Breaking News
Home / ਦੁਨੀਆ / ਪਾਕਿਸਤਾਨ ਦੀ ਅਦਾਲਤ ਵਲੋਂ ਹਾਫਿਜ਼ ਸਈਦ ਨੂੰ 11 ਸਾਲ ਕੈਦ ਦੀ ਸਜ਼ਾ

ਪਾਕਿਸਤਾਨ ਦੀ ਅਦਾਲਤ ਵਲੋਂ ਹਾਫਿਜ਼ ਸਈਦ ਨੂੰ 11 ਸਾਲ ਕੈਦ ਦੀ ਸਜ਼ਾ

ਲਾਹੌਰ : ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅੱਤਵਾਦ-ਵਿਰੋਧੀ ਅਦਾਲਤ (ਏਟੀਸੀ) ਨੇ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਵਿੱਚ 11 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨੇ ਗਏ ਸਈਦ ‘ਤੇ ਅਮਰੀਕਾ ਨੇ ਇੱਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਸਈਦ ਨੂੰ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਕੇਸਾਂ ਸਬੰਧੀ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਉੱਚ ਸੁਰੱਖਿਆ ਹੇਠ ਲਾਹੌਰ ਦੀ ਕੋਟ ਲਖਪੱਤ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਅਦਾਲਤ ਦੇ ਇੱਕ ਅਧਿਕਾਰੀ ਨੇ ਇਸ ਏਜੰਸੀ ਨੂੰ ਦੱਸਿਆ ਕਿ ਸਈਦ ਨੂੰ ਪੰਜਾਬ ਪੁਲਿਸ ਦੇ ਅੱਤਵਾਦ-ਵਿਰੋਧੀ ਵਿਭਾਗ ਦੀ ਅਰਜ਼ੀ ‘ਤੇ ਲਾਹੌਰ ਅਤੇ ਗੁੱਜਰਾਂਵਾਲਾ ਸ਼ਹਿਰਾਂ ਵਿੱਚ ਦਰਜ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਕੇਸਾਂ ਵਿੱਚ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਈਦ ਨੂੰ ਦੋਵਾਂ ਕੇਸਾਂ ਵਿੱਚ ਸਾਢੇ ਪੰਜ-ਸਾਢੇ ਪੰਜ ਵਰ੍ਹਿਆਂ ਦੀ ਸਜ਼ਾ ਸੁਣਾਈ ਹੈ। ਦੋਵੇਂ ਸਜ਼ਾਵਾਂ ਇਕੋ-ਸਮੇਂ ਚੱਲਣਗੀਆਂ। ਲਾਹੌਰ ਦੇ ਏਟੀਸੀ ਜੱਜ ਅਰਸ਼ਦ ਹੁਸੈਨ ਭੁੱਟਾ ਵਲੋਂ ਪਿਛਲੇ ਸ਼ਨਿਚਰਵਾਰ ਸਈਦ ਖਿਲਾਫ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਦਾ ਫ਼ੈਸਲਾ 11 ਫਰਵਰੀ ਤੱਕ ਰਾਖਵਾਂ ਰੱਖ ਲਿਆ ਗਿਆ ਸੀ। ਦੋਵਾਂ ਕੇਸਾਂ ਵਿੱਚ ਸਰਕਾਰੀ ਪੱਖ ਵਲੋਂ ਏਟੀਸੀ ਵਿੱਚ ਸਈਦ ਅਤੇ ਉਸ ਦੇ ਸਾਥੀਆਂ ਖਿਲਾਫ 20 ਦੇ ਕਰੀਬ ਗਵਾਹ ਪੇਸ਼ ਕੀਤੇ ਗਏ ਸਨ। ਸਈਦ ਨੇ ਦੋਵਾਂ ਕੇਸਾਂ ਵਿਚ ਸ਼ਮੂਲੀਅਤ ਨਹੀਂ ਮੰਨੀ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …