7 ਮਹੀਨੇ ਪਹਿਲਾਂ ਰਾਜਨੀਤੀ ’ਚ ਆਉਣ ਵਾਲੀ ਹੇਕਾਨੀ ਨਾਗਾਲੈਂਡ ਦੀ ਪਹਿਲੀ ਮਹਿਲਾ ਐਮਐਲਏ ਬਣੀ
ਦੀਮਾਪੁਰ/ਬਿਊਰੋ ਨਿਊਜ਼ : ਨਾਰਥ-ਈਸਟ ਦੇ ਤਿੰਨ ਰਾਜਾਂ ਨਾਗਾਲੈਂਡ, ਤਿ੍ਰਪੁਰਾ ਅਤੇ ਮੇਘਾਲਿਆ ਦੇ ਚੋਣ ਨਤੀਜੇ ਅੱਜ ਆ ਗਏ ਹਨ। ਤਿ੍ਰਪੁਰਾ ’ਚ 16 ਫਰਵਰੀ ਨੂੰ ਜਦਕਿ ਮੇਘਾਲਿਅ ਅਤੇ ਨਾਗਾਲੈਂਡ ’ਚ ਲੰਘੀ 27 ਫਰਵਰੀ ਨੂੰ ਵੋਟਾਂ ਪਈਆਂ ਸਨ। ਨਾਗਾਲੈਂਡ 1963 ’ਚ ਰਾਜ ਬਣਿਆ ਸੀ ਅਤੇ ਇਥੇ 60 ਸਾਲਾਂ ਦੌਰਾਨ 14 ਵਾਰ ਮੁੱਖ ਮੰਤਰੀ ਦੀ ਚੋਣ ਹੋ ਚੁੱਕੀ ਹੈ ਪ੍ਰੰਤੂ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਸੀਟ ’ਤੇ ਕਦੇ ਵੀ ਮਹਿਲਾ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕੀ। ਪ੍ਰੰਤੂ ਇਸ ਵਾਰ ਨਾਗਾਲੈਂਡ ਦੀ ਹੇਕਾਨੀ ਜਾਖਾਲੂ ਨੇ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਨੈਸ਼ਨਲ ਡੈਮੋਕੇਟਿਕ ਪ੍ਰੌਗਰੈਸਿਵ ਪਾਰਟੀ ਦੀ ਹੇਕਾਨੀ ਜਾਖਾਲੂ ਨੇ ਦੀਮਾਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ ਅਤੇ ਉਹ ਨਾਗਾਲੈਂਡ ਦੀ ਪਹਿਲੀ ਮਹਿਲਾ ਐਮਐਲਏ ਬਣ ਗਈ ਹੈ। ਉਨ੍ਹਾਂ ਲੋਕ ਜਨ ਸ਼ਕਤੀ ਪਾਰਟੀ ਦੀ ਉਮੀਦਵਾਰ ਨੂੰ 1536 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। 47 ਸਾਲਾ ਹੇਕਾਨੀ ਨੂੰ 14,395 ਵੋਟਾਂ ਪ੍ਰਾਪਤ ਹੋਈਆਂ ਜਦਕਿ ਉਹ ਸਿਰਫ਼ 7 ਮਹੀਨੇ ਪਹਿਲਾਂ ਹੀ ਰਾਜਨੀਤੀ ’ਚ ਆਈ ਸੀ। 60 ਵਿਧਾਨ ਸਭਾ ਸੀਟਾਂ ਵਾਲੇ ਨਾਗਲੈਂਡ ’ਚ ਕੁਲ 184 ਉਮੀਦਵਾਰ ਚੋਣ ਮੈਦਾਨ ਸਨ ਜਿਨ੍ਹਾਂ ਵਿਚੋਂ ਸਿਰਫ਼ 4 ਮਹਿਲਾ ਉਮੀਦਵਾਰ ਸਨ।