ਅਜੀਤ ਸਿੰਘ ਰੱਖੜਾ
ਰੱਬ, ਆਦਿ ਕਾਲ ਤੋਂ ਇਕ ਗੋਰਖ ਧੰਦਾ ਹੈ। ਉਸ ਨੂੰ ਨਾ ਕੋਈ ਅਜ ਤਕ ਸਮਝ ਸਕਿਆ ਹੈ ਅਤੇ ਨਾ ਹੀ ਕੋਈ ਸਮਝ ਸਕੇਗਾ। ਰੱਬ ਵਚਿਤਰ (ਮਿਸਟਰੀ) ਚੀਜ਼ ਹੈ। ਦੁਨੀਆਂ ਵਿਚ ਵਿਚਰ ਚੁਕੇ ਪੀਰ ਪੈਗੰਬਰ ਅਤੇ ਵਡੇ ਤੋਂ ਵਡੇ ਗਿਆਨੀ, ਇਸੇ ਗਲ ਵਲ ਇਸ਼ਾਰਾ ਕਰਦੇ ਰਹੇ ਹਨ ਕਿ ਰੱਬ ਨੂੰ ਸਮਝਣਾ ਕਿਸੇ ਦੇ ਵਸ ਦਾ ਰੋਗ ਨਹੀਂ ਹੈ। ਬਾਬਾ ਨਾਨਕ ਨੇ ਮੂਲਮੰਤਰ ਅਤੇ ਜਪੁਜੀ ਸਾਹਿਬ ਵਿਚ ਇਸੇ ਗਲ ਦਾ ਜ਼ਿਕਰ ਕੀਤਾ ਹੈ। ਕ੍ਰਿਸ਼ਨ ਮਹਾਰਾਜ ਵਰਗੇ ਰੱਬ ਸਰੂਪ ਮਹਾਨ ਰਾਜਾ ਨੇ ਭਾਵੇਂ ਐਥੋ ਤਕ ਵੀ ਕਹਿ ਦਿਤਾ ਸੀ ਕਿ ਮੈਂ ਹੀ ਸਭ ਕੁਝ ਕਰਨ ਵਾਲਾ ਹਾਂ ਅਤੇ ਮੈਂ ਹੀ ਸਭ ਕੁਝ ਕਰ ਰਿਹਾ ਹਾਂ, ਪਰ ਐਡੀ ਵਡੀ ਗਲ ਨੂੰ ਕਹਿਣ ਵਾਲੇ ਮਹਾਂਪੁਰਸ਼ ਦੇ ਆਪਣੇ ਪੁਤਰ ਪਰਾਦਯੁਮਨ ਅਤੇ ਸਾਂਬਾ ਉਸਦੇ ਵਿਰੋਧੀ ਸਨ। ਉਨ੍ਹਾਂ ਦੀ ਵਿਰੋਧਤਾ ਕਾਰਣ ਹੀ ਕ੍ਰਿਸ਼ਨ ਵੰਸ਼ (ਯਾਦਵ) ਸਮਾਪਤ ਹੋਇਆ ਸੀ। ਉਸਦੀ ਭੂਆ ਦੇ ਪੁਤਰ ਸ਼ਿਸ਼ੂਪਾਲ ਨੇ ਉਸ ‘ਭਗਵਾਨ’ ਨੂੰ ਭਰੇ ਦਰਬਾਰ ਵਿਚ 100 ਗਾਲਾਂ ਕਢੀਆਂ ਸਨ। ਉਹ ਸਰਬ ਵਿਆਪਕ ਅਤੇ ਸਰਬ ਸ਼ਕਤੀ ਮਾਨ ਕਿਵੇਂ ਜੇਕਰ ਉਸਦਾ ਆਪਣਾ ਟੱਬਰ ਅਤੇ ਰਿਸ਼ਤੇਦਾਰ ਉਸਨੂੰ ਰੱਬ ਨਹੀਂ ਮੰਨਦੇ ਸਨ। ਕਿਸੇ ਵੀ ਮਹਾਂਪੁਰਖ ਦਾ ਨਿਜੀ ਜੀਵਨ ਘੋਖਕੇ ਵੇਖੋ, ਕੋਈ ਵੀ ਸਰਬ ਪ੍ਰਵਾਨਿਤ ਹਸਤੀ ਨਹੀਂ ਮਿਲੇਗਾ। ਦੇਵਤਾ ਸਰੂਪ ਇਹ ਪੀਰ ਪੈਗੰਬਰ ਮਸ਼ਹੁਰ ਕਿਓ ਹੋਏ, ਕਿਓਂ ਅਜ ਤੱਕ ਉਹ ਮਨੁਖਤਾ ਦੇ ਹਿਰਦਿਆ ਵਿਚਜੀਵਤ ਹਨ! ਇਸ ਲਈ ਕਿ ਇਨਹਾ ਨੇ ਲੋਕਾਈ ਨੂੰ ਕੁਝ ਐਸੇ ਰੱਸਤੇ ਦਸੇ, ਕੁਝ ਐਸੇ ਮੰਤਰ ਦਿਤੇ ਜਾਂ ਐਸੇ ਨੁਸਖੇ ਦਸੇ ਜੋ ਬੰਦੇ ਨੂੰ ਰੱਬ ਦੀ ਰੱਬਤਾ ਵਿਚ ਜੀਓਣ ਲਈ ਪ੍ਰੇਰਤ ਕਰਦੇ ਹਨ। ਅਨੰਦਤ ਜੀਵਨ ਜਿਓਣ ਦਾ ਰਸਤਾ ਦਸਦੇ ਹਨ। ਰੱਬ ਇਕ ਮਹਾਨ ਚੇਤਨਾ ਹੈ ਅਤੇ ਇਹੀ ਚੇਤਨਾ ਹਰ ਬੰਦੇ ਵਿਚ ਵੀ ਪ੍ਰਚੰਡ ਹੈ। ਮੂਲ ਰੂਪ ਵਿਚ ਇਕੋ ਸਿਕੇ ਦੇ ਦੋ ਪਾਸੇ ਹਨ ਬੰਦਾ ਅਤੇ ਰੱਬ। ਬੰਦੇ ਕੋਲ ਸਰੀਰ ਹੈ ਰੱਬ ਕੋਲ ਸਰੀਰ ਨਹੀਂ ਹੈ।ਪਰ ਉਹ ਘਟ ਘਟ ਵਿਚ ਰਵਿਆ ਪਿਆ ਹੈ।
ਰੱਬ ਦੇ ਗੁਣਾ ਦੀ ਵਿਆਖਿਆ ਕਰਨ ਤੁਰੀਏ ਤਾਂ ਕੁਝ ਦੂਰੀ ਉਪਰ ਜਾਕੇ ਵਾਪਸੀ ਕਰਨ ਨੂੰ ਦਿਲ ਕਰ ਆਉਦਾ ਹੈ। ਕਿਓਂ ਕਿ ਅਗਾਹ ਕੁਝ ਸਮਝ ਹੀ ਨਹੀਂ ਪੈਂਦਾ। ਸਗੋਂ ਪਹਿਲਾ ਸਮਝਿਆ ਵੀ ਭੁਲਣ ਨੂੰ ਫਿਰਦਾ ਹੈ। ਬੰਦਾ ਕਿਵੇਂ ਇਸ ਧਰਤੀ ਉਪਰ ਪੈਦਾ ਹੋਇਆ, ਨਹੀਂ ਸਮਝ ਲਗਦੀ, ਧਰਤੀ ਕਿਵੇਂ ਹੋਂਦ ਵਿਚ ਆਈ, ਕੌਣ ਦਸ ਸਕਦਾ ਹੈ ਜਾਂ ਦਿਖਦੇ ਅਕਾਸ਼ ਵਿਚ ਕੀ ਕੁਝ ਮਾਜੂਦ ਹੈ, ਕਿਥੋਂ ਪਤਾ ਲਗੇ! ਇਸ ਬੇਅੰਤਖਲਾਰੇ ਬਾਰੇ ਮਹਾਂ ਪੁਰਖਾ ਨੇ ਵੇਦ ਕਿਤੇਬ ਰਚੇ, ਕੁਲ ਦੁਨੀਆਂ ਵਿਚ ਅਣਗਿਣਤ ਗ੍ਰੰਥ ਅਤੇ ਕਿਤਾਬਚੇ ਮਾਜੂਦ ਪਰ ਲੋਕਾਈ ਫਿਰ ਵੀ ਇਕ ਮਤ ਨਹੀਂ ਹੈ। ਇਕ ਮੱਤ ਕੇਵਲ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਕੋਈ ਪੂਰਣ ਸਚਾਈ ਬਿਆਨ ਕਰਦਾ ਹੋਵੇ। ਇਸ ਗੋਰਖ ਧੰਦੇ ਤੋਂ ਪ੍ਰਸ਼ਾਨ ਕੁਝ ਲੋਕ ਨਾਸਤਕ ਬਣ ਗਏ ਹਨ। ਉਨ੍ਹਾਂ ਦਾ ਕਥਨ ਹੈ ਕਿ ਸਭ ਕੁਝ ਆਪ ਮੁਹਾਰੇ ਹੋਈ ਜਾ ਰਿਹਾ ਹੈ, ਕੋਈ ਰੱਬ ਰੁਬ ਨਹੀਂ ਹੁੰਦਾ। ਇਸ ਉਪਰ ਸਿਰ ਖਪਾਈ ਦੀ ਕੋਈ ਲੋੜ ਨਹੀਂ ਹੈ। ਬਸ ਬਿਨਾ ਰੱਬ ਦੇ ਜੀਵਨ ਬਤੀਤ ਕਰੋ। ਕੇਵਲ ਸਾਇੰਸ ਜਾਂ ਤਰਕ ਉਪਰ ਭਰੋਸਾ ਕਰੋ।
ਦਰ ਅਸਲ ਰੱਬ ਅਤੇ ਇਨਸਾਨ ਇਕ ਦਰਖਤ ਦੀ ਤਰ੍ਹਾਂ ਹਨ। ਰੱਬ ਪੂਰਾ ਸੂਰਾ ਦਰਖਤ ਅਤੇ ਇਨਸਾਨ ਇਕ ਪੱਤਾ, ਟਾਹਣੀ ਜਾ ਇਕ ਫੁਲ ਹੈ। ਕੋਈ ਫੁਲ ਨੂੰ ਪੁਛੇ ਜਾਂ ਕਿਸੇ ਪਤੇ ਨੂੰ ਪੁਛੇ ਕਿ ਦਰਖਤ ਕੀ ਹੁੰਦਾ ਹੈ ਤਾਂ ਉਹ ਕੀ ਦਸੇਗਾ! ਵਧ ਤੋਂ ਵਧ ਜੋ ਉਸਨੂੰ ਦਿਖਦਾ ਹੈ, ਉਹੀ ਕੁਝ ਦਸੇਗਾ ਕਿ ਦਰੱਖਤ ਹਰੇ ਰੰਗ ਦਾ ਹੁੰਦਾ ਹੈ, ਜਿਸ ਦੀਆਂ ਸ਼ਾਖਾਵਾ ਹੁੰਦੀਆ ਹਨ ਅਤੇ ਜਾਂ ਮੇਰੇ ਵਰਗੇ ਫੁਲ/ਪਤੇ ਲਗੇ ਹੁੰਦੇ ਹਨ। ਪਰ ਦਰਖਤ ਦੀਆਂ ਜੜਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਹੋ ਸਕਦਾ ਕਿਓਂਕਿ ਉਹ ਦਿਖਦੀਆਂ ਨਹੀਂ ਹਨ। ਜੇਕਰ ਫੁਲ ਨੂੰ ਕੋਈ ਇਹ ਪੁਛੇ ਕਿ ਤੂੰ ਕਿਵੇਂ ਪੈਦਾ ਹੋਇਆ ਹੈ, ਤਾਂ ਭਲਾ ਫੁਲ ਕੀ ਦਸੇਗਾ। ਉਸਨੂੰ ਤਾਂ ਇਹ ਵੀ ਨਹੀਂ ਪਤਾ ਹੋਵੇਗਾ ਕਿ ਮੈਂ ਫੁਲ ਬਣਨ ਤੋਂ ਪਹਿਲਾ ਇਕ ਡੋਡੀ ਸਾਂ। ਡੋਡੀ ਤੋਂ ਪਹਿਲਾਂ ਦਰਖਤ ਦੀ ਕੀ ਸੂਰਤ ਸੀ, ਜਾਂ ਦਰਖਤ ਤੋਂ ਪਹਿਲਾਂ ਉਥੇ ਕੀ ਸੀ ਵਗੈਰਾ ਕੁਝ ਵੀ ਕਿਸੇ ਫੁਲ ਨੂੰ ਪਤਾ ਨਹੀਂ ਹੋ ਸਕਦਾ। ਫੁਲ ਤੋਂ ਬਾਅਦ ਉਸ ਨੇ ਇਕ ਬੀਜ ਵਿਚ ਬਦਲ ਜਾਣਾ ਹੈ, ਸ਼ਾਇਦ ਇਹ ਵੀ ਫੁਲ ਦੀ ਸਿਮਰਤੀ ਵਿਚ ਨਹੀਂ ਹੋਵੇਗਾ। ਫੁਲ ਸੋਚਦਾ ਸੋਚਦਾ ਝੜ ਜਾਵੇਗਾ ਪਰ ਜਵਾਬ ਕਿਤੋਂ ਨਹੀਂ ਦੇ ਸਕੇਗਾ। ਇਨਸਾਨ ਜਾਂ ਦਿਖਦੀ ਰਚਨਾ ਰੱਬ ਨੂੰ ਲਗੇ ਹੋਏ ਫੁਲ ਪੱਤੇ ਹਨ। ਸਭ ਕੁਝ ਇਕ ਦੂਸਰੇ ਲਈ ਪੂਰਕ ਹਨ। ਸਚ ਇਹ ਹੈ ਕਿ ਰੱਬ ਕਰਕੇ ਇਹ ਦੁਨੀਆਂ ਹੈ ਅਤੇ ਦੁਨੀਆਂ ਕਰਕੇ ਰੱਬ ਦਾ ਨਾਮ ਪ੍ਰਚਲਤ ਹੈ ਵਰਨਾ ਸਭ ਕੁਝ ਧੰਦੁਕਾਰਾ ਹੈ।
ਸਾਰੀ ਦੁਨੀਆਂ ਰੱਬ ਦੇ ਕਿਓ ਪੇਸ਼ ਪਈ ਰਹਿੰਦੀ ਹੈ, ਰੱਬ ਨੂੰ ਜਾਨਣ ਦੀ ਇਕ ਅਮੋੜ ਜਗਿਆਸਾ ਕਿਓ ਹਰ ਬੰਦੇਅੰਦਰ ਪ੍ਰਚੰਡ ਰਹਿੰਦੀ ਹੈ। ਇਹ ਸਵਾਲ ਕੁਝ ਵਿਸ਼ੇਸ਼ਤਾ ਰੱਖਦਾ ਹੈ, ਕੋਈ ਵਜ਼ਨ ਹੈ ਇਸ ਸਵਾਲ ਵਿਚ। ਪੇਸ਼ ਇਸ ਕਰਕੇ ਪਈ ਰਹਿੰਦੀ ਹੈ ਕਿ ਇਨਸਾਨ ਬਹੁਤ ਪ੍ਰੇਸ਼ਾਨ ਰਹਿੰਦਾ ਹੈ, ਦੁਖੀ ਰਹਿੰਦਾ ਹੈ ਅਤੇ ਉਸਨੂੰ ਇਨ੍ਹਾਂ ਤਕਲੀਫਾ ਦਾ ਇਲਾਜ ਨਹੀਂ ਮਿਲ ਰਿਹਾ ਕਿਤੋਂ। ਇਨਸਾਨ ਦਿਮਾਗੀ ਤੌਰ ਉਪਰ ਰੱਬ ਵਾਂਗ ਹੈ ਕਿਓਂ ਕਿ ਇਹ ਖੁਦ ਉਸੇ ਦਰਖਤ ਦਾ ਇਕ ਹਿਸਾ ਹੈ। ਇਸਨੇ ਤਿਖੇ ਦਿਮਾਗ ਦੇ ਬਲਬੂਤੇ ਸਰੀਰਕ ਬੀਮਾਰੀਆਂ ਦੇ ਇਲਾਜ, ਆਰਾਮ ਖਾਤਰ ਆਵਾਜਾਵੀ ਦੇ ਸਾਧਨ ਅਤੇ ਖੇਚਲ ਤੋਂ ਬਚਣ ਲਈ ਮਸ਼ੀਨਾ ਅਤੇ ਉਪਕਰਣ ਤਿਆਰ ਕਰ ਲਏ ਹਨ। ਪਰ ਮਾਨਸਿਕ ਪ੍ਰੇਸ਼ਾਨੀ ਦਾ ਕੋਈ ਤੋੜ ਨਹੀਂ ਮਿਲਿਆ। ਸਿਰਫ ਅਤੇ ਸਿਰਫ ਰੱਬ ਦੀ ਸੋਚ ਨੇ ਇਕ ਧਰਵਾਸ ਜਰੂਰ ਦੇ ਰਖਿਆ ਹੈ ਕਿ ਇਸ ਪਾਸੇ ਲਗਣ ਨਾਲ ਮਾਨਸਿਕ ਤਰਿਪਤੀ ਹੋ ਸਕਦੀ ਹੈ। ਪਰ ਮਾੜੀ ਗਲ ਇਹ ਕਿ ਇਨਸਾਨਾਂ ਨੇ ਇਸ ਸਿਧੇ ਸਾਧੇ ਕੰਮ ਨੂੰ ਵੀ ਗੋਰਖ ਧੰਦਾ ਬਣਾ ਲਿਆ ਹੈ। ਇਸ ਤ੍ਰਿਪਤੀ ਨੂੰ ਵੇਚਣ ਵਾਲੇ ਅਨੇਕਾ ਪੈਦਾ ਹੋ ਚੁਕੇ ਹਨ, ਜੋ ਸਿਧੇ ਸਾਧੇ ਲੋਕਾਂ ਨੂੰ ਛਲਦੇ ਹਨ।
ਰੱਬ ਦੀ ਦੁਨੀਆ ਦਾਰੀ ਵਿਚ ਕਿਸੇ ਵੀ ਚੀਜ਼ ਨੂੰ ਵੇਚਿਆ ਨਹੀਂ ਜਾਂਦਾ। ਨਾ ਹਵਾ ਦਾ ਕੋਈ ਮੁਲ ਹੈ, ਨਾ ਪਾਣੀ ਦਾ ਅਤੇ ਨਾ ਹੀ ਰਹਿਣ ਲਈ ਜ਼ਮੀਨ ਦਾ। ਜਾਨਵਰਾ ਦੀ ਹੀ ਮਿਸਾਲ ਲੈ ਲਵੋ। ਉਨ੍ਹਾਂ ਦੀ ਦੁਨੀਆਂ ਦਾਰੀ ਵਿਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਤਾਂ ਮੁਲਕਾਂ ਵਾਲੀ ਵਿਵਸਥਾ ਹੀ ਨਹੀਂ ਕੀਤੀ ਹੋਈ। ਸਾਰੀ ਧਰਤੀ ਅਤੇ ਸਾਰਾ ਅਕਾਸ਼ ਉਨ੍ਹਾਂ ਦੀ ਨਿਜੀ ਮਲਕੀਅਤ ਹੈ। ਜਦ ਮਰਜੀ ਐ ਉਹ ਇਕ ਖਿਤੇ ਤੋਂ ਉਠਕੇ ਦੂਸਰੇ ਵਿਚ ਪਹੁੰਚ ਜਾਦੇ ਹਨ। ਪੈਰ ਪੈਰ ਉਪਰ ਉਨ੍ਹਾਂ ਨੂੰ ਜਾਨ ਦਾ ਖਤਰਾ ਹੁੰਦਾ ਹੈ, ਪਰ ਇਸ ਬਾਰੇ ਕਦੇ ਉਹ ਚਿੰਤਤ ਨਹੀਂ ਹੁੰਦੇ। ਕੋਈ ਜਾਨਵਰ ਅਜ ਤਕ ਇਸ ਚਿੰਤਾ ਵਿਚ ਮਰਿਆ ਨਹੀਂ ਸੁਣਿਆ ਜੋ ਕਹੇ ਕਿ ਮੈਨੂੰ ਡਰ ਬਹੁਤ ਲਗਦਾ ਸੀ। ਕੁਲ ਕਾਇਨਾਤ ਨਿਡਰ ਹੋਕੇ ਜੀਵਨ ਬਤੀਤ ਕਰਦੀ ਹੈ, ਸਿਵਾਏ ਇਨਸਾਨ ਤੋਂ। ਡਰ, ਅਨਿਸਚਤਾ ਅਤੇ ਬੇਭਰੋਸਗੀ ਸਭ ਪ੍ਰੇਸ਼ਾਨੀਆਂ ਦੀਆਂ ਜੜ੍ਹਾਂ ਹੁੰਦੀਆਂ ਹਨ ਅਤੇ ਇਸਦਾ ਇਲਾਜ ਰੱਬ ਦੀ ਸੋਚ ਜਾਂ ਰੱਬ ਦੇ ਸਿਮਰਣ ਵਿਚ ਮਾਜੂਦ ਹੈ।
ਜਿਵੇਂ ਸਕੂਲ ਦੇ ਪਹਿਲੇ ਦਿਨਾ ਵਿਚ ਪਹਾੜੇ ਯਾਦ ਕਰਵਾਏ ਜਾਂਦੇ ਹਨ, ਜੋ ਸਾਰੀ ਉਮਰ ਬੰਦੇ ਦੀਆਂ ਗਿਣਤੀਆ ਮਿਣਤੀਆਂ ਵਿਚ ਸਹਾਈ ਹੁੰਦੇ ਹਨ, ਉਸੇ ਤਰ੍ਹਾ ਰੱਬ ਦਾ ਸਿਮਰਣ ਸਾਰੀਆਂ ਤਕਲੀਫਾ ਦਾ ਤੋੜ ਸਾਬਤ ਹੁੰਦਾ ਹੈ। ਅਜ ਤਕ ਕਿਸੇ ਬੱਚੇ ਨੇ ਮਾਸਟਰ ਨੂੰ ਇਹ ਨਹੀਂ ਪੁਛਿਆ ਕਿ ਦੋ ਦੂਣੀ ਚਾਰ ਕਿਓਂ ਹੁੰਦੇ ਹਨ। ਬਸ ਹੁੰਦੇ ਹਨ ਭਾਵੇਂ ਗਿਣਕੇ ਵੇਖ ਲਵੋ ਪਰ ਤਰਕ ਕੋਈ ਨਹੀਂ ਹੁੰਦਾ। ਇਸੇ ਤਰ੍ਹਾਂ ਰੱਬ ਦੇ ਸਿਮਰਣ ਨਾਲ ਮਨ ਸਾਂਤ ਹੁੰਦਾ ਹੈ, ਇਸਦਾ ਵੀ ਕੋਈ ਤਰਕ ਨਹੀਂ ਹੁੰਦਾ। ਬਸ ਕਰਕੇ ਵੇਖ ਲਵੋ। ਸਿਮਰਣ ਕਿਵੇਂ ਕਰਨਾ ਹੈ, ਇਸ ਵਾਸਤੇ ਵੀ ਕਿਸੇ ਗੁਰੂ ਧਾਰਣ ਦੀ ਲੋੜ ਨਹੀਂ ਹੁੰਦੀ। ਰੱਬ ਦੀ ਰੱਬਤਾ ਨੂੰ ਮਾਣੋ। ਚਾਰੋਂ ਤਰਫ ਵਿਖਰੀ ਸੁੰਦਰਤਾ ਨੂੰ ਵੇਖੋ। ਆਪਣੇ ਸਰੀਰ ਦੀ ਬਣਤਰ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਕ ਇਕ ਅੰਗ ਨੂੰ ਪਿਆਰੋ, ਇਸ ਵਿਚ ਚਲਦੀ ਤਰੰਗ ਨੂੰ ਮਹਿਸੁਸ ਕਰੋ। ਸਵਾਸਾਂ ਦੀ ਲੈਅ ਦਾ ਸੰਗੀਤ ਸੁਣੋ, ਕੰਨਾ ਦੇ ਵਿੰਡਿਆਂ ਦੇ ਅਨਹਦ ਨਾਦ ਦੇ ਰੱਸ ਨੂੰ ਪਰਖੋ। ਇਹੋ ਜਿਹਾ ਜੋ ਕੁਝ ਮਰਜੀ ਕਰੋ ਜਿਸਦਾ ਮਕਸਦ ਤੁਹਾਡਾ ਆਪਣੀ ਨਿਜ ਦੀ ਕੋਠੜੀ ਵਿਚ ਬੈਠਣਾ ਹੋਵੇ। ਇਹੀ ਸਿਮਰਣ ਹੈ ਅਤੇ ਇਹੀ ਰੱਬ ਦੀ ਰੱਬਤਾ ਦਾ ਜਾਦੂ ਹੈ। ਰੱਬ, ਕਿਸੇ ਤਰਕ ਵਰਕ ਤੋਂ ਅਗੇ ਦੀ ਵਸਤੂ ਹੈ। ਇਕ ਗੋਰਖ ਧੰਦਾ ਹੈ।