17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਅਮਿਤ ਸ਼ਾਹ ਨੇ ਅਕਾਲੀ-ਭਾਜਪਾ ਗਠਜੋੜ ਹੋਣ ਦੇ ਦਿੱਤੇ ਸੰਕੇਤ

ਅਮਿਤ ਸ਼ਾਹ ਨੇ ਅਕਾਲੀ-ਭਾਜਪਾ ਗਠਜੋੜ ਹੋਣ ਦੇ ਦਿੱਤੇ ਸੰਕੇਤ

8-5 ਦੇ ਫਾਰਮੂਲੇ ਤਹਿਤ ਪੰਜਾਬ ‘ਚ ਲੜੀਆਂ ਜਾਣਗੀਆਂ ਚੋਣਾਂ
ਚੰਡੀਗੜ੍ਹ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਸਬੰਧੀ ਸਥਿਤੀ ਇਸੇ ਹਫਤੇ ਸਾਫ ਹੋ ਜਾਵੇਗੀ। ਇਹ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਦਿੱਲੀ ਵਿਚ ਇਕ ਇੰਟਰਵਿਊ ਦੌਰਾਨ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿਚ ਇਸ ਵਾਰ ਭਾਜਪਾ ਹੋਰ ਮਜ਼ਬੂਤ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਅਕਾਲੀ ਦਲ 8 ਅਤੇ ਭਾਜਪਾ 5 ਸੀਟਾਂ ‘ਤੇ ਚੋਣ ਲੜ ਸਕਦਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਲੰਮਾ ਸਮਾਂ ਚੱਲਿਆ ਸੀ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦੇ ਦਿੱਤਾ ਸੀ। ਹੁਣ ਮੁੜ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋਣਾ ਤੈਅ ਹੀ ਹੈ।
ਅਕਾਲੀ ਦਲ ‘ਇਕ ਪਰਿਵਾਰ ਇਕ ਟਿਕਟ’ ਫਾਰਮੂਲਾ ਕਰੇਗਾ ਲਾਗੂ
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਇਕ ਪਰਿਵਾਰ ਇਕ ਟਿਕਟ ਫਾਰਮੂਲਾ ਲਾਗੂ ਕਰੇਗਾ। ਯਾਨੀ ਕਿ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਵਿਚੋਂ ਵੀ ਇਕ ਮੈਂਬਰ ਹੀ ਚੋਣ ਮੈਦਾਨ ਵਿਚ ਉਤਰੇਗਾ। ਜਦਕਿ 2019 ਦੀਆਂ ਲੋਕ ਸਭਾ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਅਤੇ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਚੋਣ ਲੜੀ ਸੀ ਅਤੇ ਦੋਵੇਂ ਆਪਣੀ-ਆਪਣੀ ਸੀਟ ਤੋਂ ਜੇਤੂ ਰਹੇ ਸਨ। 22 ਮਾਰਚ ਨੂੰ ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਪਰਿਵਾਰ ਇਕ ਟਿਕਟ ਸਬੰਧੀ ਫਾਰਮੂਲਾ ਲਾਗੂ ਕਰਨ ‘ਤੇ ਮੰਥਨ ਕੀਤਾ ਜਾ ਸਕਦਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਮੈਦਾਨ ‘ਚ ਉਤਰਨਗੇ।

RELATED ARTICLES
POPULAR POSTS