2.1 C
Toronto
Friday, November 14, 2025
spot_img
Homeਕੈਨੇਡਾ'ਪੰਜਾਬੀ ਭਵਨ ਟੋਰਾਂਟੋ' ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ...

‘ਪੰਜਾਬੀ ਭਵਨ ਟੋਰਾਂਟੋ’ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ ਬਾਰੇ ਇਕ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ 16 ਜੂਨ ਨੂੰ

ਬਰੈਂਪਟਨ/ਡਾ. ਝੰਡ : ‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ’ ਵਿਸ਼ੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ઑਪੰਜਾਬੀ ਭਵਨ ਟੋਰਾਂਟੋ਼ ਵੱਲੋਂ 16 ਜੂਨ ਦਿਨ ਐਤਵਾਰ ਨੂੰ ਸਟੀਲਜ਼ ਐਵੀਨਿਊ ਤੇ ਰੱਦਰਫ਼ੋਰਡ ਰੋਡ ਇੰਟਰਸੈੱਕਸ਼ਨ ਦੇ ਨਜ਼ਦੀਕ 90 ਬਿਸਕੇਨ ਕਰੈੱਸ (ਬਰੈਂਪਟਨ) ਸਥਿਤ ‘ਮੈਰੀਅਟ ਹੋਟਲ’ ਵਿਚ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੀਕ ਅੰਤਰ-ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਭਾਰਤ ਤੋਂ ਡਾ. ਦਲਜੀਤ ਸਿੰਘ ਵਾਲੀਆ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਪ੍ਰਮੁੱਖ ਪੰਜਾਬੀ ਲੇਖਕ ਤੇ ਚਿੰਤਕ ਜਸਵੰਤ ਜ਼ਫ਼ਰ ਉਚੇਚੇ ਤੌਰ ‘ਤੇ ਭਾਗ ਲੈਣ ਲਈ ਆ ਰਹੇ ਹਨ।

ਸੈਮੀਨਾਰ ਦੇ ਮੁੱਖ-ਆਯੋਜਕ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਮਰੋਕ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਕਿ 550 ਸਾਲ ਬਾਅਦ ਅੱਜ ਵੀ ਓਨੀਆਂ ਹੀ ਸਾਰਥਕ ਅਤੇ ਪ੍ਰਸੰਗਕ ਹਨ, ਬਾਰੇ ਵੱਖ-ਵੱਖ ਵਿਦਵਾਨਾਂ ਵੱਲੋਂ ਉਨ੍ਹਾਂ ਲਈ ਨਿਰਧਾਰਿਤ ਕੀਤੇ ਗਏ ਵਿਸ਼ਿਆਂ ਉੱਪਰ ਪੇਪਰ ਪੇਸ਼ ਕੀਤੇ ਜਾਣਗੇ ਉਪਰੰਤ, ਉਨ੍ਹਾਂ ਉੱਪਰ ਭਰਪੂਰ ਚਰਚਾ ਹੋਵੇਗੀ। ਸੈਮੀਨਾਰ ਵਿਚ ‘ਕੀ-ਨੋਟ ਐੱਡਰੈੱਸ’ ਪੰਜਾਬੀ ਦੇ ਪ੍ਰਮੁੱਖ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਹੋਵੇਗਾ ਅਤੇ ਉਸ ਤੋਂ ਬਾਅਦ ਡਾ. ਦਲਜੀਤ ਸਿੰਘ ਵਾਲੀਆ, ਡਾ. ਗੁਰਨਾਮ ਕੌਰ, ਡਾ.ਡੀ.ਪੀ. ਸਿੰਘ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਆਪਣੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤੇ ਜਾਣਗੇ। ਪੱਛਮੀ ਪੰਜਾਬ (ਪਾਕਿਸਤਾਨ) ਤੋਂ ਮਸ਼ਹੂਰ ਪੰਜਾਬੀ ਲੇਖਕ ਮੁਖ਼ਤਾਰ ਅਹਿਮਦ ਚੀਮਾ ਇਸ ਸੈਮੀਨਾਰ ਵਿਚ ਮੁਸਲਿਮ ਭਰਾਵਾਂ ਦੀਆਂ ਪੀਰ ਬਾਬਾ ਨਾਨਕ ਬਾਰੇ ਸ਼ਰਧਾ ਭਰਪੂਰ ਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਮਹੀਨੇ ਪ੍ਰਕਾਸ਼ਿਤ ਕੀਤੀ ਗਈ ਪੁਸਤਕ ”ਗੁਰੂ ਨਾਨਕ ਦੇਵ (1469-1539 ਈ.)” ਜਿਸ ਦੇ ਸੰਪਾਦਕ ਡਾ.ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ-ਏਕਤਾ ਚੇਅਰ ਹਨ, ਵੀ ਲੋਕ-ਅਰਪਿਤ ਕੀਤੀ ਜਾਏਗੀ।

ਬਾਅਦ ਦੁਪਹਿਰ ਢਾਈ ਵਜੇ ਲੰਚ-ਬਰੇਕ ਤੋਂ ਬਾਅਦ ਤਿੰਨ ਵਜੇ ਸ਼ੁਰੂਹੋਣ ਵਾਲੇ ਕਵੀ-ਦਰਬਾਰ ਜਿਸ ਦਾ ਮੁੱਖ-ਆਕਰਸ਼ਣ ਭਾਰਤ ਤੋਂ ਆਏ ਉੱਘੇ ਕਵੀ ਜਸਵੰਤ ਜ਼ਫ਼ਰ ਹੋਣਗੇ, ਵਿਚ ਕਵੀਆਂ/ਕਵਿੱਤਰੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਰਚਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ। ਪੰਜਾਬੀ ਬੋਲੀ, ਗੁਰਬਾਣੀ, ਸਾਹਿਤ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਸੈਮੀਨਾਰ ਹਾਲ ਵਿਚ ਸੀਟਾਂ ਦੀ ਗਿਣਤੀ ਸੀਮਤ ਹੋਣ ਕਾਰਨ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਨੂੰ ਸੀਮਤ ਰੱਖਣ ਲਈ ਪ੍ਰਬੰਧਕਾਂ ਵੱਲੋਂ ਕੇਵਲ 20 ਡਾਲਰ ਦੀ ਐਂਟਰੀ-ਟਿਕਟ ਰੱਖੀ ਗਈ ਹੈ ਜਿਸ ਵਿਚ ਚਾਹ, ਸਨੈਕਸ, ਲੰਚ ਅਤੇ ਸ਼ਾਮ ਦੀ ਚਾਹ ਸ਼ਾਮਲ ਹੈ। 10 ਜੂਨ ਤੋਂ ਪਹਿਲਾਂ ਇਹ ઑਅਰਲੀ ਬਰਡ ਟਿਕਟ਼ 15 ਡਾਲਰ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਪਨਦੀਪ ਮਰੋਕ (416-648-5125), ਡਾ. ਸੁਖਦੇਵ ਸਿੰਘ ਝੰਡ (647-567-9128), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਸੁਰਜੀਤ ਕੌਰ (416-605-3784) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS