Breaking News
Home / ਭਾਰਤ / ਭਾਰਤ ਸਰਕਾਰ ਨੇ ਝੋਨੇ ਦਾ ਭਾਅ 143 ਰੁਪਏ ਵਧਾਇਆ

ਭਾਰਤ ਸਰਕਾਰ ਨੇ ਝੋਨੇ ਦਾ ਭਾਅ 143 ਰੁਪਏ ਵਧਾਇਆ

ਮੂੰਗੀ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਸਭ ਤੋਂ ਵੱਧ 803 ਰੁਪਏ ਵਾਧਾ
ਨਵੀਂ ਦਿੱਲੀ : ਕਿਸਾਨਾਂ ਨੂੰ ਰਾਹਤ ਦਿੰਦਿਆਂ ਝੋਨੇ ਦੇ ਭਾਅ ‘ਚ 143 ਰੁ. ਪ੍ਰਤੀ ਕੁਇੰਟਲ ਦਾ ਵਾਧਾ ਕਰਦਿਆਂ ਨਰਿੰਦਰ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਮੰਡਲ ਦੇ 2023-24 ਲਈ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਮੂੰਗੀ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਸਭ ਤੋਂ ਵੱਧ 10.4 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਤਿਲ ‘ਤੇ 10.3 ਫ਼ੀਸਦੀ, ਮੂੰਗਫਲੀ ‘ਤੇ 9 ਫ਼ੀਸਦੀ, ਝੋਨੇ ‘ਤੇ 7 ਫੀਸਦੀ, ਜਵਾਰ, ਬਾਜਰਾ, ਰਾਗੀ, ਮੱਕੀ, ਅਰਹਰ ਅਤੇ ਉੜਦ ਦਾਲ, ਸੋਇਆਬੀਨ ਅਤੇ ਸੂਰਜਮੁਖੀ ਬੀਜਾਂ ‘ਤੇ ਤਕਰੀਬਨ 6 ਤੋਂ 7 ਫ਼ੀਸਦੀ ਵਾਧਾ ਕੀਤਾ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੰਤਰੀ ਮੰਡਲ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਮ.ਐੱਸ.ਪੀ. ‘ਚ ਕੀਤਾ ਗਿਆ ਵਾਧਾ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ। ਨਵੇਂ ਭਾਅ ਮੁਤਾਬਿਕ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ 143 ਰੁਪਏ ਦਾ ਵਾਧਾ ਕਰਦਿਆਂ ਪਿਛਲੇ ਸਾਲ 2040 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਮੂੰਗੀ ਦਾਲ ‘ਚ ਸਭ ਤੋਂ ਵਧ 803 ਰੁਪਏ ਦਾ ਵਾਧਾ ਕਰਦਿਆਂ ਇਸ ਦਾ ਘੱਟੋ-ਘੱਟ ਸਮਰਥਨ ਮੁੱਲ 7755 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 8,558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਅਰਹਰ ਦੀ ਦਾਲ ਦੇ ਐੱਮ.ਐੱਸ.ਪੀ. ‘ਚ 400 ਰੁਪਏ ਪ੍ਰਤੀ ਕੁਇੰਟਲ ਅਤੇ ਉੜਦ ਦੀ ਦਾਲ ਦੇ ਐੱਮ.ਐੱਸ.ਪੀ. ‘ਚ 350 ਰੁਪਏ ਪ੍ਰਤੀ ਕੁਇੰਟਲ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਧੇ ਤੋਂ ਬਾਅਦ ਅਰਹਰ ਦੀ ਦਾਲ 7000 ਰੁਪਏ ਪ੍ਰਤੀ ਕੁਇੰਟਲ ਅਤੇ ਉੜਦ ਦਾਲ 6950 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।
ਜਵਾਰ ਦੀ ਐੱਮ.ਐੱਸ.ਪੀ. ‘ਚ 210 ਰੁਪਏ, ਬਾਜ਼ਰੇ ‘ਚ 150 ਰੁਪਏ, ਰਾਗੀ ‘ਚ 268 ਰੁਪਏ ਅਤੇ ਮੱਕੀ ‘ਚ 128 ਰੁਪਏ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਦਕਿ ਮੂੰਗਫਲੀ ਦੇ ਐੱਮ.ਐੱਸ.ਪੀ. ‘ਚ 527 ਰੁਪਏ, ਸੂਰਜਮੁਖੀ ਦੇ 360 ਰੁਪਏ, ਸੋਇਆਬੀਨ ‘ਚ 300 ਰੁਪਏ, ਤਿਲ ‘ਚ 803 ਰੁਪਏ ਅਤੇ ਰਾਮਤਿਲ ‘ਚ 447 ਰੁਪਏ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਨਿਗੂਣਾ ਵਾਧਾ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਵਲੋਂ ਝੋਨੇ ਦੀ ਫਸਲ ਸਮੇਤ ਹੋਰਨਾਂ ਫਸਲਾਂ ਦੇ ਐਲਾਨੇ ਮੁੱਲ ਨੂੰ ਰੱਦ ਕਰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਡਾ. ਸਵਾਮੀਨਾਥਨ ਦੀ ਰਿਪੋਰਟ ਤੇ ਫਾਰਮੂਲੇ ਮੁਤਾਬਿਕ ਭਾਅ ਨਹੀਂ ਮਿਲਦਾ ਤਦ ਤੱਕ ਕਿਸਾਨਾਂ ਦੀ ਜੂਨ ਨਹੀਂ ਸੁਧਰ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਲਾਨਿਆ ਗਿਆ ਮੁੱਲ ਦੇਖਣ ਨੂੰ ਤਾਂ ਵੱਡਾ ਅੰਕੜਾ ਲੱਗਦਾ ਹੈ ਪਰ ਅਸਲ ਵਿਚ ਇਹ ਨਿਗੂਣੀ ਰਾਸ਼ੀ ਹੈ ਤੇ ਇਸ ਨਾਲ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਕੋਈ ਭਲਾ ਹੋਣ ਵਾਲਾ ਨਹੀਂ ਹੈ।

 

Check Also

ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ

ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …