ਭਗਵੰਤ ਮਾਨ ਬਣਨਗੇ ਪੰਜਾਬ ਦੇ ਮੁੱਖ ਮੰਤਰੀ
ਕਾਂਗਰਸ ਨੂੰ 18, ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ 4, ਭਾਜਪਾ ਗਠਜੋੜ ਨੂੰ 2 ਅਤੇ ਇਕ ਸੀਟ ਅਜ਼ਾਦ ਉਮੀਦਵਾਰ ਨੂੰ ਮਿਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਇਤਿਹਾਸ ਰਚਦਿਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਆਏ ਚੋਣ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ 117 ਵਿਚੋਂ 92 ਸੀਟਾਂ ’ਤੇ ਜਿੱਤ ਦਰਜ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸੇ ਤਰ੍ਹਾਂ ਕਾਂਗਰਸ ਨੂੰ ਸਿਰਫ 18, ਸ਼ੋ੍ਰਮਣੀ-ਅਕਾਲੀ ਦਲ ਬਸਪਾ ਗਠਜੋੜ ਨੂੰ 4, ਭਾਜਪਾ ਗਠਜੋੜ ਨੂੰ 2 ਅਤੇ ਇਕ ਸੀਟ ਤੋਂ ਅਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿਚ ਮੁੱਖ ਮੰਤਰੀ ਚਿਹਰਾ ਐਲਾਨ ਕਰਕੇ ਚੋਣ ਲੜੀ ਸੀ ਅਤੇ ਵੱਡੀ ਜਿੱਤ ਦਰਜ ਕੀਤੀ ਹੈ ਅਤੇ ਹੁਣ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਉਧਰ ਸੱਤਾਧਾਰੀ ਕਾਂਗਰਸ ਪਾਰਟੀ ਸਿਰਫ 18 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ ਅਤੇ ਚਰਨਜੀਤ ਸਿੰਘ ਚੰਨੀ ਵੀ ਦੋਵੇਂ ਸੀਟਾਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਹਾਰ ਗਏ ਹਨ। ਧਿਆਨ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਨੇ ਮਿਲ ਕੇ ਚੋਣਾਂ ਲੜੀਆਂ ਸਨ, ਜਿਨ੍ਹਾਂ ਵਿਚੋਂ ਸਿਰਫ ਤਿੰਨ ਸੀਟਾਂ ਤੋਂ ਅਕਾਲੀ ਦਲ ਅਤੇ ਨਵਾਂਸ਼ਹਿਰ ਸੀਟ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਡਾ. ਨਛੱਤਰਪਾਲ ਜੇਤੂ ਰਿਹਾ ਹੈ। ਧਿਆਨ ਰਹੇ ਕਿ ਪੰਜਾਬ ਦੀਆਂ ਇਨ੍ਹਾਂ ਵਿਚ ਚੋਣਾਂ ਵਿਚ ਕਾਂਗਰਸ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵੱਡੇ-ਵੱਡੇ ਸਿਆਸੀ ਥੰਮ ਵੀ ਹਾਰ ਗਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਹਲਕਾ ਸੁਲਤਾਨਪੁਰ ਲੋਧੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਅਤੇ ਰਾਣਾ ਇੰਦਰਪ੍ਰਤਾਪ ਦੇ ਪਿਤਾ ਰਾਣਾ ਗੁਰਜੀਤ ਸਿੰਘ ਸੋਢੀ ਵੀ ਕਾਂਗਰਸ ਦੀ ਟਿਕਟ ’ਤੇ ਕਪੂਰਥਲਾ ਤੋਂ ਚੋਣ ਜਿੱਤੇ ਹਨ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …