-17.4 C
Toronto
Friday, January 30, 2026
spot_img
Homeਪੰਜਾਬਪੰਜਾਬ 'ਚ ਗੱਡੀਆਂ ਦੀ ਸ਼ਾਨ ਬਣਨ ਲੱਗੇ ਕਿਸਾਨੀ ਝੰਡੇ

ਪੰਜਾਬ ‘ਚ ਗੱਡੀਆਂ ਦੀ ਸ਼ਾਨ ਬਣਨ ਲੱਗੇ ਕਿਸਾਨੀ ਝੰਡੇ

ਕਿਸਾਨ ਮੋਰਚੇ ਨੇ ਪਿੰਡਾਂ ‘ਚੋਂ ਧੜੇਬੰਦੀਆਂ ਖਤਮ ਕਰਨ ਦਾ ਮੁੱਢ ਬੰਨ੍ਹਿਆ
ਜਲੰਧਰ/ਬਿਊਰੋ ਨਿਊਜ਼ : ਦਿੱਲੀ ਦੀਆਂ ਬਰੂਹਾਂ ‘ਤੇ ਲੱਗੇ ਕਿਸਾਨੀ ਮੋਰਚਿਆਂ ਨੇ ਪੰਜਾਬ ਦੇ ਲੋਕਾਂ ਵਿੱਚ ਸਿਫ਼ਤੀ ਤਬਦੀਲੀਆਂ ਲਿਆਂਦੀਆਂ ਹਨ। ਸੂਬੇ ਦੇ ਬੁੱਧੀਜੀਵੀ ਇਹ ਮੰਨ ਰਹੇ ਹਨ ਕਿ ਖੇਤੀ ਬਿੱਲਾਂ ਵਿਰੁੱਧ ਲਾਏ ਗਏ ਮੋਰਚੇ ਨਾਲ ਪੰਜਾਬ ਕਰਵਟ ਲੈਣ ਲੱਗ ਪਿਆ ਹੈ। ਕਿਸਾਨੀ ਘੋਲ ਵਿੱਚ ਝੰਡੇ ਉੱਚੇ ਕਰਕੇ ਲਾਏ ਜਾ ਰਹੇ ਨਾਅਰੇ ਭਵਿੱਖ ਵਿੱਚ ਹੋਣ ਵਾਲੀਆਂ ਵੱਡੀਆਂ ਤਬਦੀਲੀਆਂ ਦਾ ਸੰਕੇਤ ਦੇ ਰਹੇ ਹਨ। ਕਿਸਾਨੀ ਮੋਰਚੇ ਨੇ ਜਿੱਥੇ ਪਿੰਡਾਂ ‘ਚੋਂ ਧੜੇਬੰਦੀਆਂ ਖ਼ਤਮ ਕਰਨ ਦਾ ਮੁੱਢ ਬੰਨ੍ਹਿਆ ਹੈ, ਉਥੇ ਹੀ ਲੋਕ ਕਿਸਾਨੀ ਝੰਡੇ ‘ਤੇ ਵੀ ਮਾਣ ਕਰਨ ਲੱਗ ਪਏ ਹਨ। ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ‘ਤੇ ਬੜੇ ਫਖ਼ਰ ਨਾਲ ਕਿਸਾਨੀ ਝੰਡੇ ਬੰਨ੍ਹੇ ਜਾ ਰਹੇ ਹਨ। ਗੱਡੀਆਂ ‘ਤੇ ਝੰਡੇ ਲਗਾਉਣ ਨੂੰ ਲੋਕ ਆਪਣੀ ਸ਼ਾਨ ਸਮਝਣ ਲੱਗ ਪਏ ਹਨ ਤੇ ਇਸ ਨਾਲ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਆਪਣੀ ਹਮਦਰਦੀ ਤੇ ਇੱਕਜੁਟਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਝੰਡਿਆਂ, ਪੋਸਟਰਾਂ ਅਤੇ ਸਟਿੱਕਰਾਂ ਦੀ ਮੰਗ ਬਹੁਤ ਵਧ ਗਈ ਹੈ। ਪੰਜਾਬ ਦੇ ਟੌਲ ਪਲਾਜ਼ਿਆਂ ‘ਤੇ ਲੱਗੇ ਧਰਨਿਆਂ ਵਿੱਚ ਬੈਠੇ ਕਿਸਾਨਾਂ ਕੋਲੋਂ ਵੀ ਲੋਕ ਕਿਸਾਨੀ ਝੰਡਿਆਂ ਦੀ ਮੰਗ ਕਰ ਰਹੇ ਹਨ। ਦਿੱਲੀ ਜਾਣ ਵਾਲੇ ਕੌਮੀ ਮਾਰਗ ‘ਤੇ ਕਈ ਥਾਵਾਂ ‘ਤੇ ਸਟਾਲ ਲਾ ਕੇ ਝੰਡੇ ਦਿੱਤੇ ਜਾ ਰਹੇ ਹਨ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਦੋਆਬੇ ਦੇ ਬਹੁਤੇ ਲੋਕ ਤਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਝੰਡੇ ਵੀ ਕਿਸਾਨੀ ਝੰਡੇ ਦੇ ਨਾਲ ਹੀ ਲਾ ਕੇ ਚੱਲ ਰਹੇ ਹਨ।
ਨੌਜਵਾਨ ਰਾਜਨੀਤਕ ਪਾਰਟੀਆਂ ਛੱਡ ਕਿਸਾਨੀ ਝੰਡੇ ਹੇਠ ਆਉਣ ਲੱਗੇ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਵਿੰਗ ਦੇ ਆਗੂ ਅਮਰਜੀਤ ਸਿੰਘ ਜੰਡਿਆਲਾ ਨੇ ਦੱਸਿਆ ਕਿ ਨੌਜਵਾਨ ਵਰਗ ਰਾਜਨੀਤਕ ਪਾਰਟੀਆਂ ਦੀ ਥਾਂ ਕਿਸਾਨੀ ਝੰਡੇ ਨੂੰ ਪਹਿਲ ਦੇਣ ਲੱਗ ਪਿਆ ਹੈ। ਉਹ ਹੁਣ ਆਪਣੀ ਪਛਾਣ ਕਿਸੇ ਰਾਜਨੀਤਕ ਪਾਰਟੀ ਦੇ ਅਹੁਦੇਦਾਰ ਵਜੋਂ ਕਰਵਾਉਣ ਦੀ ਥਾਂ ਕਿਸਾਨ ਹਮਾਇਤੀ ਹੋਣ ਨੂੰ ਮਾਣ ਸਮਝਦੇ ਹਨ। ਜਿਹੜੇ ਲੋਕ ਬੇਜ਼ਮੀਨੇ ਵੀ ਹਨ, ਉਹ ਵੀ ਕਿਸਾਨੀ ਝੰਡੇ ਦੇ ਹੇਠ ਜੁੜ ਕੇ ਕਿਸਾਨੀ ਮੋਰਚੇ ਦਾ ਹਿੱਸਾ ਹੋਣ ਦਾ ਐਲਾਨ ਕਰ ਰਹੇ ਹਨ।

RELATED ARTICLES
POPULAR POSTS