ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ ‘ਚ ਸਿਰਫ ਸਾਧੂ ਸਿੰਘ ਧਰਮਸੋਤ ਹੀ ਪਹੁੰਚੇ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 34ਵੇਂ ਸ਼ਹੀਦੀ ਦਿਹਾੜੇ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਚ ਕਰਵਾਇਆ ਸੂਬਾ ਪੱਧਰੀ ਸਮਾਗਮ ਮਹਿਜ਼ ਖਾਨਾਪੂਰਤੀ ਹੋ ਨਿੱਬੜਿਆ ਹੈ। ਇਹ ਸ਼ਰਧਾਂਜਲੀ ਸਮਾਗਮ ਸਿਰਫ਼ 12 ਮਿੰਟ ਵਿਚ ਹੀ ਸਿਮਟ ਗਿਆ। ਸਮਾਗਮ ਵਿਚ ਪੰਜਾਬ ਸਰਕਾਰ ਵੱਲੋਂ ਸਿਰਫ਼ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੀ ਪੁੱਜੇ। ਸਟੇਜ ਤੋਂ ਕਿਸੇ ਵੀ ਆਗੂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਨਹੀਂ ਕੀਤੀ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਨੂੰ ਸੰਖੇਪ ਕਰਨ ‘ਤੇ ਅਫ਼ਸੋਸ ਪ੍ਰਗਟਾਇਆ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਤ ਲੌਂਗੋਵਾਲ ਦੀ ਤਸਵੀਰ ਉੱਪਰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਟੇਜ ‘ਤੇ ਬੈਠ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਨ ਮਗਰੋਂ ਚਲੇ ਗਏ।
ਕਾਂਗਰਸੀ ਵਰਕਰਾਂ ਨੇ ਆਪਣੀ ਸਰਕਾਰ ਨੂੰ ਕੋਸਿਆ : ਸਮਾਗਮ ਦੀ ਸਮਾਪਤੀ ਮਗਰੋਂ ਕਾਂਗਰਸੀ ਆਗੂ ਅੰਮ੍ਰਿਤ ਪਾਲ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸੰਤਾਂ ਦੀ ਬਰਸੀ ਦਾ ਮਜ਼ਾਕ ਉਡਾਇਆ ਗਿਆ ਹੈ। 35 ਸਾਲ ਤੋਂ ਉਹ ਕਾਂਗਰਸ ਵਿਚ ਕੰਮ ਕਰ ਰਹੇ ਹਨ ਅਤੇ ਅਜਿਹਾ ਸਮਾਗਮ ਕਦੇ ਨਹੀਂ ਵੇਖਿਆ। ਇਕ ਹੋਰ ਪਾਰਟੀ ਵਰਕਰ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ 100 ਵਿਅਕਤੀ ਵੀ ਸਮਾਗਮ ਵਿਚ ਨਹੀਂ ਪੁੱਜੇ। ਉਹ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ।
ਅਕਾਲੀ ਦਲ ਵੱਲੋਂ ਸ਼ਹੀਦੀ ਕਾਨਫਰੰਸ
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਮੌਕੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਚ ਸ਼ਹੀਦੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਜਗਮੀਤ ਸਿੰਘ ਬਰਾੜ, ਇਕਬਾਲ ਸਿੰਘ ਝੂੰਦਾਂ ਸਮੇਤ ਅਨੇਕਾਂ ਪਾਰਟੀ ਆਗੂਆਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੀ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ।