ਚੋਣ ਕਮਿਸ਼ਨ ਨੇ 5 ਫਰਵਰੀ ਨੂੰ ਸ਼ਾਮੀਂ 6:30 ਵਜੇ ਤੱਕ ਐਗਜ਼ਿਟ ਪੋਲ ’ਤੇ ਰੋਕ ਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਆਉਂਦੀ 5 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਅੱਜ ਸੋਮਵਾਰ ਸ਼ਾਮੀਂ ਨਵੀਂ ਦਿੱਲੀ ਵਿਚ ਚੋਣ ਪ੍ਰਚਾਰ ਵੀ ਸਮਾਪਤ ਹੋ ਗਿਆ। ਇਸ ਦੌਰਾਨ ਕੋਈ ਵੀ ਸਿਆਸੀ ਪਾਰਟੀ ਚੋਣ ਰੈਲੀ ਨਹੀਂ ਕਰ ਸਕੇਗੀ ਅਤੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਜ਼ਰੂਰ ਮੰਗ ਸਕਣਗੇ। ਇਨ੍ਹਾਂ ਵੋਟਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਉਧਰ ਦੂਜੇ ਪਾਸੇ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਲਈ ਹੋਣ ਵਾਲੀਆਂ ਚੋਣਾਂ ਵਾਲੇ ਦਿਨ ਐਗਜ਼ਿਟ ਪੋਲ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਇਹ ਪਾਬੰਦੀ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਕਿਹਾ ਕਿ 5 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮੀਂ 6:30 ਵਜੇ ਤੱਕ ਕਿਸੇ ਵੀ ਪਿ੍ਰੰਟ, ਇਲੈਕਟ੍ਰਾਨਿਕ ਜਾਂ ਹੋਰ ਕਿਸੇ ਤਰੀਕੇ ਨਾਲ ਐਗਜ਼ਿਟ ਪੋਲ ਦੇ ਸੰਚਾਲਣ, ਪ੍ਰਕਾਸ਼ਨ ਜਾਂ ਪ੍ਰਚਾਰ ਪਸਾਰ ਉੱਤੇ ਰੋਕ ਰਹੇਗੀ। ਦਿੱਲੀ ਵਿਚ ਮੁੱਖ ਚੋਣ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੋਵੇਗਾ।