Breaking News
Home / ਪੰਜਾਬ / ਲੁਧਿਆਣਾ ਜੇਲ੍ਹ ‘ਚ ਮੁਲਾਜ਼ਮਾਂ ਨੂੰ ਸਾੜਨ ਦੀ ਸਾਜਿਸ਼

ਲੁਧਿਆਣਾ ਜੇਲ੍ਹ ‘ਚ ਮੁਲਾਜ਼ਮਾਂ ਨੂੰ ਸਾੜਨ ਦੀ ਸਾਜਿਸ਼

ਗੁਰਦਾਸਪੁਰ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਨੇ ਹੀ ਕੀਤਾ ਹੰਗਾਮਾ ੲ ਭਿੰਦਾ ਤੇ ਹਿੰਦਾ ਨੇ ਹੰਗਾਮੇ ਦੌਰਾਨ ਬਣਾਈ ਸੀ ਭੱਜਣ ਦੀ ਯੋਜਨਾ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਕੇਂਦਰੀ ਜੇਲ੍ਹ ਵਿਚ ਹੋਇਆ ਹੰਗਾਮਾ ਗੁਰਦਾਸਪੁਰ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਉਰਫ ਭਿੰਦਾ ਅਤੇ ਹਰਵਿੰਦਰ ਸਿੰਘ ਉਰਫ ਹਿੰਦਾ ਨੇ ਹੀ ਅੰਜਾਮ ਦਿੱਤਾ ਸੀ। ਹੰਗਾਮੇ ਦੌਰਾਨ ਕੈਦੀਆਂ ਨੇ ਰਿਕਾਰਡ ਰੂਮ ਵਿਚ ਤਾਇਨਾਤ ਚਾਰ ਮੁਲਾਜ਼ਮਾਂ ਨੂੰ ਜਿੰਦਾ ਸਾੜਨ ਦੀ ਸਾਜਿਸ਼ ਰਚੀ ਸੀ। ਦੋਵਾਂ ਨੇ 24 ਮਾਰਚ, 2017 ਨੂੰ ਗੁਰਦਾਸਪੁਰ ਜੇਲ੍ਹ ਵਿਚ ਇਸੇ ਤਰ੍ਹਾਂ ਹੰਗਾਮਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੂੰ ਲੁਧਿਆਣਾ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਇੱਥੇ ਵੀ ਦੋਵਾਂ ਨੇ ਹੰਗਾਮੇ ਦੀ ਆੜ ਵਿਚ ਭੱਜਣ ਦੀ ਯੋਜਨਾ ਬਣਾਈ ਸੀ। ਭਿੰਦੇ ‘ਤੇ ਲੁੱਟ ਤੇ ਲੜਾਈ-ਝਗੜਿਆਂ ਦੇ 15, ਜਦਕਿ ਹਿੰਦੇ ‘ਤੇ ਪੰਜ ਮਾਮਲੇ ਦਰਜ ਹਨ। ਸੰਦੀਪ ਸੂਦ ਉਰਫ ਸੰਨੀ ਦੀ ਜੇਲ੍ਹ ਵਿਚ ਮੌਤ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ 17 ਹੋਰ ਕੈਦੀਆਂ ਨੂੰ ਆਪਣੇ ਨਾਲ ਰਲਾ ਲਿਆ। ਬੰਦੀ ਖੁੱਲ੍ਹਦੇ ਹੀ ਕੈਦੀ ਨੂੰ ਮਾਰਨ ਦੀ ਗੱਲ ਜੇਲ੍ਹ ਵਿਚ ਫੈਲਾ ਦਿੱਤੀ ਗਈ। ਹੰਗਾਮਾ ਕਰ ਰਹੇ ਕੈਦੀਆਂ ਨੇ ਪਹਿਲਾਂ ਰਿਕਾਰਡ ਰੂਮ ਵਿਚ ਵੜ ਕੇ ਅੱਗ ਲਗਾਈ। ਇੱਥੇ ਚਾਰ ਮੁਲਾਜ਼ਮ ਕੰਮ ਕਰ ਰਹੇ ਸਨ। ਕੈਦੀਆਂ ਨੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਕੁਝ ਹੋਰ ਕੈਦੀਆਂ ਨੇ ਮੁਲਾਜ਼ਮਾਂ ਦੀ ਜਾਨ ਬਚਾਈ। ਕੈਦੀਆਂ ਨੇ ਸੱਤ ਸਿਲੰਡਰਾਂ ਨੂੰ ਅੱਗ ਲਗਾਈ। ਇਕ ਸਿਲੰਡਰ ਅੱਗ ਲਗਾ ਕੇ ਸੁਪਰਡੈਂਟ ਦੀ ਗੱਡੀ ਦੇ ਹੇਠਾਂ ਰੱਖ ਦਿੱਤਾ। ਸੁਪਰਡੈਂਟ ਦੀ ਗੱਡੀ ਬੁਰੀ ਤਰ੍ਹਾਂ ਸੜ ਗਈ। ਹੰਗਾਮਾ ਕਰ ਰਹੇ ਕੈਦੀਆਂ ਨੇ ਫੈਕਟਰੀ ਤੇ ਮੈਸ ਵਿਚ ਫੜ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਦੋਵਾਂ ਥਾਵਾਂ ‘ਤੇ ਕੰਮ ਕਰ ਰਹੇ ਕੈਦੀਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਕੁਝ ਕੈਦੀਆਂ ਨੇ ਜੇਲ੍ਹ ਵਿਚ ਇਕ ਦਰਜਨ ਦੇ ਕਰੀਬ ਥਾਵਾਂ ‘ਤੇ ਅੱਗ ਲਗਾ ਦਿੱਤੀ। ਸਾਰੇ ਸੀਸੀ ਟੀਵੀ ਕੈਮਰੇ ਵੀ ਤੋੜ ਦਿੱਤੇ।

ਹੰਗਾਮਾ ਕਰਨ ਵਾਲੇ 20 ਕੈਦੀਆਂ ‘ਤੇ ਕੇਸ ਦਰਜ
ਜੇਲ੍ਹ ਵਿਚ ਹਿੰਸਾ ਫੈਲਾਉਣ, ਮੁਲਾਜ਼ਮਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦੇ ਬਿਆਨਾਂ ‘ਤੇ ਗੈਂਗਸਟਰਾਂ ਦੇ ਦੋ ਗੁੱਟਾ ਦੇ 20 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚ ਕੈਦੀ ਗਗਨਦੀਪ ਸਿੰਘ ਘਣੀਆਂ, ਰਣਬੀਰ, ਹਰਿੰਦਰ, ਭੁਪਿੰਦਰ, ਬੂਟਾ ਖਾਨ, ਬਾਬੂ, ਗੱਗੂ, ਵਿਸ਼ਾਲ, ਪੰਕਜ, ਸੁਨੀਲ, ਸਰਵਣ, ਰਣਜੀਤ, ਗੁਰਜੰਟ, ਰਮੇਸ਼, ਕਰਨਜੋਤ, ਜੰਟਾ, ਰਾਕੇਸ਼, ਕਿਊਮ ਖਾਨ ਤੇ ਦੋ ਕਰਮਜੀਤ ਨਾਂ ਦੇ ਵਿਅਕਤੀ ਸ਼ਾਮਲ ਸਨ।
ਬਹਾਦਰ ਅਧਿਕਾਰੀਆਂ ਨੂੰ ਇਨਾਮ, ਮੱਦਦਗਾਰ ਕੈਦੀਆਂ ਦਾ ਸਨਮਾਨ
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਦਾ ਦੌਰਾ ਕੀਤਾ। ਉਨ੍ਹਾਂ ਉਚ ਸੁਰੱਖਿਆ ਜ਼ੋਨ ਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ, ਜਿੱਥੇ ਕੈਦੀਆਂ ਨੇ ਨੁਕਸਾਨ ਪਹੁੰਚਾਇਆ ਸੀ। ਇਸ ਮੌਕੇ ਡੀਜੀਪੀ ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਘਟਨਾਕ੍ਰਮ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਗੜਬੜੀ ਪਿੱਛੇ, ਜਿਨ੍ਹਾਂ ਕੈਦੀਆਂ ਦਾ ਹੱਥ ਹੈ, ਅਸਲ ਵਿਚ ਉਹ ਜੇਲ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਖਿਲਾਫ ਵਰਤੀ ਜਾ ਰਹੀ ਸਖਤੀ ਤੋਂ ਪ੍ਰੇਸ਼ਾਨ ਸਨ। ਇਹ ਕੈਦੀ ਇਸ ਗੱਲ ਤੋਂ ਔਖੇ ਸਨ ਕਿਉਂਕਿ ਉਨ੍ਹਾਂ ਨੂੰ ਸੁਰੱਖਿਅਤ ਜ਼ੋਨ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ ਤੇ ਨਾ ਹੀ ਪਾਬੰਦੀਸ਼ੁਦਾ ਚੀਜ਼ਾਂ ਜੇਲ੍ਹ ਦੇ ਅੰਦਰ ਲਿਆਉਣ ਦੀ ਆਗਿਆ ਦਿੱਤੀ ਜਾ ਰਹੀ ਸੀ। ਰੰਧਾਵਾ ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਵੀ ਮਿਲੇ, ਜਿਨ੍ਹਾਂ ਨੇ ਦਲੇਰੀ ਤੇ ਹਿੰਮਤ ਨਾਲ ਹਾਲਾਤ ਕਾਬੂ ਕੀਤੇ। ਜੇਲ੍ਹ ਮੰਤਰੀ ਨੇ ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਮੱਦਦ ਕਰਨ ਵਾਲੇ ਕੈਦੀਆਂ ਨੂੰ ਸਨਮਾਨਿਤ ਕਰਨ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਹੋਈ ਗੜਬੜੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਨੇ ਅਹਿਮ ਰੋਲ ਨਿਭਾਇਆ ਸੀ। ਇਸ ਨੂੰ ਦੇਖਦਿਆਂ ਜੇਲ੍ਹ ਮੰਤਰੀ ਨੇ ਡੀਜੀਪੀ ਨੂੰ ਕਿਹਾ ਕਿ ਜੇਲ੍ਹ ਵਿਭਾਗ ਨੂੰ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ।
ਲੁਧਿਆਣਾ ਜੇਲ੍ਹ ‘ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਸ਼ੁਰੂ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਸਮੇਤ ਦੂਜੀਆਂ ਗਠਿਤ ਕੀਤੀਆਂ ਵਿਸ਼ੇਸ਼ ਜਾਂਚ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਅਗਰਵਾਲ ਨੇ ਲੁਧਿਆਣਾ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਹਿੰਸਾ ਦੇ ਵੱਖ ਵੱਖ ਪੱਖਾਂ ਬਾਰੇ ਜਾਂਚ ਪੜਤਾਲ ਕੀਤੀ। ਉਹ 6 ਘੰਟੇ ਤੋਂ ਵੱਧ ਸਮਾਂ ਜੇਲ੍ਹ ਅੰਦਰ ਰਹੇ ਅਤੇ ਉਨ੍ਹਾਂ ਬਰੀਕੀ ਨਾਲ ਸਾਰੇ ਪੱਖਾਂ ਤੋਂ ਵੇਰਵੇ ਹਾਸਲ ਕੀਤੇ।
ਉਨ੍ਹਾਂ ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦੇ ਬਿਆਨ ਕਲਮਬੱਧ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜੇਲ੍ਹ ਅੰਦਰ ਮੁਲਾਕਾਤੀ ਸਥਾਨ ਦਾ ਦੌਰਾ ਕੀਤਾ ਅਤੇ ਮੁਲਾਕਾਤੀਆਂ ਦੇ ਵੇਰਵੇ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ। ਉਨ੍ਹਾਂ ਜੇਲ੍ਹ ਵਿਚ ਉਨ੍ਹਾਂ ਥਾਵਾਂ ਦਾ ਵੀ ਦੌਰਾ ਕੀਤਾ, ਜਿੱਥੋਂ ਜੇਲ੍ਹ ਦੇ ਕੈਦੀ ਫ਼ਰਾਰ ਹੋ ਗਏ ਸਨ। ਅਗਰਵਾਲ ਨੇ ਕੇਂਦਰੀ ਜੇਲ੍ਹ ਦੇ ਰਿਕਾਰਡ ਦੀ ਵੀ ਚੈਕਿੰਗ ਕੀਤੀ ਅਤੇ ਜੇਲ੍ਹ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ। ਉਨ੍ਹਾਂ ਉਹ ਥਾਂ ਵੀ ਵੇਖੀ ਜਿੱਥੇ ਗੋਲੀਆਂ ਚੱਲੀਆਂ ਸਨ।
ਲੁਧਿਆਣਾ ਜੇਲ੍ਹ ਹਿੰਸਾ ‘ਚ ਮਾਰੇ ਗਏ ਕੈਦੀ ਅਜੀਤ ਸਿੰਘ ਦਾ ਸਸਕਾਰ
ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਭੜਕੀ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਕੈਦੀ ਅਜੀਤ ਸਿੰਘ ਬਾਬਾ ਦਾ ਪੰਜ ਦਿਨਾਂ ਬਾਅਦ ਸੋਮਵਾਰ ਨੂੰ ਪਰਿਵਾਰ ਨੇ ਸਸਕਾਰ ਕਰ ਦਿੱਤਾ ਹੈ। ਸਿਰ ‘ਤੇ ਸਿਹਰਾ ਬੰਨ੍ਹੇ ਆਪਣੇ ਪੁੱਤ ਦੀ ਲਾਸ਼ ਦਾ ਸਸਕਾਰ ਕਰਕੇ ਸ਼ਮਸ਼ਾਨਘਾਟ ਵਿੱਚੋਂ ਬਾਹਰ ਆਏ ਅਜੀਤ ਦੇ ਪਿਤਾ ਹਰਜਿੰਦਰ ਸਿੰਘ ਨੇ ਉਥੇ ਖੜ੍ਹੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਘਟਨਾ ਵਿਚ ਇਨਸਾਫ ਲੈਣ ਲਈ ਹਾਈ ਕੋਰਟ ਜਾਣਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਚਾਰ ਮਹੀਨੇ ਪਹਿਲਾਂ ਝੂਠੇ ਮਾਮਲੇ ਵਿੱਚ ਫਸਾ ਕੇ ਪੁਲਿਸ ਨੇ ਅਜੀਤ ਜੇਲ੍ਹ ਭੇਜ ਦਿੱਤਾ ਸੀ।
ਕੈਦੀਆਂ ਦੀ ਹਿੰਸਾ ਦੀ ਬਹਿਬਲ ਕਲਾਂ ਗੋਲੀਕਾਂਡ ਨਾਲ ਤੁਲਨਾ ਕਰਨੀ ਸਿੱਖ ਕੌਮ ਦੀ ਤੌਹੀਨ
ਰੰਧਾਵਾ ਨੇ ਜੇਲ੍ਹ ਵਿਚ ਹਿੰਸਾ ਦੇ ਮੁੱਦੇ ‘ਤੇ ਸੁਖਬੀਰ ਨੂੰ ਵੰਗਾਰਿਆ
ਚੰਡੀਗੜ੍ਹ : ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉੱਪਰ ਟਿੱਪਣੀਆਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਜੇ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਗਿਆਨ ਦੇ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ। ਉਨ੍ਹਾਂ ਨੇ ਸਾਬਕਾ ਉੱਪ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜੇਕਰ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਜੇਲ੍ਹ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ੍ਹ ਮੈਨੂਅਲ ਦੀ ਧਾਰਾ 363 ਤੋਂ 367 ਪੜ੍ਹ ਲੈਣ ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜੇਲ੍ਹ ਅਧਿਕਾਰੀਆਂ ਨੂੰ ਹਥਿਆਰ ਚਲਾਉਣ ਦੇ ਪੂਰੇ ਅਧਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਿੱਖ ਕੌਮ ਤੋਂ ਮੁਆਫੀ ਮੰਗਣ। ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਆਗੂ ਨੂੰ ਚੇਤੇ ਕਰਵਾਇਆ ਹੈ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਗੈਂਗਸਟਰ ਜੇਲ੍ਹਾਂ ਵਿੱਚੋਂ ਭੱਜਦੇ ਰਹੇ ਹਨ। ਪਿਛਲੀ ਸਰਕਾਰ ਸਮੇਂ ਦੀਆਂ ਕੁਝ ਘਟਨਾਵਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਵਿੱਚੋਂ ਵਿੱਕੀ ਗੌਂਡਰ ਸਣੇ ਕਈ ਗੈਂਗਸਟਰ ਫਰਾਰ ਹੋਏ ਸਨ ਜਿਨ੍ਹਾਂ ਨੂੰ ਫੜਨ ਵਿੱਚ ਸਾਬਕਾ ਸਰਕਾਰ ਨਾਕਾਮ ਰਹੀ ਸੀ।

ਲੁਧਿਆਣਾ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ‘ਤੇ ਕੀਤੀ ਸਖਤੀ
ਕੈਦੀਆਂ ਨੂੰ ਬੈਰਕਾਂ ਵਿਚੋਂ ਕੱਢ ਕੇ ‘ਚੱਕੀਆਂ’ ਵਿਚ ਕੀਤਾ ਬੰਦ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹਿੰਸਾ ਭੜਕਾਉਣ ਵਾਲੇ ਕੈਦੀਆਂ ਦੀ ਹੁਣ ਜੇਲ੍ਹ ਵਿੱਚ ‘ਸੇਵਾ’ ਕੀਤੀ ਜਾ ਰਹੀ ਹੈ। ਹੰਗਾਮੇ ਦੌਰਾਨ ਭੜਕਾਊ ਬਿਆਨ ਫੇਸਬੁੱਕ ‘ਤੇ ਵੀਡੀਓ ਅਪਲੋਡ ਕਰਨ ਵਾਲੇ ਬੰਦੀਆਂ ਤੇ ਕੈਦੀਆਂ ਦੀ ਪਛਾਣ ਕਰਕੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ‘ਤੇ ਸਖ਼ਤੀ ਕਰ ਰਿਹਾ ਹੈ। ਸੂਤਰਾਂ ਅਨੁਸਾਰ ਜੇਲ੍ਹ ‘ਚ ਹਿੰਸਾ ਭੜਕਾਉਣ ਵਾਲੇ ਕੈਦੀਆਂ ਦਾ ਰੋਟੀ-ਪਾਣੀ ਬੰਦ ਹੈ ਅਤੇ ਕੁਝ ਕੈਦੀਆਂ ਨੂੰ ਬੈਰਕਾਂ ਵਿੱਚੋਂ ਕੱਢ ਕੇ ‘ਚੱਕੀਆਂ’ (ਚਾਰ ਫੁੱਟ ਚੌੜਾ ਤੇ 8 ਫੁੱਟ ਲੰਮਾ ਕਮਰਾ) ਵਿੱਚ ਵੀ ਬੰਦ ਕੀਤਾ ਗਿਆ ਹੈ, ਤਾਂ ਕਿ ਉਨ੍ਹਾਂ ਨੂੰ ਸਬਕ ਸਿਖਿਆ ਜਾ ਸਕੇ। ਇਸ ਦੇ ਨਾਲ ਹੀ ਹੁਣ ਜੇਲ੍ਹ ਦਾ ਪ੍ਰਸ਼ਾਸਨ ਕੈਦੀਆਂ ‘ਤੇ ਪੂਰੀ ਸਖ਼ਤੀ ਦੇ ਮੂਡ ਵਿੱਚ ਹੈ। ਦੱਸ ਦਈਏ ਕਿ ਇਸ ਹਿੰਸਾ ਵਿੱਚ ਕੈਦੀਆਂ ਦੀ ਪੱਥਰਬਾਜ਼ੀ ਕਾਰਨ ਜੇਲ੍ਹ ਦਾ ਡੀਐੱਸਪੀ, ਏਸੀਪੀ ਸਮੇਤ ਕਈ ਪੁਲਿਸ ਮੁਲਾਜ਼ਮ ਫੱਟੜ ਹੋ ਗਏ ਸਨ।
ਦਰਅਸਲ, ਜੇਲ੍ਹ ਵਿੱਚ ਵੱਧਦੇ ਭ੍ਰਿਸ਼ਟਾਚਾਰ ਤੇ ਅਫ਼ਸਰਾਂ ਵੱਲੋਂ ਕੈਦੀਆਂ ਨੂੰ ਦਿੱਤੀ ਗਈ ਖੁੱਲ੍ਹ ਕਾਰਨ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਬੰਦੀਆਂ ਦੇ ਹੌਂਸਲੇ ਬੁਲੰਦ ਸਨ। ਉਹ ਆਪਣੇ ਤਰੀਕੇ ਨਾਲ ਅਲੱਗ ਰੋਟੀ ਪਾਣੀ ਬਣਾ ਕੇ ਖਾਂਦੇ ਸਨ। ਇਹ ਸਭ ਕੁਝ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੀ ਹੁੰਦਾ ਸੀ। ਇੰਨਾ ਹੀ ਨਹੀਂ, ਜੇਲ੍ਹ ਅੰਦਰੋਂ ਆਈਆਂ ਵੀਡੀਓਜ਼ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਜੇਲ੍ਹ ਵਿੱਚ ਕੈਦੀ ਆਸਾਨੀ ਨਾਲ ਮੋਬਾਈਲ ਫੋਨ ਚਲਾ ਰਹੇ ਹਨ। ਕਈ ਵਾਰ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਹੈ। ਜਦੋਂ ਇਨ੍ਹਾਂ ਕੈਦੀਆਂ ਨੇ ਸਿੱਧਾ ਜੇਲ੍ਹ ਦੇ ਮੁਲਾਜ਼ਮਾਂ ‘ਤੇ ਹੀ ਹਮਲਾ ਕਰ ਦਿੱਤਾ ਤੇ ਜੇਲ੍ਹ ‘ਤੇ ਕਬਜ਼ਾ ਕਰ ਲਿਆ ਤਾਂ ਹੁਣ ਅਫ਼ਸਰ ਨੀਂਦ ਤੋਂ ਜਾਗੇ ਹਨ। ਹੁਣ ਉਹੀ ਜੇਲ੍ਹ ਅਫ਼ਸਰ ਕੈਦੀਆਂ ਤੇ ਬੰਦੀਆਂ ‘ਤੇ ਸਖ਼ਤੀ ਕਰਨ ਦੇ ਮੂਡ ਵਿੱਚ ਹਨ। ਹਿੰਸਾ ਭੜਕਾਉਣ ਵਾਲੇ ਕੈਦੀਆਂ ਦੀ ਜੇਲ੍ਹ ਵਿੱਚ ‘ਸੇਵਾ’ ਕੀਤੀ ਜਾ ਰਹੀ ਹੈ।
ਕੈਦੀਆਂ ਨੇ ਵੀਡੀਓ ਬਣਾ ਕੇ ਕੀਤਾ ਖੁਲਾਸਾ
ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਬੰਦੀਆਂ ਨੇ ਹੰਗਾਮਾ ਤਾਂ ਕਰ ਦਿੱਤਾ, ਪਰ ਉਹ ਹੁਣ ਉਸ ਦੇ ਨਤੀਜੇ ਤੋਂ ਵੀ ਡਰ ਰਹੇ ਹਨ। ਇਸ ਸਬੰਧੀ ਇੱਕ ਵੀਡੀਓ ਕੈਦੀਆਂ ਨੇ ਬਣਾ ਕੇ ਵਾਇਰਲ ਕੀਤੀ ਹੈ, ਜਿਸ ਵਿੱਚ ਕੈਦੀਆਂ ਨੇ ਆਪਣਾ ਮੂੰਹ ਤਾਂ ਢਕਿਆ ਹੋਇਆ ਹੈ। ਉਹ ਇੱਕ ਦੂਜੇ ਨੂੰ ਨਾਂ ਲੈ ਕੇ ਬੁਲਾ ਰਹੇ ਹਨ। ਇਸ ਵਿੱਚ ਕੈਦੀ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਦਿਖਾ ਰਹੇ ਹਨ। ਕੈਦੀ ਸਾਫ਼ ਕਹਿ ਰਹੇ ਹਨ ਕਿ ਸਨੀ ਸੂਦ ਨਾਲ ਪੈਸੇ ਦੇ ਮਾਮਲੇ ਨੂੰ ਲੈ ਕੇ ਹੋਈ ਕੁੱਟਮਾਰ ਹੀ ਹਿੰਸਾ ਦਾ ਅਸਲੀ ਕਾਰਨ ਹੈ। ਇਸ ਵੀਡੀਓ ਵਿੱਚ ਕੈਦੀ ਇਹ ਵੀ ਕਹਿ ਰਹੇ ਹਨ ਕਿ ਇਸ ਘਟਨਾ ਤੋਂ ਬਾਅਦ ਹੁਣ ਉਨ੍ਹਾਂ ਨਾਲ ਜੇਲ੍ਹ ਵਿੱਚ ਕੁੱਟਮਾਰ ਹੋ ਰਹੀ ਹੈ। ਉਨ੍ਹਾਂ ਦੇ ਘਰ ਤੱਕ ਵੀ ਜੇਲ੍ਹ ਪ੍ਰਸ਼ਾਸਨ ਧਮਕੀਆਂ ਦਿੰਦਾ ਹੈ।
ਜੇਲ੍ਹ ਵਿਚ ਤਲਾਸ਼ੀ ਦੌਰਾਨ 9 ਮੋਬਾਈਲ ਬਰਾਮਦ :ਕੇਂਦਰੀ ਜੇਲ੍ਹ ਵਿੱਚ ਲੁਧਿਆਣਾ ਪੁਲਿਸ ਦੇ ਕਰੀਬ 300 ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ। ਇਸ ਦੌਰਾਨ ਪੁਲਿਸ ਦੀ ਮਦਦ ਨਾਲ ਜੇਲ੍ਹ ਪ੍ਰਸ਼ਾਸਨ ਨੇ ਕਈ ਬੈਰਕਾਂ ਦੀ ਤਲਾਸ਼ੀ ਲਈ। ਜਿੱਥੋਂ ਪੁਲਿਸ ਨੂੰ 9 ਮੋਬਾਈਲ ਫੋਨ ਬਰਾਮਦ ਹੋਏ ਹਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …