Breaking News
Home / ਪੰਜਾਬ / ਸੰਨੀ ਦਿਓਲ ਨੂੰ ਵੋਟਾਂ ਲੋਕਾਂ ਨੇ ਸਿਰਫ ਸੈਲਫੀ ਖਿਚਾਉਣ ਲਈ ਪਾਈਆਂ : ਜਾਖੜ

ਸੰਨੀ ਦਿਓਲ ਨੂੰ ਵੋਟਾਂ ਲੋਕਾਂ ਨੇ ਸਿਰਫ ਸੈਲਫੀ ਖਿਚਾਉਣ ਲਈ ਪਾਈਆਂ : ਜਾਖੜ

ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਹਲਕੇ ਤੋਂ ਆਪਣਾ ਨੁਮਾਇੰਦਾ ਲਾਏ ਜਾਣ ਦਾ ਕਾਂਗਰਸੀ ਆਗੂਆਂ ਨੇ ਵਿਰੋਧ ਕਰਦਿਆਂ ਸੰਸਦ ਮੈਂਬਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਗੁਰਦਾਸਪੁਰ ਤੋਂ ਚੋਣ ਹਾਰੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਨੇ ਬੌਲੀਵੁੱਡ ਅਦਾਕਾਰ ਨੂੰ ਇਸ ਲਈ ਵੋਟਾਂ ਪਾਈਆਂ ਸਨ ਤਾਂ ਜੋ ਉਹ ਉਸ ਨਾਲ ਸੈਲਫੀ ਖਿੱਚ ਸਕਣ। ਜਾਖੜ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟਰ ਹਮੇਸ਼ਾ ਸਹੀ ਹੁੰਦਾ ਹੈ। ਸਨੀ ਦਿਓਲ ਵੀ ਲੋਕਾਂ ਦੀ ਪਸੰਦ ਹੈ, ਜਿਸ ਨੂੰ ਸਵੀਕਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਸਨੀ ਦਿਓਲ ਤੋਂ ਸੈਲਫੀ ਤੋਂ ਵੱਧ ਹੋਰ ਕੋਈ ਉਮੀਦ ਨਹੀਂ ਹੈ।
ਰਾਜ ਸਭਾ ਸੰਸਦ ਮੈਂਬਰ ਕੇ.ਟੀ.ਐੱਸ. ਤੁਲਸੀ ਨੇ ਕਿਹਾ ਕਿ ਸਦਨ ਵਿੱਚ ਲੋਕ ਸਭਾ ਮੈਂਬਰ ਆਮ ਲੋਕਾਂ ਦੀ ਸਿੱਧੀ ਨੁਮਾਇੰਦਗੀ ਕਰਦਾ ਹੈ। ਉਹ ਲੋਕਾਂ ਨੂੰ ਜਵਾਬਦੇਹ ਹੁੰਦਾ ਹੈ ਅਤੇ ਜੇਕਰ ਉਹ ਸੋਚਦਾ ਹੈ ਕਿ ਕੋਈ ਹੋਰ ਵਿਅਕਤੀ ਉਸ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਢੁਕਵਾਂ ਹੈ ਤਾਂ ਸੰਸਦ ਮੈਂਬਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤੇ ਉਸੇ ਵਿਅਕਤੀ ਨੂੰ ਚੋਣ ਲੜਨ ਲਈ ਆਖਣਾ ਚਾਹੀਦਾ ਹੈ। ਕਾਂਗਰਸੀ ਆਗੂ ਪੂਨੀਆ ਨੇ ਕਿਹਾ ਕਿ ਲੋਕ ਸਭਾ ਮੈਂਬਰ ਨੂੰ ਹਲਕੇ ਲਈ ਆਪਣਾ ਨੁਮਾਇੰਦਾ ਲਾਉਣ ਦਾ ਹੱਕ ਹੈ, ਜੋ ਉਸ ਦੀ ਗ਼ੈਰਹਾਜ਼ਰੀ ਵਿੱਚ ਕੰਮ ਦੇਖੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਚੋਣਾਂ ਮਗਰੋਂ ਲੋਕ ਸਭਾ ਮੈਂਬਰ ਹਲਕੇ ਵਿੱਚੋਂ ਹੀ ਗਾਇਬ ਹੋ ਜਾਵੇ ਤੇ ਨੁਮਾਇੰਦਾ ਹੀ ਕੰਮ ਕਰੇ। ਉਨ੍ਹਾਂ ਕਿਹਾ ਕਿ ਨੁਮਾਇੰਦੇ ਨੇ ਤਾਂ ਸਿਰਫ਼ ਮਦਦ ਕਰਨੀ ਹੁੰਦੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਨੀ ਦਿਓਲ ਨੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਗੁਰਦਾਸਪੁਰ ਹਲਕੇ ਲਈ ਆਪਣਾ ਪ੍ਰਤੀਨਿਧ ਐਲਾਨਿਆ ਸੀ।
ਸੰਨੀ ਦਿਓਲ ਨੇ ਸਾਰੇ ਵਿਵਾਦ ਨੂੰ ਦੱਸਿਆ ਬੇਲੋੜਾ
ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣਾ ‘ਨੁਮਾਇੰਦਾ’ ਲਾਏ ਜਾਣ ਕਾਰਨ ਵਿਵਾਦਾਂ ਵਿੱਚ ਘਿਰੇ ਸੰਸਦ ਮੈਂਬਰ ਸਨੀ ਦਿਓਲ ਨੇ ਆਖਿਆ ਕਿ ਇਸ ਮੁੱਦੇ ‘ਤੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਸਨੀ ਦਿਓਲ ਨੇ ਟਵੀਟ ਕੀਤਾ, ”ਮੈਂ ਆਪਣੇ ਪੀਏ ਨੂੰ ਆਪਣੇ ਗੁਰਦਾਸਪੁਰ ਦਫ਼ਤਰ ਦੀ ਨੁਮਾਇੰਦਗੀ ਲਈ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਇਸ ਲਈ ਕੀਤੀ ਗਈ ਹੈ ਤਾਂ ਜੋ ਮੈਂ ਜਦੋਂ ਵੀ ਸੰਸਦੀ ਕਾਰਵਾਈ ਜਾਂ ਹੋਰ ਕੰਮਾਂ ਲਈ ਗੁਰਦਾਸਪੁਰ ਤੋਂ ਬਾਹਰ ਹੋਵਾਂ ਤਾਂ ਮੇਰੇ ਹਲਕੇ ਦਾ ਕੰਮ ਨਿਰਵਿਘਨ ਜਾਰੀ ਰਹੇ।” ਅਭਿਨੇਤਾ ਤੋਂ ਨੇਤਾ ਬਣੇ ਸਨੀ ਨੇ ਕਿਹਾ ਕਿ ਇਹ ਬਿਨਾ ਕਿਸੇ ਮੁੱਦੇ ਤੋਂ ਖੜ੍ਹਾ ਕੀਤਾ ਵਿਵਾਦ ਹੈ। ਉਨ੍ਹਾਂ ਕਿਹਾ ਕਿ ਨੁਮਾਇੰਦਾ ਲਾਉਣ ਦਾ ਕਾਰਨ ਕੇਵਲ ਇਹ ਹੈ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕੋਈ ਵੀ ਕੰਮ ਪ੍ਰਭਾਵਿਤ ਨਾ ਹੋਵੇ।

ਗੁਰਦਾਸਪੁਰ ਸੰਸਦੀ ਹਲਕੇ ਅੰਦਰ ਸੰਨੀ ਦਿਓਲ ਦਾ ਸਾਰਾ ਕੰਮਕਾਰ ਦੇਖਣਗੇ ਗੁਰਪ੍ਰੀਤ ਪਲਹੇੜੀ
ਸਨੀ ਨੇ ਗੁਰਪ੍ਰੀਤ ਪਲਹੇੜੀ ਨੂੰ ਪ੍ਰਤੀਨਿਧ ਨਿਯੁਕਤ ਕੀਤਾ
ਪਠਾਨਕੋਟ/ਬਿਊਰੋ ਨਿਊਜ਼ : ਗੁਰਦਾਸਪੁਰ ਸੰਸਦੀ ਹਲਕੇ ਦੀ ਹਾਲ ਹੀ ਵਿੱਚ ਹੋਈ ਚੋਣ ਸਮੇਂ ਮੁੱਖ ਭੂਮਿਕਾ ਨਿਭਾਉਣ ਵਾਲੇ ਫਿਲਮ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਆਪਣਾ ਪ੍ਰਤੀਨਿਧ ਨਿਯੁਕਤ ਕੀਤਾ ਹੈ। ਇਸ ਬਾਰੇ ਬਕਾਇਦਾ ਸਨੀ ਦਿਓਲ ਨੇ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ ਅੰਦਰ ਸਨੀ ਦਿਓਲ ਦਾ ਸਾਰਾ ਕੰਮਕਾਰ ਗੁਰਪ੍ਰੀਤ ਸਿੰਘ ਪਲਹੇੜੀ ਦੇਖਣਗੇ ਅਤੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਪ੍ਰਸ਼ਾਸਨਿਕ ਤੇ ਹੋਰ ਮਹੱਤਵਪੂਰਨ ਮੀਟਿੰਗਾਂ ਵਿਚ ਸ਼ਾਮਲ ਹੋਣਗੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਸਨੀ ਦਿਓਲ ਦੇ ਕੈਂਪ ਵਿੱਚ ਬਾਬਾ ਕਹਿ ਕੇ ਵੀ ਸੱਦਿਆ ਜਾਂਦਾ ਹੈ। ਉਨ੍ਹਾਂ ਦੀ ਨਿਊ ਚੰਡੀਗੜ੍ਹ ਵਿਚ ਰਿਹਾਇਸ਼ ਹੈ ਅਤੇ ਸਨੀ ਦਿਓਲ ਦੇ ਚੋਣ ਪ੍ਰਚਾਰ ਦੀ ਸਾਰੀ ਕਮਾਂਡ ਪਲਹੇੜੀ ਨੇ ਹੀ ਸੰਭਾਲੀ ਸੀ। ਪਲਹੇੜੀ ਨੇ ਸਨੀ ਦਿਓਲ ਦੀਆਂ ਫਿਲਮਾਂ ਦੇ ਪ੍ਰੋਡਕਸ਼ਨ ਯੂਨਿਟ ਦਾ ਸਾਰਾ ਕੰਮ ਸਾਂਭਿਆ ਹੋਇਆ ਹੈ। ਕਰੀਬ 22-23 ਸਾਲ ਪਹਿਲਾਂ ਸਨੀ ਦਿਓਲ ਦੀ ਪਹਿਲੀ ਫਿਲਮ ‘ਬੇਤਾਬ’ ਬਣੀ ਸੀ ਜਿਸ ਵਿੱਚ ਪਲਹੇੜੀ ਨੇ ਸਹਾਇਕ ਕੈਮਰਾਮੈਨ ਵਜੋਂ ਭੂਮਿਕਾ ਨਿਭਾਈ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਲਹੇੜੀ ਦਿਓਲ ਪਰਿਵਾਰ ਦੇ ਖਾਸ ਮੈਂਬਰ ਬਣੇ ਹੋਏ ਹਨ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …