Breaking News
Home / ਹਫ਼ਤਾਵਾਰੀ ਫੇਰੀ / ਡੇਰਾ ਮੁਖੀ ਰਹੀਮ ਨਾਲ ਜੁੜੇ ਕਤਲ ਕੇਸ ਵਿੱਚ ਹਾਈਕੋਰਟ ਨੇ ਸੀਬੀਆਈ ਜੱਜ ਨੂੰ ਫੈਸਲਾ ਸੁਣਾਉਣ ਤੋਂ ਰੋਕਿਆ

ਡੇਰਾ ਮੁਖੀ ਰਹੀਮ ਨਾਲ ਜੁੜੇ ਕਤਲ ਕੇਸ ਵਿੱਚ ਹਾਈਕੋਰਟ ਨੇ ਸੀਬੀਆਈ ਜੱਜ ਨੂੰ ਫੈਸਲਾ ਸੁਣਾਉਣ ਤੋਂ ਰੋਕਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੇ ਇਕ ਕੇਸ ਵਿਚ ਸੀਬੀਆਈ ਜੱਜ ਨੂੰ ਫ਼ੈਸਲਾ ਸੁਣਾਉਣ ਤੋਂ ਰੋਕ ਦਿੱਤਾ। ਰਣਜੀਤ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਇਹ ਕੇਸ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਿਚ ਚੱਲ ਰਿਹਾ ਹੈ। ਇਸ ਕੇਸ ਵਿਚ ਜੇਲ੍ਹ ‘ਚ ਕੈਦ ਵਿਵਾਦਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁਲਜ਼ਮ ਹੈ। ਪੀੜਤ ਦੇ ਪੁੱਤਰ ਜਗਸੀਰ ਸਿੰਘ ਨੇ ਇਸ ਮਾਮਲੇ ਵਿਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਸ ਨੇ ਕੇਸ ਪੰਜਾਬ, ਹਰਿਆਣਾ ਜਾਂ ਚੰਡੀਗੜ੍ਹ ਦੀ ਕਿਸੇ ਹੋਰ ਸੀਬੀਆਈ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਗਸੀਰ ਸਿੰਘ ਨੇ ਕਿਹਾ ਹੈ ਕਿ ਵਿਸ਼ੇਸ਼ ਅਦਾਲਤ ਦਾ ਜੱਜ ਸੀਬੀਆਈ ਦੇ ਇਕ ਵਕੀਲ ਰਾਹੀਂ ਮੁਲਜ਼ਮ ਦੇ ਪ੍ਰਭਾਵ ਹੇਠ ਆ ਗਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਸੀਬੀਆਈ ਦਾ ਇਕ ਵਕੀਲ ਇਸ ਕੇਸ ਨਾਲ ਹਾਲਾਂਕਿ ਸਿੱਧੇ ਤੌਰ ਉਤੇ ਨਹੀਂ ਜੁੜਿਆ ਹੋਇਆ ਪਰ ਉਹ ਸੁਣਵਾਈ ਵੇਲੇ ਹਾਜ਼ਰ ਹੁੰਦਾ ਹੈ ਤੇ ਦਖ਼ਲ ਦੇ ਰਿਹਾ ਹੈ। ਜਗਸੀਰ ਮੁਤਾਬਕ ਉਹ ਇਸਤਗਾਸਾ ਪੱਖ ਦਾ ਮੁੱਖ ਵਕੀਲ ਨਹੀਂ ਹੈ ਪਰ ਕੇਸ ਲੜ ਰਹੇ ਵਿਸ਼ੇਸ਼ ਸਰਕਾਰੀ ਵਕੀਲ ਨੂੰ ਸੁਣਵਾਈ ਦੌਰਾਨ ਸਲਾਹ ਦਿੰਦਾ ਰਹਿੰਦਾ ਹੈ। ਉਹ ਬਿਨਾਂ ਮਤਲਬ ਕੇਸ ਵਿਚ ਦਿਲਚਸਪੀ ਲੈਂਦਾ ਹੈ ਤੇ ਜੱਜ ਉਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਸੁਣਾਉਣ ਲਈ 26 ਅਗਸਤ ਦੀ ਤਰੀਕ ਤੈਅ ਕੀਤੀ ਸੀ। ਹਾਈਕੋਰਟ ਵਿਚ ਮਾਮਲੇ ਉਤੇ ਸੁਣਵਾਈ ਹੁਣ 27 ਅਗਸਤ ਨੂੰ ਹੋਵੇਗੀ। ਰਾਮ ਰਹੀਮ ਦੇ ਪੈਰੋਕਾਰ ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਕੁਰੂਕਸ਼ੇਤਰ ਵਿਚ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਨੇ ਡੇਰਾ ਮੁਖੀ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕੀਤੀ ਸੀ।
ਸੀਬੀਆਈ ਕੋਰਟ ਦਾ ਜੱਜ ਖ਼ੁਦ ਨੂੰ ਮਾਮਲੇ ਤੋਂ ਵੱਖ ਕਰੇ : ਛਤਰਪਤੀ
ਸਿਰਸਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਣਜੀਤ ਕਤਲ ਕੇਸ ਮਾਮਲੇ ਵਿੱਚ ਫ਼ੈਸਲਾ ਸੁਣਾਉਣ ‘ਤੇ ਰੋਕ ਲਾਏ ਜਾਣ ਸਬੰਧੀ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਸੀਬੀਆਈ ਕੋਰਟ ਦੇ ਜੱਜ ਨੂੰ ਇਸ ਮਾਮਲੇ ਤੋਂ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ ਤਾਂ ਜੋ ਪੀੜਤ ਧਿਰ ਦਾ ਅਦਾਲਤ ‘ਤੇ ਵਿਸ਼ਵਾਸ ਬਣਿਆ ਰਹੇ।
ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਸੀਬੀਆਈ ਕੋਰਟ ‘ਤੇ ਬੇਭਰੋਸੀ ਪ੍ਰਗਟ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਟਰਾਂਸਫਰ ਕਰਨ ਦੀ ਅਪੀਲ ਕੀਤੀ ਹੈ, ਜਿਸ ‘ਤੇ ਹਾਈਕੋਰਟ ਨੇ ਫ਼ੈਸਲਾ ਸੁਣਾਉਣ ‘ਤੇ ਰੋਕ ਲਾ ਦਿੱਤੀ ਹੈ।
ਅੰਸ਼ੁਲ ਨੇ ਕਿਹਾ ਕਿ ਪੀੜਤ ਪਰਿਵਾਰ ਪਿਛਲੇ 19 ਸਾਲਾਂ ਤੋਂ ਨਿਆਂ ਲਈ ਸੰਘਰਸ਼ ਕਰ ਰਿਹਾ ਹੈ ਤੇ ਹੁਣ ਪਰਿਵਾਰ ਨੂੰ ਨਿਆਂ ਦੀ ਆਸ ਬੱਝੀ ਹੈ। ਜੇ ਪਰਿਵਾਰ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਤੇ ਬੇਭਰੋਸਗੀ ਪ੍ਰਗਟ ਕੀਤੀ ਹੈ ਤਾਂ ਸੀਬੀਆਈ ਦੇ ਜੱਜ ਨੂੰ ਇਸ ਕੇਸ ਤੋਂ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …