Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਚੋਣ ਦੰਗਲ 4 ਫਰਵਰੀ ਨੂੰ

ਪੰਜਾਬ ‘ਚ ਚੋਣ ਦੰਗਲ 4 ਫਰਵਰੀ ਨੂੰ

copy-of-15871932_1258531500900172_775294447203321652_n-copy-copyਰਾਜਨੀਤਿਕ ਪਹਿਲਵਾਨ ਉਤਰੇ ਅਖਾੜੇ ‘ਚ, ਜਿੱਤ-ਹਾਰ ਦਾ ਫੈਸਲਾ ਵੋਟਰਾਂ ਦੇ ਹੱਥ
ਪੰਜਾਬ ਸਮੇਤ ਪੰਜ ਸੂਬਿਆਂ ‘ਚ ਚੋਣ ਪ੍ਰਕਿਰਿਆ ਦੇ ਐਲਾਨ ਨਾਲ ਹੀ ਲੱਗ ਗਿਆ ਚੋਣ ਜਾਬਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਗੋਆ ਵਿਚ 11 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਚੋਣ ਅਮਲ ਆਰੰਭ ਹੋ ਜਾਏਗਾ ਜੋ 8 ਮਾਰਚ ਤੱਕ ਜਾਰੀ ਰਹੇਗਾ। ਨੋਟਬੰਦੀ ਦਾ ਦਾਅ ਖੇਡੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੰਜ ਸੂਬਿਆਂ ਦੀਆਂ ਚੋਣਾਂ ਵੱਡੀ ਪ੍ਰੀਖਿਆ ਹਨ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਨਾਲ ਹੀ ਪੰਜ ਸੂਬਿਆਂ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।
ਪੰਜਾਬ ਅਤੇ ਗੋਆ ਵਿਚ ਇਕੋ ਦਿਨ 4 ਫਰਵਰੀ ਨੂੰ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਵਿਚ ਸੱਤ ਪੜਾਵਾਂ ਅਤੇ ਮਨੀਪੁਰ ਵਿਚ ਦੋ ਪੜਾਵਾਂ ‘ਚ ਵੋਟਾਂ ਪੈਣਗੀਆਂ। ਉੱਤਰਾਖੰਡ ਵਿਚ ਚੋਣਾਂ 15 ਫਰਵਰੀ ਨੂੰ ਹੋਣਗੀਆਂ। ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਸਾਰੇ ਪੰਜ ਸੂਬਿਆਂ ਵਿਚ ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਏਗੀ। ਪੰਜਾਬ ਵਿਚ 117 ਵਿਧਾਨ ਸਭਾ ਹਲਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਤਿਕੋਣੀ ਟੱਕਰ ਹੈ। ਨਾਮਜ਼ਦਗੀਆਂ ਭਰਨ ਦਾ ਕੰਮ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 11 ਜਨਵਰੀ ਤੋਂ ਸ਼ੁਰੂ ਹੋ ਜਾਏਗਾ ਅਤੇ 18 ਜਨਵਰੀ ਤਕ ਕਾਗਜ਼ ਦਾਖ਼ਲ ਕੀਤੇ ਜਾ ਸਕਣਗੇ। ਅਗਲੇ ਦਿਨ ਕਾਗਜ਼ਾਂ ਦੀ ਪੜਤਾਲ ਹੋਏਗੀ ਅਤੇ ਉਮੀਦਵਾਰ 21 ਜਨਵਰੀ ਤਕ ਨਾਮ ਵਾਪਸ ਲੈ ਸਕਦੇ ਹਨ।
ਚੋਣ ਅਮਲ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਕਾਲੇ ਧਨ ਦੀ ਵਰਤੋਂ ਉਪਰ ਨਜ਼ਰ ਰੱਖੀ ਜਾਏਗੀ ਜਿਸ ਦੇ ਨੋਟਬੰਦੀ ਕਾਰਨ ਘਟਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤੇ ਜਾਣ ਵਾਲੇ ਹੋਰ ਗ਼ੈਰਕਾਨੂੰਨੀ ਹੱਥਕੰਡਿਆਂ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ।
ਉੱਤਰ ਪ੍ਰਦੇਸ਼ (403 ਸੀਟਾਂ) ਵਿਚ ਸੱਤ ਪੜਾਵਾਂ ਤਹਿਤ ਚੋਣਾਂ 11 ਫਰਵਰੀ (73 ਹਲਕੇ), 15 ਫਰਵਰੀ (67 ਹਲਕੇ), 19 ਫਰਵਰੀ (69 ਹਲਕੇ), 23 ਫਰਵਰੀ (53 ਹਲਕੇ) 27 ਫਰਵਰੀ (52 ਹਲਕੇ), 3 ਮਾਰਚ (49 ਹਲਕੇ) ਅਤੇ 8 ਮਾਰਚ (40 ਹਲਕੇ) ਨੂੰ ਹੋਣਗੀਆਂ। ਹੁਕਮਰਾਨ ਸਮਾਜਵਾਦੀ ਪਾਰਟੀ ਕੁਨਬੇ ਵਿਚ ਪਾੜ ਪੈਣ ਕਰ ਕੇ ਉੱਤਰ ਪ੍ਰਦੇਸ਼ ਦੀ ਸਿਆਸਤ ਦੇ ਮਾਅਨੇ ਬਦਲ ਗਏ ਹਨ। ਭਾਜਪਾ ਨੇ ਇਸ ਅਹਿਮ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਉਂਜ ਬਸਪਾ ਵੀ ਜ਼ੋਰ-ਸ਼ੋਰ ਨਾਲ ਚੁਣੌਤੀ ਦੇ ਰਹੀ ਹੈ ਅਤੇ ਕਾਂਗਰਸ ਦੇ ਮੈਦਾਨ ਵਿਚ ਆਉਣ ਕਰ ਕੇ ਉਥੇ ਸਖ਼ਤ ਮੁਕਾਬਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮਨੀਪੁਰ ਵਿਚ ਪਿਛਲੇ ਕੁਝ ਸਮੇਂ ਦੌਰਾਨ ਹੋਈਆਂ ਹਿੰਸਾ ਦੀਆਂ ਵਾਰਦਾਤਾਂ ਕਾਰਨ ਚੋਣਾਂ ਨਾ ਹੋਣ ਦੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਸਨ ਪਰ ਸੂਬੇ ਵਿਚ ਦੋ ਪੜਾਵਾਂ 4 ਮਾਰਚ (38 ਹਲਕੇ) ਅਤੇ 8 ਮਾਰਚ (22 ਹਲਕੇ) ਨੂੰ ਵੋਟਾਂ ਪਾਈਆਂ ਜਾਣਗੀਆਂ। ਮਨੀਪੁਰ ਵਿਚ ਕਾਂਗਰਸ ਦੇ ਮੁੜ ਸੱਤਾ ਵਿਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਗੋਆ (40) ਵਿਚ ਭਾਜਪਾ ਸੱਤਾ ਮੁੜ ਹਾਸਲ ਕਰਨ ਲਈ ਜ਼ੋਰ ਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਅਤੇ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਉੱਤਰਾਖੰਡ ਦੇ ਸਿਆਸੀ ਦ੍ਰਿਸ਼ ‘ਤੇ ਭਾਰੀ ਉਥਲ-ਪੁਥਲ ਰਹੀ ਅਤੇ ਹੁਣ 70 ਸੀਟਾਂ ਲਈ ਭਾਜਪਾ ਅਤੇ ਕਾਂਗਰਸ ਵਿਚਕਾਰ ਤਿੱਖਾ ਮੁਕਾਬਲਾ ਹੈ।
ਜ਼ੈਦੀ ਨੇ ਦੱਸਿਆ ਕਿ ਪੰਜ ਸੂਬਿਆਂ ਦੇ 690 ਹਲਕਿਆਂ ਵਿਚ 16 ਕਰੋੜ ਤੋਂ ਵੱਧ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿਚ 1.85 ਲੱਖ ਪੋਲਿੰਗ ਸਟੇਸ਼ਨ ਬਣਾਏ ਹਨ ਜੋ 2012 ਵਿਚ ਹੋਈਆਂ ਚੋਣਾਂ ਨਾਲੋਂ 15 ਫ਼ੀਸਦੀ ਵੱਧ ਹਨ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਆਪਣੇ ਚੋਣ ਖ਼ਰਚਿਆਂ ਲਈ ਬੈਂਕ ਖ਼ਾਤਾ ਖੁਲ੍ਹਵਾਉਣਾ ਪਏਗਾ ਅਤੇ 20 ਹਜ਼ਾਰ ਰੁਪਏ ਤੋਂ ਵੱਧ ਦੇ ਭੁਗਤਾਨ ਨਵੇਂ ਖ਼ਾਤਿਆਂ ਦੇ ਚੈੱਕਾਂ ਰਾਹੀਂ ਕੀਤੇ ਜਾਣਗੇ।
ਪਰਦੇ ਦੇ ਸਾਹਮਣੇ
ੲ ਸੰਭਾਵਨਾ ਪ੍ਰਕਾਸ਼ ਸਿੰਘ ਬਾਦਲ ਦੀ ਆਖਰੀ ਰਾਜਨੀਤਿਕ ਪਾਰੀ। ਸੁਖਬੀਰ ਬਾਦਲ ਨੂੰ ਵੀ ਕਰ ਸਕਦੇ ਹਨ ਮੂਹਰੇ।
ੲ ਕੈਪਟਨ ਵੀ ਆਖ ਚੁੱਕੇ ਹਨ ਕਿ ਮੇਰੀ ਆਖਰੀ ਚੋਣ।
ੲ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਵੱਡੇ ਚਿਹਰੇ।
ਪਰਦੇ ਦੇ ਓਹਲੇ
ੲ ਅਕਾਲੀ-ਭਾਜਪਾ ਗੱਠਜੋੜ ਕੋਲ ਨਰਿੰਦਰ ਮੋਦੀ ਹੀ ਮੁੱਖ ਚਿਹਰਾ।
ੲ ਆਪਣੀ ਮਕਬੂਲੀਅਤ ਪਰਖਣ ਦਾ ਮੋਦੀ ਕੋਲ ਇਹੋ ਮੌਕਾ।
ੲ ਰਾਹੁਲ ਗਾਂਧੀ ਅਤੇ ਕਾਂਗਰਸ ਲਈ ਇਹ ਫੈਸਲਾਕੁੰਨ ਚੋਣਾਂ।
ੲ ਜਿੱਤ ਵੀ ਕੇਜਰੀਵਾਲ ਦੀ ਤੇ ਹਾਰ ਵੀ ਕੇਜਰੀਵਾਲ ਦੀ।
ਪੰਜਾਬ ਦੇ ਚੋਣ ਮੁੱਦੇ
ਆਪ :ਆਮ ਆਦਮੀ ਪਾਰਟੀ ਦਾ ਮੁੱਖ ਚੋਣ ਮੁੱਦਾ ਨਸ਼ੇ, ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ। ਟੇਕ ਨੌਜਵਾਨ ਵੋਟਰਾਂ ‘ਤੇ।
ਕਾਂਗਰਸ :ਕਾਂਗਰਸ ਪਾਰਟੀ ਦੇ ਮੁੱਖ ਚੋਣ ਮੁੱਦੇ ਨੋਟਬੰਦੀ, ਮਾਫ਼ੀਆ ਰਾਜ ਤੇ ਗੁੰਡਾਗਰਦੀ। ਟੇਕ ਆਪਣੇ ਕੇਡਰ ‘ਤੇ।
ਅਕਾਲੀ-ਭਾਜਪਾ : 10 ਸਾਲਾਂ ਦੇ ਵਿਕਾਸ ਕਾਰਜਾਂ ਅਤੇ ਮੋਦੀ ਦੇ ਸਹਾਰੇ। ਟੇਕ ਯੂਥ ਅਤੇ ਪੱਕੇ ਅਕਾਲੀ ਕੇਡਰ ‘ਤੇ।
ਚੋਣਾਂ ‘ਚ ਪਹਿਲੀ ਵਾਰ
ਤਿਕੋਣਾ ਮੁਕਾਬਲਾ
ਪੰਜਾਬ ਵਿਚ ਪਹਿਲੀ ਵਾਰ ਤਿਕੋਣਾ ਮੁਕਾਬਲਾ ਹੋਵੇਗਾ। ਹੁਣ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਿੱਧੀ ਟੱਕਰ ਕਾਂਗਰਸ ਨਾਲ ਹੀ ਹੁੰਦੀ ਆਈ ਹੈ। ਪਰ ਇਸ ਵਾਰ ਜਿਸ ਦਮ-ਖਮ ਨਾਲ ਆਮ ਆਦਮੀ ਪਾਰਟੀ ਚੋਣ ਪਿੜ ਵਿਚ ਨਿੱਤਰੀ ਹੈ ਉਸ ਨੇ ਪੰਜਾਬ ਦੇ ਚੋਣ ਦੰਗਲ ਨੂੰ ਤਿਕੋਣੇ ਮੁਕਾਬਲੇ ‘ਚ ਬਦਲ ਦਿੱਤਾ ਹੈ। ਬੇਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੀਪੀਪੀ ਵੀ ਮੈਦਾਨ ਵਿਚ ਸੀ ਪਰ ਉਹ ਸੀਟ ਕੋਈ ਨਾ ਜਿੱਤ ਸਕੀ।
35 ਪਾਰਟੀਆਂ ਮੈਦਾਨ ਵਿਚ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ 35 ਰਾਜਨੀਤਿਕ ਦਲ ਚੋਣ ਮੈਦਾਨ ਵਿਚ ਹਨ। ਅਕਾਲੀ ਦਲ, ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਬਸਪਾ, ਆਪਣਾ ਪੰਜਾਬ ਪਾਰਟੀ, ਬੈਂਸ ਬ੍ਰਦਰਜ਼ ਦੀ ਪਾਰਟੀ, ਡੈਮੋਕ੍ਰੇਟਿਕ ਪਾਰਟੀ, ਬਹੁਜਨ ਸਮਾਜ ਪਾਰਟੀ ਅੰਬੇਦਕਰ, ਲੈਫਟ ਆਦਿ ਸਮੇਤ ਸਭ ਤੋਂ ਜ਼ਿਆਦਾ 35 ਪਾਰਟੀਆਂ ਇਸ ਵਾਰ ਮੈਦਾਨ ਵਿਚ ਹਨ।
ਬਿਲ ਅਦਾ ਨਹੀਂ ਤਾਂ ਉਮੀਦਵਾਰੀ ਰੱਦ
ਦੇਸ਼ ਦੇ ਚੋਣ ਇਤਿਹਾਸ ਵਿਚ ਇਹ ਵੀ ਪਹਿਲੀ ਵਾਰ ਹੈ ਕਿ ਬਿਲ ਅਦਾ ਨਾ ਹੋਣ ‘ਤੇ ਉਮੀਦਵਾਰੀ ਰੱਦ ਹੋ ਜਾਵੇਗੀ। ਜੇਕਰ ਕਿਸੇ ਵੀ ਉਮੀਦਵਾਰ ਨੇ ਬਿਜਲੀ, ਪਾਣੀ, ਮਕਾਨ ਆਦਿ ਦਾ ਬਿਲ, ਕਿਰਾਇਆ, ਟੈਕਸ ਆਦਿ ਚੋਣ ਲੜਨ ਤੋਂ ਪਹਿਲਾਂ ਅਦਾ ਨਾ ਕੀਤਾ ਤਾਂ ਉਹ ਉਮੀਦਵਾਰ ਚੋਣ ਹੀ ਨਹੀਂ ਲੜ ਸਕੇਗਾ। ਹੁਣ ਹਰ ਉਮੀਦਵਾਰ ਨੂੰ ‘ਨੋ ਡਿਮਾਂਡ’ ਦਾ ਹਲਫ਼ੀਆ ਬਿਆਨ ਦੇਣਾ ਪਵੇਗਾ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …