ਕਿਹਾ : ਅਨੁਰਾਗ ਠਾਕੁਰ ਦੇ ਕਹਿਣ ’ਤੇ ਹਾਈਕੋਰਟ ਦੇ ਦੋ ਵਕੀਲਾਂ ਨੇ ਕੀਤਾ ਸੀ ਸੰਪਰਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਭਾਜਪਾ ਦੇ ਅਪ੍ਰੇਸ਼ਨ ਲੋਟਸ ਨਾਲ ਜੁੜੇ ਮਾਮਲੇ ’ਚ ਅੱਜ ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ। ਇਨ੍ਹਾਂ ’ਚ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਸ਼ਾਮਲ ਹਨ। ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਗੁਰਾਲ ਨੇ ਦਾਅਵਾ ਕੀਤਾ ਕਿ ਅਪ੍ਰੇਸ਼ਨ ਲੋਟਸ ਮਾਮਲੇ ’ਚ ਹਿਮਾਚਲ ਨਾਲ ਸਬੰਧਤ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸ਼ਾਮਲ ਹਨ। ਜਦਕਿ ਇਸ ਤੋਂ ਪਹਿਲਾਂ ਅੰਗੁਰਾਲ ਇਸ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲੈ ਚੁੱਕੇ ਹਨ। ‘ਆਪ’ ਵਿਧਾਇਕਾਂ ਨੇ ਵਿਜੀਲੈਂਸ ਸਾਹਮਣੇ ਕਿਹਾ ਕਿ ਅਨੁਰਾਗ ਠਾਕੁਰ ਦੇ ਕਹਿਣ ’ਤੇ ਹਾਈ ਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਭਾਜਪਾ ’ਚ ਸ਼ਾਮਲ ਹੋਣ ਬਦਲੇ 25-25 ਕਰੋੜ ਰੁਪਏ ਦਿਵਾਉਣ ਦਾ ਆਫ਼ਰ ਦਿੱਤਾ ਸੀ। ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਉਨ੍ਹਾਂ ਵਕੀਲਾਂ ਦਾ ਨਾਂ ਨਹੀਂ ਦੱਸਿਆ ਜਿਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।