Breaking News
Home / ਭਾਰਤ / ਚੀਫ ਜਸਟਿਸ ਖਿਲਾਫ ਹੋਈਆਂ ਸੱਤ ਵਿਰੋਧੀ ਪਾਰਟੀਆਂ

ਚੀਫ ਜਸਟਿਸ ਖਿਲਾਫ ਹੋਈਆਂ ਸੱਤ ਵਿਰੋਧੀ ਪਾਰਟੀਆਂ

ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਂਦੋਸ਼ ਦਾ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੱਤ ਵਿਰੋਧੀ ਪਾਰਟੀਆਂ ਨੇ ਬੇਮਿਸਾਲ ਕਦਮ ਚੁੱਕਦਿਆਂ ਦੇਸ਼ ਦੇ ਚੀਫ਼ ਜਸਟਿਸ (ਸੀਜੇਆਈ) ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਦਿੱਤਾ ਹੈ। ਇਸ ਵਿੱਚ ਜਸਟਿਸ ਮਿਸ਼ਰਾ ਉਤੇ ‘ਮਾੜੇ ਵਤੀਰੇ’ ਅਤੇ ਅਖ਼ਤਿਆਰਾਂ ਦੀ ‘ਦੁਰਵਰਤੋਂ’ ਦਾ ਦੋਸ਼ ਲਾਇਆ ਗਿਆ ਹੈ। ਵਿਰੋਧੀ ਆਗੂਆਂ ਨੇ ਮਹਾਂਦੋਸ਼ ਵਿਚ ਕੁੱਲ ਪੰਜ ਇਲਜ਼ਾਮ ਲਾਉਂਦਿਆਂ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੂੰ ਮਿਲ ਕੇ ਇਹ ਨੋਟਿਸ ਸੌਂਪਿਆ। ਇਸ ਉਤੇ 64 ਮੌਜੂਦਾ ਤੇ ਸੱਤ ਹਾਲ ਹੀ ਵਿੱਚ ਰਿਟਾਇਰ ਹੋਏ ਸਾਬਕਾ ਐਮਪੀਜ਼ ਦੇ ਦਸਤਖ਼ਤ ਹਨ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਾਈਕੋਰਟਾਂ ਦੇ ਜੱਜਾਂ ਖ਼ਿਲਾਫ਼ ਹੀ ਸੰਸਦ ਵਿੱਚ ਮਹਾਂਦੋਸ਼ ਦੇ ਮਾਮਲੇ ਆਏ ਹਨ। ਗ਼ੌਰਤਲਬ ਹੈ ਕਿ ਪਿਛਲੇ ਦਿਨ ਹੀ ਸੁਪਰੀਮ ਕੋਰਟ ਨੇ ਵਿਸ਼ੇਸ਼ ਜੱਜ ਬੀ.ਐਚ. ਲੋਯਾ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰਦੀਆਂ ਵੱਖ-ਵੱਖ ਪਟੀਸ਼ਨਾਂ ਨੂੰ ਖ਼ਾਰਜ ਕੀਤਾ ਸੀ, ਜਿਸ ਤੋਂ ਇਕ ਦਿਨ ਬਾਅਦ ਇਹ ਨੋਟਿਸ ਆਇਆ ਹੈ। ਜੱਜ ਸ੍ਰੀ ਲੋਯਾ ਉਦੋਂ ਅਹਿਮ ਸੋਹਰਾਬੂਦੀਨ ਸ਼ੇਖ ਮੁਕਾਬਲਾ ਕੇਸ ਦੀ ਜਾਂਚ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਨੋਟਿਸ ਦੇਣ ਵਾਲੇ ਵਫ਼ਦ ਵਿੱਚ ਸ਼ਾਮਲ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ, ”ਸਾਡੀ ਤਮੰਨਾ ਸੀ ਕਿ ਇਹ ਦਿਨ ਕਦੇ ਨਾ ਆਵੇ।” ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਿਆਂ ਪਾਲਿਕਾ ਦੀ ਅਜ਼ਾਦੀ ਦੀ ਰਾਖੀ ਲਈ ‘ਬਹੁਤ ਭਰੇ ਮਨ ਨਾਲ’ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਨੋਟਿਸ ਮਨਜ਼ੂਰ ਹੋ ਜਾਂਦਾ ਹੈ ਤਾਂ ‘ਰਵਾਇਤ ਮੁਤਾਬਕ ਸੀਜੇਆਈ ਨੂੰ ਅਦਾਲਤੀ ਕੰਮ-ਕਾਜ ਤੋਂ ਲਾਂਭੇ ਹਟਣਾ’ ਪਵੇਗਾ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਅਜ਼ਾਦ ਨੇ ਕਿਹਾ, ”ਸਾਨੂੰ ਉਮੀਦ ਹੈ ਕਿ ਨੋਟਿਸ ‘ਤੇ (ਰਾਜ ਸਭਾ ਦੇ) ਚੇਅਰਮੈਨ ਹਾਂਦਰੂ ਕਦਮ ਚੁੱਕਣਗੇ।” ਨੋਟਿਸ ‘ਤੇ ਦਸਤਖ਼ਤ ਕਰਨ ਵਾਲੇ ਐਮਪੀਜ਼ ਵਿੱਚ ਐਨਸੀਪੀ, ਸੀਪੀਐਮ, ਸੀਪੀਆਈ, ਬਸਪਾ, ਸਪਾ ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਐਮਪੀਜ਼ ਵੀ ਸ਼ਾਮਲ ਹਨ।
ਕਾਂਗਰਸ ਦੀ ਕਾਰਵਾਈ ਬਦਲਾਲਊ: ਭਾਜਪਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਦਾ ਨੋਟਿਸ ਦੇਣ ਲਈ ਭਾਜਪਾ ਨੇ ਕਾਂਗਰਸ ਉਤੇ ਵਰ੍ਹਦਿਆਂ ਇਸ ਕਾਰਵਾਈ ਨੂੰ ‘ਧਮਕਾਊ ਢੰਗ-ਤਰੀਕਾ’ ਤੇ ਬਦਲਾਲਊ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜੱਜ ਬੀ.ਐਚ. ਲੋਯਾ ਦੀ ਮੌਤ ਦੀ ਜਾਂਚ ਬਾਰੇ ਪਟੀਸ਼ਨਾਂ ਰੱਦ ਕਰ ਕੇ ‘ਝੂਠ ਦੀ ਸਾਜ਼ਿਸ਼’ ਦਾ ਪਰਦਾਫ਼ਾਸ਼ ਕੀਤੇ ਜਾਣ ਕਾਰਨ ਕਾਂਗਰਸ ਅਜਿਹਾ ਕਰ ਰਹੀ ਹੈ।

ਚਰਚਾ ਤੋਂ ਸੁਪਰੀਮ ਕੋਰਟ ‘ਦੁਖੀ’
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਦੇ ਚੀਫ਼ ਜਸਟਿਸ (ਸੀਜੇਆਈ) ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਦੇਣ ਨਾਲ ਸਬੰਧਤ ਘਟਨਾਕ੍ਰਮ, ਜਿਸ ਵਿੱਚ ਸੰਸਦ ਮੈਂਬਰਾਂ ਵੱਲੋਂ ਜਨਤਕ ਬਿਆਨਬਾਜ਼ੀ ਵੀ ਸ਼ਾਮਲ ਹੈ, ਤੋਂ ਅਦਾਲਤ ‘ਬਹੁਤ ਦੁਖੀ’ ਹੈ। ਸੁਪਰੀਮ ਕੋਰਟ ਦੇ ਇਕ ਬੈਂਚ ਨੇ ਇਹ ਟਿੱਪਣੀਆਂ ਸੱਤ ਵਿਰੋਧੀ ਪਾਰਟੀਆਂ ਵੱਲੋਂ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਰਾਜ ਸਭਾ ਦੇ ਚੇਅਰਮੈਨ ਨੂੂੰ ਮਹਾਂਦੋਸ਼ ਦਾ ਨੋਟਿਸ ਦਿੱਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ। ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਸੀਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਕਿਹਾ ਕਿ ਕਾਨੂੰਨਨ ਇਕ ਖ਼ਾਸ ਮੌਕੇ ਤੱਕ ਮਹਾਂਦੋਸ਼ ਦੀ ਕਾਰਵਾਈ ਨੂੰ ਜੱਗਜ਼ਾਹਰ ਨਹੀਂ ਕੀਤਾ ਜਾ ਸਕਦਾ ਤੇ ਇਸ ਬਾਰੇ ਜਾਣੂ ਹੋਣ ਦੇ ਬਾਵਜੂਦ ਅਜਿਹਾ ਕੀਤਾ ਜਾਣਾ ‘ਬਹੁਤ ਅਫ਼ਸੋਸਨਾਕ’ ਹੈ। ਬੈਂਚ ਨੇ ਇਸ ਮਾਮਲੇ ਨਾਲ ਸਿੱਝਣ ਲਈ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਦੀ ਮੱਦਦ ਮੰਗੀ ਹੈ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …