16.6 C
Toronto
Sunday, September 28, 2025
spot_img
Homeਦੁਨੀਆਅਫਗਾਨਿਸਤਾਨ 'ਚ ਤਾਲਿਬਾਨ ਨਵੀਂ ਸਰਕਾਰ ਬਣਾਉਣ ਲਈ ਤਿਆਰ

ਅਫਗਾਨਿਸਤਾਨ ‘ਚ ਤਾਲਿਬਾਨ ਨਵੀਂ ਸਰਕਾਰ ਬਣਾਉਣ ਲਈ ਤਿਆਰ

ਕਾਬੁਲ ਵਿਚ ‘ਸੁਪਰੀਮ ਲੀਡਰ’ ਦੀ ਅਗਵਾਈ ‘ਚ ਵਿਚਾਰ-ਚਰਚਾ ਮੁਕੰਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਗਠਨ ਬਾਰੇ ਗੱਲਬਾਤ ਪੂਰੀ ਹੋ ਗਈ ਹੈ ਤੇ ਜਲਦੀ ਹੀ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਅਮਰੀਕੀ ਫ਼ੌਜ ਦੀ ਮੁਕੰਮਲ ਰਵਾਨਗੀ ਤੋਂ ਬਾਅਦ ਅਫ਼ਗਾਨਿਸਤਾਨ ਦੀ ਕਮਾਨ ਹੁਣ ਤਾਲਿਬਾਨ ਦੇ ਹੱਥ ਹੈ ਤੇ ਕਾਬੁਲ ਵਿਚ ਆਗੂਆਂ ਨੇ ਭਵਿੱਖੀ ਸਰਕਾਰ ਬਾਰੇ ਵਿਚਾਰ-ਚਰਚਾ ਨੂੰ ਸਿਰੇ ਚਾੜ੍ਹਿਆ ਹੈ।
‘ਇਸਲਾਮਿਕ ਅਮੀਰਾਤ ਅਫ਼ਗਾਨਿਸਤਾਨ’ ਦੇ ਅਧਿਕਾਰੀਆਂ ਨੇ ਕਿਹਾ ਕਿ ‘ਸੁਪਰੀਮ ਲੀਡਰ’ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਦੀ ਅਗਵਾਈ ਵਿਚ ਚੱਲ ਰਹੀ ਚਰਚਾ ਖ਼ਤਮ ਹੋ ਗਈ। ਜਾਣਕਾਰੀ ਮੁਤਾਬਕ ਮੁੱਲ੍ਹਾ ਹਿਬਾਤੁੱਲ੍ਹਾ ਜੋ ਕਿ ਹਾਲ ਹੀ ਵਿਚ ਕੰਧਾਰ ਸੂਬੇ ਤੋਂ ਅਫ਼ਗਾਨ ਰਾਜਧਾਨੀ ਆਏ ਸਨ, ਨੇ ਕਈ ਕਬੀਲਿਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਨਵੀਂ ਸਰਕਾਰ ਬਾਰੇ ਐਲਾਨ ਲਈ ਹਾਲੇ ਕੋਈ ਪੱਕੀ ਤਰੀਕ ਤਾਂ ਨਹੀਂ ਦਿੱਤੀ ਗਈ ਪਰ ਤਾਲਿਬਾਨ ਦੇ ਕਾਰਜਕਾਰੀ ਸੂਚਨਾ ਤੇ ਸਭਿਆਚਾਰ ਮੰਤਰੀ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਇਸ ਬਾਰੇ ਐਲਾਨ ਦੋ ਹਫ਼ਤਿਆਂ ਵਿਚ ਕਰ ਦਿੱਤਾ ਜਾਵੇਗਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਨੇ ਇਹ ਵੀ ਕਿਹਾ ਸੀ ਕਿ ਪੁਰਾਣੀ ਸਰਕਾਰ ਵਿਚਲੀਆਂ ਹਸਤੀਆਂ ਨਵੀਂ ਦਾ ਹਿੱਸਾ ਨਹੀਂ ਹੋਣਗੀਆਂ ਕਿਉਂਕਿ ਉਹ ਨਾਕਾਮ ਹੋਏ ਹਨ ਤੇ ਲੋਕ ਉਨ੍ਹਾਂ ਨੂੰ ਸੱਤਾ ਵਿਚ ਨਹੀਂ ਦੇਖਣਾ ਚਾਹੁੰਦੇ। ਇਸੇ ਦੌਰਾਨ ਦੋਹਾ ਸਥਿਤ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਉਪ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਖੇਤਰੀ ਮੁਲਕਾਂ ਦੇ ਨੁਮਾਇੰਦਿਆਂ ਨਾਲ ਰਾਬਤਾ ਕਰ ਰਹੇ ਹਨ। ਦਫ਼ਤਰ ਦੇ ਤਰਜਮਾਨ ਨਈਮ ਵਰਦਕ ਨੇ ਕਿਹਾ ਕਿ ਅੱਬਾਸ ਕਈ ਮੁਲਕਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਯਕੀਨ ਦਿਵਾ ਰਹੇ ਹਨ ਕਿ ਅਫ਼ਗਾਨਿਸਤਾਨ ਕਿਸੇ ਲਈ ਖ਼ਤਰਾ ਨਹੀਂ ਬਣੇਗਾ।
ਕਾਬੁਲ ਹਵਾਈ ਅੱਡਾ ਫਿਲਹਾਲ ਬੰਦ ਹੋਣ ਕਾਰਨ ਦੇਸ਼ ਛੱਡਣਾ ਚਾਹੁੰਦੇ ਤੇ ਡਰੇ ਹੋਏ ਅਫ਼ਗਾਨਾਂ ਦਾ ਸਬਰ ਟੁੱਟ ਗਿਆ ਹੈ। ਹਜ਼ਾਰਾਂ ਲੋਕ ਪਾਕਿਸਤਾਨ, ਇਰਾਨ ਨਾਲ ਲੱਗਦੀ ਸਰਹੱਦ ਨੇੜੇ ਦੇਖੇ ਗਏ ਹਨ। ਮੁਲਕ ਦੀਆਂ ਬੈਕਾਂ ਅੱਗੇ ਵੀ ਲੋਕਾਂ ਦੀ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

RELATED ARTICLES
POPULAR POSTS