ਸਰੀ : ਉਰਦੂ ਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਦੀਮ ਪਰਮਾਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ 88 ਵਰ੍ਹਿਆਂ ਦੇ ਸਨ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਲੰਮੇ ਸਮੇਂ ਤੋਂ ਸਰਗਰਮ ਮੈਂਬਰ ਸਨ। ਉਨ੍ਹਾਂ ਆਪਣਾ ਸਾਹਿਤਕ ਸਫਰ ਉਰਦੂ ਗ਼ਜ਼ਲ ਤੋਂ ਕੀਤਾ ਅਤੇ ਫਿਰ ਪੰਜਾਬੀ ਗ਼ਜ਼ਲ ਵੱਲ ਰੁਖ਼ ਕੀਤਾ। ਉਹ ਗ਼ਜ਼ਲ ਅਤੇ ਪਿੰਗਲ-ਅਰੂਜ਼ ਦੇ ਮਾਹਿਰ ਸਨ। ਗ਼ਜ਼ਲ ਦੇ ਨਾਲ ਨਾਲ ਉਨ੍ਹਾਂ ਨਾਵਲ ਅਤੇ ਕਹਾਣੀਆਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੇ 11 ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਮਵਰ ਗ਼ਜ਼ਲ ਗਾਇਕ ਜਗਜੀਤ ਸਿੰਘ ਵੱਲੋਂ ਉਨ੍ਹਾਂ ਦੀ ਗ਼ਜ਼ਲ ‘ਜ਼ਖ਼ਮ ਮਿਲੇ ਤੋ ਸੀ ਲੇਤੇ ਹੈਂ, ਅਸ਼ਕ ਮਿਲੇ ਤੋ ਪੀ ਲੇਤੇ ਹੈਂ’ ਨੂੰ ਆਪਣਾ ਸੁਰ ਦੇਣਾ ਅਤੇ ਵੈਨਕੂਵਰ ਵਿਖੇ ਆਪਣੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਸਟੇਜ ‘ਤੇ ਬੁਲਾ ਕੇ ਵਡੇਰਾ ਮਾਣ ਦੇਣਾ ਉਨ੍ਹਾਂ ਲਈ ਸਭ ਤੋਂ ਵੱਡੀ ਸਾਹਿਤਕ ਪ੍ਰਾਪਤੀ ਰਹੀ। ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਮਾਣ ਸਨਮਾਨ ਦਿੱਤੇ ਗਏ। ਉਨ੍ਹਾਂ ਦੇ ਰੁਖ਼ਸਤ ਹੋ ਜਾਣ ‘ਤੇ ਵੈਨਕੂਵਰ, ਸਰੀ ਅਤੇ ਕੈਨੇਡਾ ਦੇ ਸਾਹਿਤਕਾਰਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪਰਿਵਾਰ ਵੱਲੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 26 ਅਪ੍ਰੈਲ 2025 ਨੂੰ ਬਾਅਦ ਦੁਪਹਿਰ 3 ਵਜੇ ਰਿਵਰਸਾਈਡ ਫਿਊਨਰਲ ਹੋਮ (7410 ਹੌਪਕੌਟ ਰੋਡ) ਡੈਲਟਾ ਵਿਖੇ ਹੋਵੇਗਾ ਤੇ ਉਪਰੰਤ ਅਕਾਲੀ ਸਿੰਘ ਗੁਰਦੁਆਰਾ ਵੈਨਕੂਵਰ (1890 ਸਕੀਨਾ ਰੋਡ) ਵਿਖੇ ਭੋਗ ਪਾਇਆ ਜਾਵੇਗਾ ਤੇ ਅੰਤਿਮ ਅਰਦਾਸ ਹੋਵੇਗੀ।