ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇਅ ਪਰੇਡ’ ਵਜੋਂ ਮਨਾਇਆ ਜਾਵੇਗਾ
ਵਾਸ਼ਿੰਗਟਨ : ਅਮਰੀਕਾ ਵਿੱਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਵੱਖਰੀ ਪਛਾਣ ਦੇ ਮੁੱਦੇ ‘ਤੇ ਜਾਗਰੂਕਤਾ ਦੇ ਉਦੇਸ਼ ਨਾਲ ਖ਼ਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੀਤੀ, ਜਿਸ ਵਿੱਚ ਵੱਡੀ ਗਿਣਤੀ ਸਿੱਖ ਸ਼ਾਮਲ ਹੋਏ। ਇਸ ਮਾਰਚ ਦਾ ਪ੍ਰਬੰਧ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਅਮਰੀਕਾ ਦੀਆਂ ਲਗਪਗ 60 ਗੁਰਦੁਆਰਾ ਕਮੇਟੀਆਂ ਤੇ ਹੋਰ ਪੰਥਕ ਜਥੇਬੰਦੀਆਂ ਸ਼ਾਮਲ ਹੋਈਆਂ। ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਪੂਰੇ ਅਮਰੀਕਾ ਵਿੱਚੋਂ ਵੱਡੀ ਗਿਣਤੀ ਸਿੱਖ ਪੁੱਜੇ। ਪਰੇਡ ਦੀ ਸ਼ੁਰੂਆਤ ਕਾਂਸਟੀਚਿਊਸ਼ਨ ਐਵੇਨਿਊ ਅਤੇ 20 ਸਟਰੀਟ ਤੋਂ ਹੋਈ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਪਰੇਡ ਵਿੱਚ ਅਕਾਲ ਤਖ਼ਤ ਸਾਹਿਬ ਦੀ ਢਹਿ-ਢੇਰੀ ਹੋਈ ਇਮਾਰਤ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਖ਼ਾਸ ਤੌਰ ‘ਤੇ ਦਰਸਾਈਆਂ ਗਈਆਂ। ਪਰੇਡ ਵਿੱਚ ਕੈਨੇਡਾ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਆਗੂ ਪੈਟਰਿਕ ਮੀਹਾਨ ਦੇ ਨੁਮਾਇੰਦੇ ਸਟੇਟ ਸੈਨੇਟਰ ਅਤੇ ਮੈਟਰੋਪਾਲਿਟਨ ਪੁਲਿਸ ਦੇ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਾਂਗਰਸ ਵੱਲੋਂ ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਦੇਣ ਅਤੇ ਓਨਟਾਰੀਓ ਮਤੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਤਾ ਪਾਸ ਕਰਕੇ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇਅ ਪਰੇਡ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ ਤੇ ਖ਼ਾਲਸਾ ਅਫੇਅਰਜ਼ ਤੋਂ ਡਾ. ਅਮਰਜੀਤ ਸਿੰਘ ਵੀ ਹਾਜ਼ਰ ਸਨ।

