Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਿਆ

ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਿਆ

ਦਰਸ਼ਨਾਂ ਲਈ ਪਹੁੰਚੀ ਪੰਜਾਬ ਸਰਕਾਰ ਸਣੇ ਭਾਰਤੀ ਸੰਗਤ ਦਾ ਪਾਕਿਸਤਾਨ ‘ਚ ਨਿੱਘਾ ਸਵਾਗਤ
ਅੰਮ੍ਰਿਤਸਰ : ਕਰਤਾਰਪੁਰ ਕੌਰੀਡੋਰ 611 ਦਿਨਾਂ ਬਾਅਦ ਬੁੱਧਵਾਰ ਨੂੰ ਫਿਰ ਖੁੱਲ੍ਹ ਗਿਆ ਹੈ। ਪਹਿਲੇ ਦਿਨ ਬੁੱਧਵਾਰ ਨੂੰ ਕੌਰੀਡੋਰ ਰਸਤੇ 28 ਸ਼ਰਧਾਲੂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ਅਤੇ ਭਾਰਤੀ ਸ਼ਰਧਾਲੂਆਂ ਦਾ ਪਾਕਿਸਤਾਨੀ ਅਧਿਕਾਰੀਆਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇ ਸ਼ਰਧਾਲੂਆਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਕੌਰੀਡੋਰ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਜਾਣ ਲਈ ਵਿਸ਼ੇਸ਼ ਵਾਹਨਾਂ ਦੀ ਵਿਵਸਥਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ 16 ਮਾਰਚ ਨੂੰ ਕਰੋਨਾ ਮਹਾਂਮਾਰੀ ਦੇ ਲਗਾਤਾਰ ਵਧਦੇ ਖ਼ਤਰੇ ਨੂੰ ਵੇਖਦਿਆਂ ਭਾਰਤ ਅਤੇ ਪਾਕਿਸਤਾਨ ਵਲੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਨੂੰ ਲਗਭਗ 20 ਮਹੀਨਿਆਂ ਬਾਅਦ ਭਾਰਤ ਤਰਫ਼ੋਂ ਖੋਲ੍ਹ ਦਿੱਤਾ ਗਿਆ। ਡੇਰਾ ਬਾਬਾ ਨਾਨਕ ‘ਚ ਸਥਿਤ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ (ਐਲ.ਪੀ.ਏ.ਆਈ.) ਵਲੋਂ ਕਾਹਲੀ ‘ਚ ਕੀਤੇ ਗਏ ਪ੍ਰਬੰਧਾਂ ਤਹਿਤ ਪਾਕਿ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਦਿਨ ਬੁੱਧਵਾਰ ਨੂੰ ਜਾਣ ਵਾਲੇ 49 ਸ਼ਰਧਾਲੂਆਂ ‘ਚੋਂ ਸਿਰਫ਼ 28 ਸ਼ਰਧਾਲੂ ਹੀ ਇਸ ਲਾਂਘੇ ਰਾਹੀਂ ਪਾਕਿ ਲਈ ਰਵਾਨਾ ਹੋ ਸਕੇ। ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਭਾਰਤ ਵਾਲੇ ਪਾਸੇ ਅਤੇ ਪਾਕਿ ਵਾਲੇ ਪਾਸੇ ਦੇ ਕਰਮਚਾਰੀਆਂ ‘ਚ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਡੇਰਾ ਬਾਬਾ ਨਾਨਕ ਸਰਹੱਦ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਪਹੁੰਚੇ ਪਹਿਲੇ ਭਾਰਤੀ ਸ਼ਰਧਾਲੂ ਬੀਬੀ ਡਾ: ਨੀਲਮ ਗਰੇਵਾਲ, ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਮੇਤ ਹੋਰਨਾਂ ਸ਼ਰਧਾਲੂਆਂ ਦੇ ਸਰਹੱਦ ਪਾਰ ਕਰਨ ਉਪਰੰਤ ਕਰਤਾਰਪੁਰ ਲਾਂਘਾ ਜ਼ੀਰੋ ਪੁਆਇੰਟ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਐਮ. ਪੀ. ਏ. ਨਾਰੋਵਾਲ ਰਮੇਸ਼ ਸਿੰਘ ਅਰੋੜਾ, ਡਾ: ਮਿਮਪਾਲ ਸਿੰਘ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ, ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ. ਈ. ਓ. ਮੁਹੰਮਦ ਲਤੀਫ਼ ਅਤੇ ਸਕਿਉਰਿਟੀ ਅਫ਼ਸਰ ਮੁਹੰਮਦ ਜ਼ਹੀਰ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੁੜ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਰਾਹੀਂ ਪਾਕਿ ਪਹੁੰਚੇ ਯਾਤਰੂਆਂ ਨੇ ਭਾਵੁਕ ਹੁੰਦਿਆਂ ਭਰੀਆਂ ਅੱਖਾਂ ਨਾਲ ਆਪਣੀ ਖ਼ੁਸ਼ੀ ਅਤੇ ਜ਼ਜ਼ਬਾਤਾਂ ਦਾ ਇਜ਼ਹਾਰ ਕੀਤਾ।
ਸੰਗਤ ਦੀ ਸਹੂਲਤ ਲਈ ਕੌਰੀਡੋਰ ਤੱਕ ਮੁਫਤ ਬੱਸਾਂ ਚਲਾਵਾਂਗੇ : ਚੰਨੀ
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਪੰਜਾਬ ਸਰਕਾਰ ਦਾ ਵਫਦ
ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਵਫਦ ਵਾਪਸ ਪਰਤ ਆਇਆ ਹੈ। ਇਸ ਵਫਦ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਕੁਝ ਸਾਥੀ ਮੰਤਰੀ ਵੀ ਸ਼ਾਮਲ ਸਨ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਨੂੰ ਕੌਰੀਡੋਰ ਤੱਕ ਲਿਜਾਣ ਲਈ ਪੰਜਾਬ ਸਰਕਾਰ ਮੁਫਤ ਬੱਸਾਂ ਚਲਾਵੇਗੀ। ਉਨ੍ਹਾਂ ਕਿਹਾ ਕਿ ਇਸ ਬੱਸ ਸੇਵਾ ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕਰਕੇ ਆਏ ਹਾਂ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹਣ ਅਤੇ ਵਪਾਰ ਵੀ ਸ਼ੁਰੂ ਹੋਵੇ। ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਮੰਗ ਕੀਤੀ ਕਿ ਕੌਰੀਡੋਰ ਰਸਤੇ ਕਰਤਾਰਪੁਰ ਸਾਹਿਬ ਜਾਣ ਲਈ ਪ੍ਰਕਿਰਿਆ ਅਸਾਨ ਬਣਾਈ ਜਾਵੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਮੁੱਖ ਮੰਤਰੀ ਚੰਨੀ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ ਸੋਢੀ, ਵਿਜੇਂਦਰ ਸਿੰਗਲਾ, ਮਹਿੰਦਰ ਸਿੰਘ ਕੇਪੀ, ਵਰਿੰਦਰਮੀਤ ਸਿੰਘ ਪਾਹੜਾ ਅਤੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਗਏ ਸਨ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …