ਬਠਿੰਡਾ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਤੋਂ ਪੰਜਾਬ ਪੁਲਿਸ ਨੇ ਜਿਪਸੀਆਂ ਤੇ ਗੰਨਮੈਨ ਵਾਪਸ ਲੈ ਲਏ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਤੋਂ ਪੁਲਿਸ ਨੇ ਤਿੰਨ ਜਿਪਸੀਆਂ ਤੇ ਤਕਰੀਬਨ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਜਿਪਸੀਆਂ ਸਮੇਤ ਗੰਨਮੈਨ ਵਾਪਸ ਪੰਜਾਬ ਆ ਗਏ ਹਨ। ਚੋਣ ਕਮਿਸ਼ਨ ਨੇ ਕੁਝ ਸਮਾਂ ਪਹਿਲਾਂ ਦਿੱਲੀ ਦੇ ਨੇਤਾਵਾਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਪਰ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਫ਼ਸਰਾਂ ਨੇ ਇਸ ਤੋਂ ਟਾਲਾ ਵੱਟ ਲਿਆ ਸੀ। ਸੂਤਰਾਂ ਮੁਤਾਬਕ ਦਿੱਲੀ ਕਮੇਟੀ ਦਾ ਇੱਕ ਆਗੂ ਇਸ ਗੱਲੋਂ ਪੁਲਿਸ ਅਫ਼ਸਰਾਂ ਨਾਲ ਔਖਾ-ਭਾਰਾ ਵੀ ਹੋਇਆ। ਮਾਮਲਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੱਕ ਵੀ ਪੁੱਜਾ। ਸੁਖਬੀਰ ਨੇ ਵੀ ਪੁਲਿਸ ਅਫ਼ਸਰਾਂ ਨੂੰ ਸੁਰੱਖਿਆ ਵਾਪਸ ਨਾ ਲੈਣ ਲਈ ਜ਼ੋਰ ਪਾਇਆ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ। ਸੂਤਰਾਂ ਮੁਤਾਬਕ ਸਿਆਸੀ ਆਗੂਆਂ ਨੇ ਤਾਂ ਪੁਲਿਸ ਅਫ਼ਸਰਾਂ ਨੂੰ ਇੱਥੋਂ ਤਕ ਸਲਾਹ ਦਿੱਤੀ ਕਿ ਕਾਗਜ਼ਾਂ ਵਿਚ ਗੰਨਮੈਨਾਂ ਦੀ ਵਾਪਸੀ ਪਾ ਲਓ, ਉਂਜ ਦਿੱਲੀ ਹੀ ਰਹਿਣ ਦਿਓ। ਕਿਸੇ ਪੁਲਿਸ ਅਫ਼ਸਰ ਨੇ ਇਹ ਖ਼ਤਰਾ ਮੁੱਲ ਲੈਣ ਦੀ ਹਿੰਮਤ ਨਹੀਂ ਦਿਖਾਈ। ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਵਸਨੀਕ ਆਗੂਆਂ ਨੂੰ ਜਿਪਸੀਆਂ ਤੇ ਗੰਨਮੈਨ ਦਿੱਤੇ ਹੋਏ ਸਨ, ਜਿਨ੍ਹਾਂ ਦਾ ਖਰਚਾ ਪੰਜਾਬ ਸਰਕਾਰ ਝੱਲ ਰਹੀ ਸੀ। ਏਡੀਜੀਪੀ (ਸੁਰੱਖਿਆ) ਬੀ.ਕੇ. ਬਾਵਾ ਨੇ ਫੋਨ ਨਹੀਂ ਚੁੱਕਿਆ ਪਰ ਇੱਕ ਹੋਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦਿੱਲੀ ਤੋਂ ਗੰਨਮੈਨ ਤੇ ਜਿਪਸੀਆਂ ਵਾਪਸ ਲੈ ਲਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪ੍ਰਤੀ ਜਿਪਸੀ 290 ਲਿਟਰ ਪ੍ਰਤੀ ਮਹੀਨਾ ਤੇਲ ਦੀ ਸਹੂਲਤ ਵੀ ਦਿੱਤੀ ਹੋਈ ਸੀ। ਚੋਣ ਕਮਿਸ਼ਨ ਦੀ ਹਦਾਇਤ ਮਗਰੋਂ ਪੂਰੇ ਪੰਜਾਬ ਵਿਚੋਂ ਤਕਰੀਬਨ 30 ਜਿਪਸੀਆਂ ਵਾਪਸ ਲਈਆਂ ਗਈਆਂ ਹਨ। ਇਹ ਜਿਪਸੀਆਂ ਨਿਯਮਾਂ ਤੋਂ ਉਲਟ ਜਾ ਕੇ ਸਿਆਸੀ ਲੋਕਾਂ ਨੂੰ ਅਲਾਟ ਕੀਤੀਆਂ ਹੋਈਆਂ ਸਨ।
ਆਗੂ ਮੁੜ ਸੁਰੱਖਿਆ ਮੰਗਣ ਲੱਗੇ: ਏਡੀਜੀਪੀ : ਏਡੀਜੀਪੀ ਵੀ.ਕੇ. ਭਾਵਰਾ ਨੇ ਦੱਸਿਆ ਕਿ ਜਿਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਹੈ, ਉਹ ਮੁੜ ਸੁਰੱਖਿਆ ਮੰਗਣ ਲੱਗੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਤੋਂ ਦਰਜਨ ਦੇ ਕਰੀਬ ਗੰਨਮੈਨ ਵਾਪਸ ਲੈ ਗਏ ਸਨ। ਉਸ ਨੇ ਹੁਣ ਚੋਣ ਕਮਿਸ਼ਨ ਤੇ ਡੀਜੀਪੀ ਨੂੰ ਪੱਤਰ ਭੇਜ ਕੇ ਮੁੜ ਗੰਨਮੈਨ ਮੰਗੇ ਹਨ। ਇਸ ਬਾਰੇ ਕੋਲਿਆਂਵਾਲੀ ਨੇ ਕਿਹਾ ਕਿ ਉਸ ਨੂੰ ਤੇ ਉਸ ਦੇ ਮੁੰਡੇ ਨੂੰ ਸਿਆਸੀ ਲੋਕਾਂ ਤੋਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਪੁਰਾਣੀ ਸੁਰੱਖਿਆ ਬਹਾਲ ਕਰਨ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।
ਮੁੱਖ ਟੀਚਾ ਭਾਈ ਘਨੱਈਆ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਨਿਰਪੱਖ ਸੇਵਾ ਕਰਨਾ : ਪੰਥਕ ਸੇਵਾ ਦਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਪੰਥਕ ਸੇਵਾ ਦਲ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਹੋਏ ਸਮਾਗਮ ਦੌਰਾਨ ਪ੍ਰਧਾਨ ਗੁਰਲਾਭ ਸਿੰਘ ਕਾਹਲੋਂ, ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਅਤੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਭਾਈ ਘਨੱਈਆ ਜੀ ਦੇ ਮਾਰਗ ‘ਤੇ ਚੱਲ ਕੇ ਨਿਰਪੱਖ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਲਈ ਸਿਹਤ ਅਤੇ ਵਿੱਦਿਅਕ ਖੇਤਰ ਦੀਆਂ ਬੁਨਿਆਦੀ ਜ਼ਰੂਰਤਾਂ ਲਈ ਸੁਚੱਜੇ ਪ੍ਰਬੰਧ ਕੀਤੇ ਜਾਣਗੇ ਅਤੇ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਯਤਨ ਕੀਤੇ ਜਾਣਗੇ।