ। 1971 ਦੀ ਭਾਰਤ-ਪਾਕਿ ਜੰਗ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹਵਾਈ ਤਾਕਤ ਦੀ ਵਰਤੋਂ ਕੀਤੀ ਹੈ। 1999 ਦੀ ਕਾਰਗਿਲ ਜੰਗ ਦੌਰਾਨ ਸਰਕਾਰ ਨੇ ਭਾਰਤੀ ਹਵਾਈ ਸੈਨਾ ਨੂੰ ਕੰਟਰੋਲ ਰੇਖਾ ਪਾਰ ਕਰਕੇ ਹਮਲੇ ਕਰਨ ਤੋਂ ਵਰਜ ਦਿੱਤਾ ਸੀ। ਭਾਰਤ ਨੇ ਹਵਾਈ ਹਮਲਿਆਂ ਨੂੰ ਸਵੈ-ਰੱਖਿਆ ਵਿੱਚ ਕੀਤੀ ਕਾਰਵਾਈ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਉਸ ਕੋਲ ਜੈਸ਼ ਵੱਲੋਂ ਭਾਰਤ ਵਿੱਚ ਫ਼ਿਦਾਈਨ ਹਮਲੇ ਕੀਤੇ ਜਾਣ ਬਾਰੇ ਪੁਖਤਾ ਜਾਣਕਾਰੀ ਸੀ। ਭਾਰਤ ਨੇ ਕਿਹਾ ਕਿ ਇਹ ਹਮਲੇ ਗੈਰ-ਫ਼ੌਜੀ ਸਨ, ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਪਾਕਿਸਤਾਨੀ ਫ਼ੌਜ ਜਾਂ ਆਮ ਨਾਗਰਿਕ ਨਹੀਂ ਬਲਕਿ ਜੈਸ਼ ਦਹਿਸ਼ਤਗਰਦ ਸਨ।
ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ‘ਇੰਟੈਲੀਜੈਂਸ ਦੀ ਅਗਵਾਈ ਵਾਲੇ ਅਪਰੇਸ਼ਨ’ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਸੀ ਕਿ ਜੈਸ਼-ਏ-ਮੁਹੰਮਦ ਵੱਲੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਦਾਈਨ ਹਮਲੇ ਕੀਤੇ ਜਾਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਫਿਦਾਈਨ ਜਹਾਦੀਆਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਸੀ। ਲਿਹਾਜ਼ਾ ਇਸ ਅਟੱਲ ਖ਼ਤਰੇ ਦੇ ਚਲਦਿਆਂ ਜੈਸ਼ ਟਿਕਾਣਿਆਂ ‘ਤੇ ਹਮਲੇ ਦੀ ਪੇਸ਼ਬੰਦੀ ਜ਼ਰੂਰੀ ਹੋ ਗਈ ਸੀ। ਗੋਖਲੇ ਨੇ ਕਿਹਾ ਕਿ ਮੰਗਲਵਾਰ ਵੱਡੇ ਤੜਕੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਭਾਰਤ ਨੇ ਬਾਲਾਕੋਟ ਵਿੱਚ ਜੈਸ਼ ਦੇ ਸਿਖਲਾਈ ਕੈਂਪ ‘ਤੇ ਹਵਾਈ ਹਮਲੇ ਕੀਤੇ। ਉਨ੍ਹਾਂ ਕਿਹਾ, ‘ਹਵਾਈ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਦਹਿਸ਼ਤਗਰਦਾਂ, ਸਿਖਲਾਈਯਾਫ਼ਤਾ, ਸੀਨੀਅਰ ਕਮਾਂਡਰਾਂ ਤੇ ਜਹਾਦੀ ਗਰੁੱਪਾਂ ਜਿਨ੍ਹਾਂ ਨੂੰ ਫਿਦਾਈਨ ਹਮਲਿਆਂ ਦੀ ਸਿਖਾਈ ਦਿੱਤੀ ਜਾ ਰਹੀ ਸੀ, ਨੂੰ ਮਾਰ ਮੁਕਾਇਆ।’ ਉਧਰ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਕਈ ਥਾਈਂ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਹਵਾਈ ਸੈਨਾ ਨੇ ਪਹਿਲਾ ਹਮਲਾ ਤੜਕੇ ਮੁਜ਼ੱਫਰਾਬਾਦ ਤੋਂ ਉੱਤਰ-ਪੱਛਮ ਵੱਲ 24 ਕਿਲੋਮੀਟਰ ਦੂਰ ਬਾਲਾਕੋਟ ਵਿੱਚ ਕੀਤਾ। ਦੂਜਾ ਨਿਸ਼ਾਨਾ ਮੁਜ਼ੱਫਰਾਬਾਦ ਨੂੰ ਬਣਾਇਆ ਜਦੋਂਕਿ ਤੀਜਾ ਹਮਲਾ ਚਕੋਟੀ ਵਿੱਚ ਕੀਤਾ ਗਿਆ। ਭਾਰਤੀ ਹਵਾਈ ਫੌਜਾਂ ਦਾ ਪੂਰਾ ਮਿਸ਼ਨ ਸਵੇਰੇ ਸ਼ੁਰੂ ਹੋਇਆ ਸੀ। ਹਮਲੇ ਲਈ 1000 ਕਿਲੋ ਵਜ਼ਨੀ ਤੇ ਨਿਸ਼ਾਨਾ ਨਾ ਖੁੰਝਣ ਵਾਲੇ ਬੰਬ ਵਰਤੇ ਗਏ। ਸੂਤਰਾਂ ਮੁਤਾਬਕ ਮਿਰਾਜ ਜੈੱਟਾਂ ਨੇ ਬਾਲਾਕੋਟ, ਮੁਜ਼ੱਫਰਾਬਾਦ ਤੇ ਚਕੋਟੀ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਗੋਖਲੇ ਨੇ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਬਾਲਾਕੋਟ, ਪਹਾੜ ਦੀ ਚੋਟੀ ‘ਤੇ ਸੰਘਣੇ ਜੰਗਲਾਂ ਨਾਲ ਘਿਰਿਆ ਇਲਾਕਾ ਹੈ, ਜਿਸ ਦੇ ਨੇੜੇ ਤੇੜੇ ਕੋਈ ਸਿਵਲੀਅਨ ਨਹੀਂ ਰਹਿੰਦਾ। ਬਾਲਾਕੋਟ ਸਥਿਤ ਜੈਸ਼ ਦੇ ਕੈਂਪ ਦੀ ਅਗਵਾਈ ਜੈਸ਼ ਮੁਖੀ ਮਸੂਦ ਅਜ਼ਹਰ ਦੇ ਨੇੜਲੇ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਉਰਫ਼ ਉਸਤਾਦ ਘੌਰੀ ਦੇ ਹੱਥ ਸੀ। ਉਂਜ ਬਿਆਨ ਵਿੱਚ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਸੀ ਕਿ ਯੁਸੂਫ਼ ਅਜ਼ਹਰ ਹਵਾਈ ਹਮਲਿਆਂ ਦੌਰਾਨ ਮਾਰਿਆ ਗਿਆ।ਸੂਤਰਾਂ ਮੁਤਾਬਕ ਪੱਛਮੀ ਤੇ ਕੇਂਦਰੀ ਕਮਾਂਡ ਵਾਲੇ ਫੌਜੀ ਹਵਾਈ ਅੱਡਿਆਂ ਤੋਂ ਇਕੋ ਵੇਲੇ ਉੱਡੇ ਲੜਾਕੂ ਤੇ ਹੋਰਨਾਂ ਜਹਾਜ਼ਾਂ ਨੇ ਪਾਕਿਸਤਾਨ ਦੇ ਰੱਖਿਆ ਅਧਿਕਾਰੀਆਂ ਨੂੰ ਇਕ ਵਾਰ ਤਾਂ ਉਲਝਾਅ ਕੇ ਰੱਖ ਦਿੱਤਾ। ਇਨ੍ਹਾਂ ਵਿੱਚੋਂ 12 ਦੇ ਕਰੀਬ ਮਿਰਾਜ ਜੈੱਟਾਂ ਦਾ ਇਕ ਦਲ ਬਾਲਾਕੋਟ ਵੱਲ ਨੂੰ ਹੋ ਗਿਆ, ਜਿੱਥੇ ਉਨ੍ਹਾਂ ਸੁੱਤੇ ਪਏ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਪੂਰੇ ਅਪਰੇਸ਼ਨ ਨੂੰ 21 ਮਿੰਟ ਦਾ ਸਮਾਂ ਲੱਗਿਆ। ਅਪਰੇਸ਼ਨ ਵੱਡੇ ਤੜਕੇ ਸ਼ੁਰੂ ਹੋਇਆ ਤੇ ਚਾਰ ਵੱਜ ਕੇ ਪੰਜ ਮਿੰਟ ‘ਤੇ ਮੁਕੰਮਲ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਹਮਲੇ ਮੌਕੇ ਜੈਸ਼ ਦੇ ਕੈਂਪਾਂ ਵਿੱਚ 325 ਦੇ ਕਰੀਬ ਦਹਿਸ਼ਤਗਰਦ ਤੇ 25 ਤੋਂ 27 ਸਿਖਲਾਈਯਾਫ਼ਤਾ ਫਿਦਾਈਨ ਮੌਜੂਦ ਸਨ।
ਭਾਰਤ ਨੂੰ ਕਦੇ ਝੁਕਣ ਨਹੀਂ ਦਿਆਂਗਾ : ਮੋਦੀ
ਚੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਉਹ ਇਸ ਨੂੰ ਕਿਸੇ ਵੀ ਕੀਮਤ ‘ਤੇ ਥੱਲੇ ਨਹੀਂ ਲੱਗਣ ਦੇਣਗੇ। ਪਾਕਿਸਤਾਨ ਵਿਚਲੇ ਦਹਿਸ਼ਤੀ ਟਿਕਾਣਿਆਂ ‘ਤੇ ਹਵਾਈ ਹਮਲਿਆਂ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਚੀਜ਼ ਮੁਲਕ ਤੋਂ ਵਧ ਕੇ ਨਹੀਂ ਹੈ। ਮੋਦੀ ਨੇ ਕਿਹਾ ਕਿ ਮੈਂ ਆਪਣੇ ਮੁਲਕ ਨੂੰ ਨਾ ਤਾਂ ਰੁਕਣ ਤੇ ਨਾ ਹੀ ਝੁਕਣ ਦਿਆਂਗਾ। ਮੈਂ ਧਰਤੀ ਮਾਂ ਦੀ ਸਹੁੰ ਖਾਂਦਾ ਕਿ ਉਸਦਾ ਸਿਰ ਹਮੇਸ਼ਾਂ ਉੱਚਾ ਰਹੇਗਾ। ਮੋਦੀ ਨੇ ਕਿਹਾ ਕਿ ਅਸੀਂ ਨਾ ਭਟਕਾਂਗੇ, ਨਾ ਅਟਕਾਂਗੇ ਅਤੇ ਨਾ ਹੀ ਦੇਸ਼ ਨੂੰ ਮਿਟਣ ਦਿਆਂਗੇ। ਮੋਦੀ ਨੇ ਇਹ ਵੀ ਵਿਸ਼ਵਾਸ ਦੁਆਇਆ ਕਿ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ ਅਤੇ ਇਸ ਤੋਂ ਉਪਰ ਹੋਰ ਕੁਝ ਨਹੀਂ।
ਸਿੱਧੂ ਨੇ ਕੀਤੀ ਡੈਮੇਜ਼ ਕੰਟਰੋਲ ਕਰਨ ਦੀ ਕੋਸ਼ਿਸ਼
ਲੋਹੇ ਨੂੰ ਲੋਹਾ ਕੱਟਦਾ ਹੈ, ਅੱਗ ਨੂੰ ਅੱਗ ਕੱਟਦੀ ਹੈ, ਸੱਪ ਜਦ ਡੰਗ ਮਾਰਦਾ ਹੈ, ਉਸਦਾ ਐਂਟੀਡੋਟ ਜ਼ਹਿਰ ਹੀ ਹੈ, ਅੱਤਵਾਦੀਆਂ ਦਾ ਖਾਤਮਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਭਾਰਤੀ ਹਵਾਈ ਸੈਨਾ ਦੀ ਜੈ ਹੋ।
ਨਵਜੋਤ ਸਿੰਘ ਸਿੱਧੂ
ਹਵਾਈ ਸੈਨਾ ਦੇ ਐਕਸ਼ਨ ਨੂੰ ਮੇਰੀ ਪੂਰੀ ਸਪੋਰਟ
ਗ੍ਰੇਟ ਜੌਬ ਬਾਏ ਦਾ ਇੰਡੀਅਨ ਏਅਰਫੋਰਸ। ਕਿਕ ਆਈਏਐਫ ਨੇ ਪਾਕਿ ਨੂੰ ਇਕ ਸੰਕੇਤ ਦਿੱਤਾ ਹੈ ਕਿ ਉਹ ਪੁਲਵਾਮਾ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਬਚ ਨਹੀਂ ਸਕਦਾ। ਹਵਾਈ ਸੈਨਾ ਨੂੰ ਇਸ ਐਕਸ਼ਨ ਲਈ ਪੂਰੀ ਸਪੋਰਟ ਹੈ।
ਕੈਪਟਨ ਅਮਰਿੰਦਰ ਸਿੰਘ
ਭਾਰਤੀ ਲੋਕਾਂ ਲਈ ਮੰਗਲਵਾਰ ਦਾ ਦਿਨ ਬਹੁਤ ਵੱਡਾ
ਮੰਗਲਵਾਰ ਦਾ ਦਿਨ ਭਾਰਤੀ ਲੋਕਾਂ ਲਈ ਇਕ ਵੱਡਾ ਦਿਨ ਸੀ। ਸਕਿਉਰਿਟੀ ਫੋਰਸਿਜ਼ ਤੇ ਨਰਿੰਦਰ ਮੋਦੀ ਨੇ ਮਾਤ ਭੂਮੀ ਦੀ ਪਾਕਿ ਤੇ ਜੈਸ਼ ਦੇ ਨਾਪਾਕ ਇਰਾਦਿਆਂ ਤੋਂ ਰੱਖਿਆ ਕੀਤੀ ਹੈ। ਬਾਦਲ ਨੇ ਜੈ ਹਿੰਦ ਜੈ ਹਿੰਦ ਦੀ ਸੈਨਾ ਵੀ ਲਿਖਿਆ ਹੈ।
ਸੁਖਬੀਰ ਬਾਦਲ
ਤੁਹਾਨੂੰ ਭਲੇ ਹੀ ਇਹ ਮਜ਼ਾਕ ਲੱਗੇ, ਪਰ ਪਾਕਿ ਦਿਨ ਭਰ ਅਜਿਹੀਆਂ ਹੀ ਗੱਲਾਂ ਕਰਦਾ ਰਿਹਾ …
ਮੀਡੀਆ ਨੂੰ ਮੌਕੇ ‘ਤੇ ਲੈ ਜਾਵਾਂਗੇ, ਪਰ ਮੌਸਮ ਖਰਾਬ
ਮੀਡੀਆ ਨੂੰ ਸਟਰਾਈਕ ਵਾਲੀ ਜਗ੍ਹਾ ਲੈ ਜਾਵਾਂਗੇ। ਸਾਰੇ ਦੇਖ ਸਕਣਗੇ ਕਿ ਸੱਚਾਈ ਕੀ ਹੈ। ਸਾਡੇ ਹੈਲੀਕਾਪਟਰ ਤਿਆਰ ਹਨ, ਪਰ ਅਜੇ ਮੌਸਮ ਠੀਕ ਨਹੀਂ ਹੈ। ਸ਼ਾਹ ਮਹਿਮੂਦ ਕੁਰੈਸ਼ੀ,
ਪਾਕਿ ਵਿਦੇਸ਼ ਮੰਤਰੀ, ਪ੍ਰੈਸ ਵਾਰਤਾ ‘ਚ
ਫੋਰਸ ਤਿਆਰ ਸੀ, ਹਨ੍ਹੇਰੇ ਵਿਚ ਜਵਾਬ ਨਹੀਂ ਦੇ ਸਕੇ
ਸਾਡੀ ਹਵਾਈ ਸੈਨਾ ਵੀ ਪੂਰੀ ਤਿਆਰ ਵਿਚ ਸੀ, ਪਰ ਹਨ੍ਹੇਰਾ ਹੋਣ ਕਰਕੇ ਸਾਡੀ ਹਵਾਈ ਸੈਨਾ ਕੋਈ ਕਾਰਵਾਈ ਨਹੀਂ ਕਰ ਸਕੀ। ਜੇਕਰ ਭਾਰਤ ਵਾਲੇ ਪਾਸੇ ਤੋਂ ਫਿਰ ਕਾਰਵਾਈ ਹੋਈ ਤਾਂ ਅਸੀਂ ਜ਼ਰੂਰ ਜਵਾਬ ਦਿਆਂਗੇ।
ਪਰਵੇਜ਼ ਖਟਕ, ਪਾਕਿ ਰੱਖਿਆ ਮੰਤਰੀ। ਉਨ੍ਹਾਂ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ।
ਅਟਾਰੀ ਨੇੜੇ ਫੌਜ ਦੀ ਮੂਵਮੈਂਟ ਤੇਜ਼, ਸਾਦਕੀ ਅਤੇ ਹੁਸੈਨੀਵਾਲਾ ਬਾਰਡਰ ‘ਤੇ ਪੈਟਰੋਲਿੰਗ ਵਧਾਈ, ਗੁਰਦਾਸਪੁਰ ‘ਚ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਰੋਕਿਆ
ਅਟਾਰੀ : ਹਵਾਈ ਫੌਜ ਦੀ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤੀ ਫੌਜ ਨੇ ਵੀ ਅਟਾਰੀ ਬਾਰਡਰ ਦੇ ਨੇੜਲੇ ਇਲਾਕਿਆਂ ਵਿਚ ਮੂਵਮੈਂਟ ਵਧਾ ਦਿੱਤੀ ਹੈ। ਸਾਦਕੀ ਅਤੇ ਹੁਸੈਨੀਵਾਲਾ ਬਾਰਡਰ ‘ਤੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਗੁਰਦਾਸਪੁਰ ਵਿਚ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਸਰਹੱਦੀ ਪਿੰਡਾਂ ਵਿਚ ਸੰਭਾਵਿਤ ਜੰਗ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਨਹੀਂ ਛੱਡਣਗੇ, ਬਲਕਿ ਫੌਜ ਦੇ ਮੋਢੇ ਨਾਲ ਮੋਢਾ ਮਿਲਾ ਕੇ ਜੰਗ ਦਾ ਹਿੱਸਾ ਬਣਨਗੇ। ਮੰਗਲਵਾਰ ਸਵੇਰੇ ਹੀ ਸਰਹੱਦੀ ਇਲਾਕਿਆਂ ਵਿਚ ਫੌਜ ਦੀਆਂ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਮੋਦੇ, ਧਨੋਏ, ਰਾਜਾਤਾਲ ਆਦਿ ਇਲਾਕਿਆਂ ਵਿਚ ਫੌਜ ਦੀ ਚੌਕਸੀ ਦੇਖੀ ਗਈ, ਕੁਝ ਕੁ ਜਗ੍ਹਾ ‘ਤੇ ਫੌਜ ਨੇ ਆਪਣੇ ਕੈਂਪ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਡਿਫੈਂਸ ਡਰੇਨ ਅਤੇ ਧੁੱਸੀ ਬੰਨ੍ਹ ਦੇ ਬੰਕਰਾਂ ਨੇੜੇ ਵੀ ਜਵਾਨਾਂ ਦੀ ਮੂਵਮੈਂਟ ਦੇਖੀ ਗਈ। ਡਿਫੈਂਸ ਡਰੇਨ ਅਤੇ ਧੁੱਸੀ ਬੰਨ੍ਹ ਦੇ ਬੰਕਰਾਂ ਨੇੜੇ ਵੀ ਫੌਜ ਦੀ ਮੂਵਮੈਂਟ ਦੇਖੀ ਗਈ। ਪੁਲ ਕੰਜਰੀ ਦੀ ਬੀਐਸਫ ਪੋਸਟ ਦੇ ਨੇੜਲੇ ਘਰਾਂ ਵਿਚ ਜੰਗ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਸ਼ਿਵ ਸਿੰਘ ਨੇ ਕਿਹਾ ਕਿ 1965 ਅਤੇ 71 ਦੀ ਜੰਗ ਦੇਖੀ ਹੈ। ਜੰਗ ਮਸਲੇ ਦਾ ਹੱਲ ਨਹੀਂ ਪਰ ਸਾਹਮਣੇ ਵਾਲਾ ਨਹੀਂ ਮੰਨਦਾ ਤਾਂ ਲਾਜ਼ਮੀ ਵੀ ਹੈ। ਸਰਹੱਦੀ ਖੇਤਰ ਦੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਇਹ ਵੀ ਅਫਵਾਹ ਰਹੀ ਕਿ ਸਰਹੱਦੀ ਪਿੰਡਾਂ ਨੂੰ ਖਾਲੀ ਕਰਾਉਣ ਦੇ ਨਿਰਦੇਸ਼ ਆ ਗਏ ਹਨ। ਬੀਐਸਐਫ ਦੇ ਜਵਾਨ ਪਾਕਿ ਦੀ ਕਿਸੇ ਵੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤ-ਪਾਕਿ ਬਾਰਡਰ ‘ਤੇ ਬੀਐਸਐਫ ਦੇ ਜਵਾਨ 24 ਘੰਟੇ ਪੈਟਰੋਲਿੰਗ ਕਰ ਰਹੇ ਹਨ। ਕਿਸਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਸਥਿਤ ਖੇਤਾਂ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਹ ਜਾਣਕਾਰੀ ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਆ ਕਿ ਇਹ ਖੇਤਰ ਕਾਫੀ ਸੰਵੇਦਨਸ਼ੀਲ ਹੈ, ਪਰ ਜਵਾਨ ਚੱਪੇ-ਚੱਪੇ ‘ਤੇ ਆਪਣੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ‘ਤੇ ਵੀ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਸਰਹੱਦੀ ਪਿੰਡਾਂ ਦੇ ਲੋਕ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਪੱਖ ਵਿਚ ਹਨ। ਹੁਸੈਨੀਵਾਲਾ ਸਰਹੱਦ ‘ਤੇ ਭਾਰਤ ਜ਼ਿੰਦਾਬਾਦ ਦਾ ਨਾਅਰੇ ਵੀ ਲੱਗਦੇ ਰਹੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੰਗ ਦੇ ਅਸਾਰ ਨੂੰ ਦੇਖਦਿਆਂ ਅਜਨਾਲਾ ਦੇ ਸਰਹੱਦੀ ਪਿੰਡਾਂ ਨੂੰ ਵੀ ਖਾਲੀ ਕਰਵਾਇਆ ਜਾ ਸਕਦਾ ਹੈ।
ਪੰਜਾਬ ਦੇ ਸਰਹੱਦੀ ਖੇਤਰਾਂ ‘ਚ ਚੌਕਸੀ ਦੇ ਹੁਕਮ: ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਏ ਤਣਾਅ ਤੇ ਰਾਜ ਦੀ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ। ਇਸ ਦੌਰਾਨ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਵਰਤਣ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …