ਐਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ ਰੋਜ਼ਾਨਾ 7 ਵਿਅਕਤੀ ਕਰ ਰਹੇ ਹਨ ਖੁਦਕੁਸ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਬਿਮਾਰੀ ਤੋਂ ਪ੍ਰੇਸ਼ਾਨ ਲੋਕ ਤੇਜ਼ੀ ਨਾਲ ਆਤਮ ਹੱਤਿਆ ਦਾ ਕਦਮ ਉਠਾ ਰਹੇ ਹਨ। ਦੇਸ਼ ਵਿਚ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਜਾਨ ਗੁਆਉਣ ਵਾਲੇ ਵਿਅਕਤੀਆਂ ਵਿਚ ਪੰਜਾਬ ਦਾ ਅੰਕੜਾ ਜ਼ਿਆਦਾ ਹੈ। ਦੇਸ਼ ਵਿਚ ਕੁੱਲ ਆਤਮ ਹੱਤਿਆਵਾਂ ਵਿਚ ਬਿਮਾਰੀ ਤੋਂ ਪ੍ਰੇਸ਼ਾਨ ਵਿਅਕਤੀਆਂ ਦਾ ਅੰਕੜਾ 18.6 ਪ੍ਰਤੀਸ਼ਤ ਹੈ ਤਾਂ ਪੰਜਾਬ ਵਿਚ ਇਹ 44.8 ਪ੍ਰਤੀਸ਼ਤ ਤੱਕ ਪਹੁੰਚਦਾ ਹੈ। ਰਾਹਤ ਦੀ ਗੱਲ ਇਹ ਹੈ ਕਿ 2020 ਵਿਚ ਹੋਈਆਂ 2616 ਆਤਮ ਹੱਤਿਆਵਾਂ ਦੇ ਮੁਕਾਬਲੇ ਪੰਜਾਬ ਵਿਚ ਇਹ ਅੰਕੜਾ ਕੁਝ ਘੱਟ ਹੋਇਆ ਹੈ। 2021 ਵਿਚ 2600 ਵਿਅਕਤੀਆਂ ਨੇ ਆਤਮ ਹੱਤਿਆ ਕੀਤੀ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਔਸਤਨ 7 ਵਿਅਕਤੀ ਖੁਦਕੁਸ਼ੀ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ ਪੰਜਾਬ ਵਿਚ ਪਿਛਲੇ ਸਾਲ 2600 ਵਿਅਕਤੀਆਂ ਵਿਚੋਂ 1164 ਵਿਅਕਤੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੰਗ ਹੋ ਕੇ ਆਪਣੀ ਜਾਨ ਗੁਆਈ ਹੈ। ਇਸ ਤੋਂ ਬਾਅਦ ਕੁਝ ਵਿਅਕਤੀ ਪਰਿਵਾਰਕ ਵਿਵਾਦ, ਨੌਕਰੀ ਨਾ ਮਿਲਣਾ, ਡਰੱਗ ਜਾਂ ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ ਹੋ ਕੇ ਜਾਨ ਗੁਆ ਰਹੇ ਹਨ।
ਸੋਸ਼ਿਓਲੌਜੀ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਪਰਿਵਾਰਕ ਅਤੇ ਆਰਥਿਕ ਦਬਾਅ ਦੇ ਕਾਰਨ ਲੋਕ ਇਲਾਜ ਨਹੀਂ ਕਰਵਾ ਪਾ ਰਹੇ ਹਨ। ਦੱਸਿਆ ਗਿਆ ਕਿ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਮਹਿੰਗਾ ਹੈ। ਅਜਿਹੇ ਵਿਚ ਲੋਕ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਵਰਗਾ ਕਦਮ ਉਠਾਉਣ ਲਈ ਮਜ਼ਬੂਰ ਹੋ ਜਾਂਦੇ ਹਨ। ਐਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ 2021 ਵਿਚ ਹਰਿਆਣਾ ਵਿਚ ਨਸ਼ਿਆਂ ਦੀ ਵਜ੍ਹਾ ਕਰਕੇ 89 ਵਿਅਕਤੀਆਂ ਨੇ ਜਾਨ ਦਿੱਤੀ ਹੈ, ਉਥੇ ਰਾਜਸਥਾਨ ਵਿਚ 186 ਅਤੇ ਦਿੱਲੀ ਵਿਚ 114 ਵਿਅਕਤੀਆਂ ਨੇ ਆਤਮ ਹੱਤਿਆ ਕੀਤੀ ਹੈ। ਜਦਕਿ ਹਿਮਾਚਲ ਵਿਚ 30, ਉਤਰਾਖੰਡ ਵਿਚ 2, ਜੰਮੂ ਕਸ਼ਮੀਰ ਵਿਚ 6, ਚੰਡੀਗੜ੍ਹ ਵਿਚ 5 ਅਤੇ ਪੰਜਾਬ ਵਿਚ 78 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ ਹੈ।