ਜੇ ਐਸ ਗਿੱਲ ਨੇ ਕਿਹਾ – ਕਾਨੂੰਨ ਵਾਪਸ ਲੈਣ ਨਾਲ ਪ੍ਰਧਾਨ ਮੰਤਰੀ ਛੋਟੇ ਨਹੀਂ ਹੋਣ ਲੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਲੁਧਿਆਣਾ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀ ਕਾਨੂੰਨਾਂ ‘ਤੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਜ਼ਿੱਦੀ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੂੰ ਉਦੋਂ ਤੱਕ ਫਰਸ਼ ਉਤੇ ਸੌਣਾ ਚਾਹੀਦਾ ਹੈ ਜਦ ਤੱਕ ਕਿਸਾਨ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਸਰਕਾਰ ਨੂੰ ਅੜੀ ਛੱਡ ਕੇ ਬਿਜਲੀ ਬਿੱਲ ਤੇ ਪ੍ਰਦੂਸ਼ਣ ਆਰਡੀਨੈਂਸ ਤਾਂ ਵਾਪਸ ਲੈਣੇ ਚਾਹੀਦੇ ਹਨ। ਇਸ ਮੌਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜੇ.ਐੱਸ. ਗਿੱਲ, ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਤੇ ਰਵਿੰਦਰ ਆਮਲਾ ਹਾਜ਼ਰ ਸਨ। ਬਿੱਟੂ ਨੇ ਕਿਹਾ ਕਿ ਕਿਸਾਨ ਬਹੁਤ ਨਾਰਾਜ਼ ਹਨ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਕਿਸਾਨਾਂ ਦੇ ਪੁੱਤਰ ਰੋਜ਼ ਉਨ੍ਹਾਂ (ਕਿਸਾਨਾਂ) ਨੂੰ ਪੁੱਛ ਰਹੇ ਹਨ ਕਿ ਕਦੋਂ ਪ੍ਰਧਾਨ ਮੰਤਰੀ ਮੁਜ਼ਾਹਰਾਕਾਰੀ ਮਾਪਿਆਂ ਨੂੰ ਘਰ ਭੇਜ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ‘ਪੰਜਾਬੀ ਸਰਹੱਦਾਂ ‘ਤੇ ਵੀ ਜਾਨ ਵਾਰ ਰਹੇ ਹਨ ਤੇ ਇੱਥੇ ਦਿੱਲੀ ਵਿਚ ਵੀ।’ ਸੰਸਦ ਮੈਂਬਰ ਜੇਐੱਸ ਗਿੱਲ ਨੇ ਕਿਹਾ ਕਿ ਕਾਨੂੰਨ ਵਾਪਸ ਲੈਣ ਨਾਲ ਪ੍ਰਧਾਨ ਮੰਤਰੀ ਛੋਟੇ ਨਹੀਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ, ਮੱਧ ਪ੍ਰਦੇਸ਼ ਤੇ ਉਤਰਾਖੰਡ ਦੇ ਕਿਸਾਨ ਕੇਸ ਦਰਜ ਹੋਣ ‘ਤੇ ਡਰਨ ਵਾਲੇ ਨਹੀਂ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …