ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵੱਡੀ ਜਿੱਤ ਹੋਈ ਹੈ। ਇਸੇ ਦੌਰਾਨ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਸੰਗਰੂਰ ਵਿਚ ਵੱਡੇ ਇਕੱਠੇ ਨੂੰ ਸੰਬੋਧਨ ਵੀ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖਟਕੜ ਕਲਾਂ ਵਿਚ ਸਹੁੰ ਚੁੱਕ ਸਮਾਗਮ ਕਰੇਗੀ ਅਤੇ ਇਸ ਬਾਰੇ ਤਰੀਕ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ, ਸਗੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਲਗਾਈ ਜਾਵੇਗੀ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਅੱਜ ਵਿਆਹ ਵਾਲਾ ਮਹੌਲ ਬਣ ਗਿਆ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਵੱਡੀ ਗਿਣਤੀ ਪਹੁੰਚ ਹੋਏ ਸਨ। ਇਸ ਮੌੇਕੋੇ ਪਿੰਡ ਦੀਆਂ ਬੀਬੀਆਂ ਨੇ ਗਿੱਧਾ ਪਾ ਕੇ ਖੁਸ਼ੀ ਮਨਾਈ। ਇਹ ਵੀ ਦੱਸਿਆ ਗਿਆ ਕਿ ਪਿੰਡ ਦੀ ਅਨਾਜ ਮੰਡੀ ਵਿੱਚ ਵੱਡੀ ਸਕਰੀਨ ਲਗਾ ਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਚੋਣ ਨਤੀਜਿਆਂ ਦਾ ਆਨੰਦ ਮਾਣਿਆ ਅਤੇ ਜਿਉਂ ਹੀ ਭਗਵੰਤ ਮਾਨ ਦੀ ਜਿੱਤ ਦਾ ਐਲਾਨ ਹੋਇਆ ਤਾਂ ਲੋਕਾਂ ਨੇ ਪਟਾਕੇ ਚਲਾ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ।