ਅਟਾਰੀ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਕੌਰੀਡੋਰ ਸਮਝੌਤੇ ‘ਤੇ ਅੱਜ ਦਸਤਖਤ ਕਰ ਦਿੱਤੇ। ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰੇਕ ਭਾਰਤੀ ਸ਼ਰਧਾਲੂ ਨੂੰ 20 ਡਾਲਰ ਯਾਨੀ 1420 ਰੁਪਏ ਦੇਣੇ ਹੀ ਪੈਣਗੇ। ਦੋਵੇਂ ਦੇਸ਼ਾਂ ਵਿਚਕਾਰ ਸਰਹੱਦ ਦੀ ਜ਼ੀਰੋ ਲਾਈਨ ‘ਤੇ ਮੁਲਾਕਾਤ ਹੋਈ ਅਤੇ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਮੋਕੇ ਭਾਰਤ ਵਲੋਂ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ. ਦਾਸ ਅਤੇ ਪਾਕਿ ਵਲੋਂ ਮੁਹੰਮਦ ਫੈਜ਼ਲ ਹਾਜ਼ਰ ਸਨ। ਸਮਝੌਤੇ ਤੋਂ ਬਾਅਦ ਐਸ.ਸੀ.ਐਲ. ਦਾਸ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਨੂੰ ਲੰਗਰ ਅਤੇ ਪ੍ਰਸਾਦ ਪਾਕਿਸਤਾਨ ਵਲੋਂ ਹੀ ਦਿੱਤਾ ਜਾਵੇਗਾ। ਸਮਝੌਤੇ ‘ਤੇ ਦਸਤਖਤ ਹੋਣ ਦੇ ਨਾਲ ਹੀ ਰਜਿਸਟ੍ਰੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਸ਼ਰਧਾਲੂ parkashpurb550.mha.gov.in ਉਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ਾਮ ਨੂੰ ਵਾਪਸ ਪਰਤਣਾ ਜ਼ਰੂਰੀ
ਸ਼ਰਧਾਲੂਆਂ ਨੂੰ ਪਾਸਪੋਰਟ ਦੇ ਨਾਲ ਓ.ਸੀ.ਆਈ. ਕਾਰਡ ਲਿਜਾਣਾ ਵੀ ਜ਼ਰੂਰੀ
ਬਟਾਲਾ/ਬਿਊਰੋ ਨਿਊਜ਼ : ਭਾਰਤ ਤੇ ਪਾਕਿ ਵਲੋਂ ਕਰਤਾਰਪੁਰ ਕੌਰੀਡੋਰ ਸਬੰਧੀ ਸਮਝੌਤਾ ਹੋ ਗਿਆ ਹੈ। ਇਸ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਐੱਸ. ਸੀ. ਐੱਲ. ਦਾਸ ਨੇ ਦੱਸਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੇ ਨਾਲ ਇੱਕ ਓ. ਸੀ. ਆਈ. ਕਾਰਡ ਸ਼ਨਾਖ਼ਤ ਵਜੋਂ ਲਿਜਾਣਾ ਜ਼ਰੂਰੀ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁ ਫੁੱਟ ‘ਤੇ ਜਾਣਗੇ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਨ੍ਹਾਂ ਨੂੰ ਵਾਪਸ ਪਰਤਣਾ ਪਵੇਗਾ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਇਹ ਲਾਂਘਾ ਪੂਰਾ ਸਾਲ ਖੁੱਲ੍ਹਾ ਰਹੇਗਾ ਪਰ ਸਰਕਾਰ ਵਲੋਂ ਨਿਰਧਾਰਿਤ ਦਿਨਾਂ ‘ਚ ਇਹ ਬੰਦ ਵੀ ਰਹਿ ਸਕਦਾ ਹੈ। ਭਾਰਤ ਦਾ ਇਮੀਗ੍ਰੇਸ਼ਨ ਵਿਭਾਗ ਯਾਤਰਾ ਕਰਨ ਦੀ ਤਰੀਕ ਤੋਂ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਗਿਣਤੀ ਦੇਵੇਗਾ ਅਤੇ ਯਾਤਰਾ ਕਰਨ ਦੀ ਤਰੀਕ ਤੋਂ ਚਾਰ ਦਿਨ ਪਹਿਲਾਂ ਸ਼ਰਧਾਲੂਆਂ ਨੂੰ ਸੂਚਨਾ ਦਿੱਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਸ਼ਰਧਾਲੂਆਂ ਦੇ ਪਾਸਪੋਰਟ ‘ਤੇ ਕੋਈ ਮੋਹਰ ਨਹੀਂ ਲੱਗੇਗੀ।