ਬਰੈਂਪਟਨ/ਪਰਵਾਸੀ ਬਿਊਰੋ : ਲੰਘੇ ਹਫ਼ਤੇ ਬਰੈਂਪਟਨ ਵਾਰਡ ਦੇ ਨੰਬਰ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਬਰੈਂਪਟਨ ਵਿਚ ਦਿਨੋਂ ਦਿਨ ਵਧ ਰਹੀ ਆਟੋ ਇੰਸ਼ੋਰੈਂਸ ਨੂੰ ਘਟਾਉਣ ਲਈ ਸਿਟੀ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ ਗਿਆ। ਜਿਸ ਨੂੰ ਸਾਰੇ ਕੌਂਸਲਰਾਂ ਵੱਲੋਂ ਸਹਿਮਤੀ ਦਿੱਤੀ ਗਈ ਅਤੇ ਇਹ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਦਾ ਕਹਿਣਾ ਹੈ ਕਿ ਬਰੈਂਪਟਨ ਵਿਚ ਰਹਿਣ ਵਾਲੇ ਸਾਫ਼-ਸੁਥਰੇ ਡਰਾਈਵਿੰਗ ਰਿਕਾਰਡ ਵਾਲੇ ਲੋਕਾਂ ਨੂੰ ਸਿਰਫ਼ ਇਸ ਲਈ ਇੰਸ਼ੋਰੈਂਸ ਕਿਉਂ ਜ਼ਿਆਦਾ ਦੇਣੀ ਕਿਉਂਕਿ ਉਹ ਬਰੈਂਪਟਨ ਵਿਚ ਰਹਿੰਦੇ ਹਨ। ਇਸ ਲਈ ਇਸ ਮਤੇ ਵਿਚ ਮੰਗ ਕੀਤੀ ਗਈ ਕਿ ਬਰੈਂਪਟਨ ਵਿਚ ਬੇਹਤਰ ਸਿਹਤ ਸਹੂਲਤਾਂ ਲਈ ਸ਼ੁਰੂ ਕੀਤੀ ਗਈ ਵੈੱਬਸਾਈਟ fairdealforbrampton.ca ਵਿਚ ਆਟੋ ਇੰਸ਼ੋਰੈਂਸ ਦੇ ਇਸ ਮੁੱਦੇ ਨੂੰ ਵੀ ਸ਼ਾਮਲ ਕੀਤਾ ਜਾਵੇ। ਸਿਟੀ ਸਟਾਫ਼ ਵੱਲੋਂ ਇਸ ਕੰਪੇਨ ਸਬੰਧੀ ਇਕ ਮਹੀਨੇ ਵਿਚ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਿੱਥੇ ਓਨਟਾਰੀਓ ਵਿਚ ਔਸਤਨ ਇੰਸ਼ੋਰੈਂਸ ਸਲਾਨਾ 1505 ਡਾਲਰ ਹੈ, ਉਥੇ ਬਰੈਂਪਟਨ ਵਿਚ ਔਸਤਨ ਸਲਾਨਾ ਇੰਸ਼ੋਰੈਂਸ 2698 ਡਾਲਰ ਹੈ ਜਦਕਿ ਐਲ ਸਿਕਸ ਆਰ ਪੋਸਟਲ ਕੋਡ ਵਿਚ ਰਹਿੰਦੇ ਲੋਕਾਂ ਦੀ ਐਵਰੇਜ਼ ਸਲਾਨਾ ਇੰਸ਼ੋਰੈਂਸ 3301 ਡਾਲਰ ਹੈ। ਇਸ ਮਤੇ ਵਿਚ ਇਹ ਵੀ ਸ਼ਾਮਲ ਕੀਤਾ ਗਿਆ ਹੈ ਕਿ ਜਿੱਥੇ ਓਨਟਾਰੀਓ ਦੀ ਸਰਕਾਰ ਵੱਲੋਂ 15 ਫੀਸਦੀ ਆਟੋ ਇੰਸ਼ੋਰੈਂਸ ਘਟਾਉਣ ਦੀ ਗੱਲ ਕੀਤੀ ਗਈ ਸੀ, ਉਸ ਦੇ ਉਲਟ ਇੰਸ਼ੋਰੈਂਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਕਈ ਸ਼ਹਿਰਾਂ ਜਿਨ੍ਹਾਂ ਕਿੰਗਸਟਨ, ਵੈਲਬਿਲ ਅਤੇ ਨੈਪਨੀ ਵਿਚ ਤਾਂ ਸਲਾਨਾ ਇੰਸ਼ੋਰੈਂਸ 1000 ਡਾਲਰ ਤੋਂ ਵੀ ਘੱਟ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਓਨਟਾਰੀਓ ਦੀ ਅਸੈਂਬਲੀ ਵਿਚ 2019 ਬਿਲ-42 ਪੇਸ਼ ਕੀਤਾ ਗਿਆ ਸੀ, ਜਿਸ ਮੁਤਾਬਕ ਇੰਸ਼ੋਰੈਂਸ ਕੰਪਨੀਆਂ ਵੱਲੋਂ ਪੋਸਟਲ ਕੋਡ ਅਤੇ ਏਰੀਆ ਕੋਡ ਦੇ ਹਿਸਾਬ ਨਾਲ ਵੱਧ ਇੰਸੋਰੈਂਸ ਚਾਰਜ ਕਰਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਮਤੇ ਦੀ ਕਾਪੀ ਬਰੈਂਪਟਨ ਦੇ ਸਾਰੇ ਐਮਪੀਜ਼, ਐਮਪੀਪੀਜ਼ ਅਤੇ ਇੰਸ਼ਰੈਂਸ ਬਿਊਰ ਆਫ਼ ਕੈਨੇਡਾ ਨੂੰ ਭੇਜੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …