Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਮੁੜ ਖੱਜਲ ਹੋਣਗੇ ਯਾਤਰੂ

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਮੁੜ ਖੱਜਲ ਹੋਣਗੇ ਯਾਤਰੂ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਮੁੜ ਲੰਮੀਆਂ ਕਤਾਰਾਂ ਲੱਗਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਕਿਉਂਕਿ ਵੈਸਟ ਜੱਟ ਦੇ ਪਾਇਲਟਾਂ ਨੇ 19 ਮਈ ਤੋਂ ਹੜਤਾਲ ‘ਤੇ ਜਾਣ ਦਾ ਨੋਟਿਸ ਦੇ ਦਿੱਤਾ ਹੈ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੈਂਕੜੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਣਗੀਆਂ। ਏਅਰਲਾਈਨ ਪਾਇਲਟਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਕਾਨੂੰਨੀ ਤੌਰ ‘ਤੇ ਹੜਤਾਲ ਸ਼ੁੱਕਰਵਾਰ ਸਵੇਰੇ 3 ਵਜੇ ਸ਼ੁਰੂ ਹੋਵੇਗੀ ਅਤੇ ਵੈਸਟਜੈਟ ਦਾ ਕੋਈ ਹਵਾਈ ਜਹਾਜ਼ ਉਡਾਣ ਨਹੀਂ ਭਰ ਸਕੇਗਾ।
ਐਸੋਸੀਏਸ਼ਨ ਦੇ ਵੈਸਟਜੈੱਟ ਮਾਮਲਿਆਂ ਦੇ ਮੁਖੀ ਬਰਨਾਰਡ ਲਵਾਲ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਦੌਰਾਨ ਤਕਰੀਬਨ 340 ਪਾਇਲਟ ਨੌਕਰੀ ਛੱਡ ਕੇ ਹੋਰਨਾਂ ਏਅਰਲਾਈਨਜ਼ ‘ਚ ਜਾ ਚੁੱਕੇ ਹਨ।
ਪਾਇਲਟਾਂ ਦੀ ਹੜਤਾਲ ਹੋਣ ‘ਤੇ ਏਅਰਲਾਈਨ ਦਾ ਬਾਕੀ ਸਟਾਫ ਵਿਹਲਾ ਬੈਠ ਜਾਵੇਗਾ ਅਤੇ ਕੈਨੇਡਾ ਵਿਚ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੀਆਂ ਹਨ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਕੈਲਗਰੀ ਨਾਲ ਸਬੰਧਤ ਵੈਸਟਜੈੱਟ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਦੇ ਪਾਇਲਟਾਂ ਨੂੰ ਕੈਨੇਡਾ ‘ਚ ਸਭ ਤੋਂ ਵੱਧ ਤਨਖਾਹ ਮਿਲ ਰਹੀ ਹੈ ਪਰ ਅਮਰੀਕਾ ਦੇ ਪਾਇਲਟਾਂ ਬਾਰੇ ਕੰਟਰੈਕਟ ਕਰਨਾ ਸੰਭਵ ਨਹੀਂ ਹੋ ਸਕੇਗਾ ਅਤੇ ਇਸ ਨਾਲ ਕੰਪਨੀ ਦਾ ਭਵਿੱਖ ਖਤਰੇ ਵਿਚ ਪੈ ਜਾਂਦਾ ਹੈ। ਉਧਰ ਲਵਾਲ ਨੇ ਕਿਹਾ ਕਿ ਹਵਾਈ ਸਫ਼ਰ ‘ਚ ਅੜਿੱਕਾ ਕਿਸੇ ਵੀ ਮੁਲਕ ਵਾਸਤੇ ਨੁਕਸਾਨਦੇਹ ਸਾਬਤ ਹੁੰਦਾ ਹੈ। ਪਿਛਲੇ ਸਾਲ ਗਰਮੀਆਂ ‘ਚ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਲੰਮੀਆਂ ਕਤਾਰਾਂ ਨੇ ਮੁਸਾਫ਼ਰਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਅਤੇ ਇਸ ਵਾਰ ਵੈਸਟਜੈੱਟ ਦੇ ਪਾਇਲਟਾਂ ਦੀ ਹੜਤਾਲ ਕਾਰਨ ਮੁੜ ਉਸ ਕਿਸਮ ਦੇ ਹਾਲਾਤ ਬਣ ਸਕਦੇ ਹਨ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …