Breaking News
Home / ਪੰਜਾਬ / ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਕਰੇਗੀ ਪਵਿੱਤਰ ਨਗਰੀ

ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਕਰੇਗੀ ਪਵਿੱਤਰ ਨਗਰੀ

ਗ੍ਰੈਂਡ ਓਪਨਿੰਗ ‘ਚ ਭਾਰਤ ਸਮੇਤ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ, ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਲੈਣਗੀਆਂ ਹਿੱਸਾ
ਪਹਿਲਾ ਮੈਚ 1 ਦਸੰਬਰ ਨੂੰ, ਖੇਡ ਅਧਿਕਾਰੀ ਤਿਆਰੀਆਂ ‘ਚ ਲੱਗੇ
ਕਪੂਰਥਲਾ : ਪਵਿੱਤਰ ਨਗਰੀ ਦਾ ਨਾਮ ਇਕ ਵਾਰ ਫਿਰ ਤੋਂ ਪੂਰੇ ਵਿਸ਼ਵ ‘ਚ ਚਮਕਣ ਜਾ ਰਿਹਾ ਹੈ। 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਪਵਿੱਤਰ ਨਗਰੀ ਕਰੇਗੀ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਸ਼ਵ ਕਬੱਡੀ ਕੱਪ ਦਾ ਪਹਿਲਾ ਮੈਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ‘ਚ ਕਰਵਾਇਆ ਰਿਹਾ ਹੈ। ਇਸ ਦਾ ਉਦਘਾਟਨ 1 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਤੋਂ ਕੀਤਾ ਜਾਵੇਗਾ ਅਤੇ 10 ਦਸੰਬਰ ਨੂੰ ਸਮਾਪਤੀ ਡੇਰਾ ਬਾਬਾ ਨਾਨਕ ‘ਚ ਸਥਿਤ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ‘ਚ ਹੋਵੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਕਪੂਰਥਲਾ ਦਾ ਨਾਮ ਸੁਲਤਾਨਪੁਰ ਲੋਧੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੇ ਵਿਸ਼ਵ ‘ਚ ਚਮਕ ਚੁੱਕਿਆ ਹੈ। ਹੁਣ ਸੁਲਤਾਨਪੁਰ ਲੋਧੀ ‘ਚ ਹੋਣ ਵਾਲੇ ਵਿਸ਼ਵ ਕਬੱਡੀ ਮੈਚ ਦੇ ਚਲਦੇ ਜ਼ਿਲ੍ਹੇ ‘ਚ ਫਿਰ ਤੋਂ ਚਹਿਲ-ਪਹਿਲ ਵਧ ਜਾਵੇਗੀ। ਕਬੱਡੀ ਮੈਚ ਨੂੰ ਸਫ਼ਲ ਬਣਾਉਣ ਦੇ ਲਈ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ। ਉਧਰ ਪੰਜਾਬ ਖੇਡਾਂ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਸਾਰੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਉਦਘਾਟਨੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਰਫਾਰਮੈਂਸ ਦੇਣ ਲਈ ਪਹੁੰਚਣਗੇ ਬੌਲੀਵੁੱਡ ਸਿੰਗਰ
ਗ੍ਰੈਂਡ ਓਪਨਿੰਗ ‘ਚ 9 ਟੀਮਾਂ ਪਹੁੰਚਣਗੀਆਂ, ਓਪਨਿੰਗ ਮੈਚ ਤੋਂ ਇਲਾਵਾ ਹੋਣਗੇ 4 ਹੋਰ ਮੈਚ
ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਐਸਜੀਪੀਸੀ ਨੇ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਮੱਥਾ ਟੇਕਣ ਦੇ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀਆਂ।
ਹੁਣ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ ‘ਚ ਹੋਣ ਜਾ ਰਹੇ ਵਿਸ਼ਵ ਕਬੱਡੀ ਕੱਪ ਦੀ ਗ੍ਰੈਂਡ ਓਪਨਿੰਗ ‘ਚ 9 ਟੀਮਾਂ ਪਹੁੰਚਣਗੀਆਂ। ਇਸ ‘ਚ ਭਾਰਤ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਕੈਨੇਡਾ ਦੇ ਖਿਡਾਰੀ ਸ਼ਾਮਲ ਹੋਣਗੇ। ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਓਪਨਿੰਗ ਦੇ ਸਮੇਂ ਕਈ ਬੌਲੀਵੁੱਡ ਸਿੰਗਰ ਵੀ ਆਪਣੀ ਪੇਸ਼ਕਾਰੀ ਦੇਣਗੇ। ਪਹਿਲੀ ਦਸੰਬਰ ਨੂੰ ਇਸ ਓਪਨਿੰਗ ਮੈਚ ਤੋਂ ਇਲਾਵਾ ਹੋਰ ਚਾਰ ਕਬੱਡੀ ਮੈਚ ਵੀ ਖੇਡੇ ਜਾਣਗੇ। ਫਿਲਹਾਲ ਜ਼ਿਲ੍ਹਾ ਖੇਡ ਅਕਿਾਰੀ ਅਤੇ ਹੋਰ ਅਧਿਕਾਰੀ ਸੁਲਤਾਨਪੁਰ ਲੋਧੀ ‘ਚ ਹੋਣ ਵਾਲੇ ਕਬੱਡੀ ਮੈਚ ਨੂੰ ਲੈ ਕੇ ਤਿਆਰੀਆਂ ‘ਚ ਲੱਗੇ ਹੋਏ ਹਨ।
ਟੂਰਨਾਮੈਂਟ ਨੂੰ ਯਾਦਗਾਰੀ ਬਣਾਵਾਂਗੇ : ਸੋਢੀ
ਪੰਜਾਬ ਖੇਡਾਂ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਵਿਸ਼ਵ ਕਬੱਡੀ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਹ ਕੱਪ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ, ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ, ਬਠਿੰਡਾ ਦਾ ਸਪੋਰਟਸ ਸਟੇਡੀਅਮ, ਪਟਿਆਲਾ ਦੇ ਵਾਈਪੀਐਸ ਸਟੇਡੀਅਮ ‘ਚ ਹੋਣਗੇ ਜਦਕਿ ਸੈਮੀਫਾਈਨਲ ਮੈਚ ਆਨੰਦਪੁਰ ਸਾਹਿਬ ਦੇ ਚਰਨਗੰਗਾ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਫਾਈਨਲ ਮੈਚ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ‘ਚ ਹੋਵੇਗਾ। ਕਬੱਡੀ ਕੱਪ ਨੂੰ ਯਾਦਗਾਰੀ ਬਣਾਉਣ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਖੇਡ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …