ਬਰੈਂਪਟਨ/ਬਿਊਰੋ ਨਿਊਜ਼ : ਕੁਈਨਜ਼ ਪਾਰਕ ਵਿਖੇ ਹੋਏ ਇਕ ਸਮਾਗ਼ਮ ਵਿਚ ਕੈਨੇਡਾ ਦੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦ ਹੱਸਨ ਅਤੇ ਓਨਟਾਰੀਓ ਸੂਬੇ ਦੀ ਸਿਟੀਜ਼ਨ ਤੇ ਇੰਮੀਗਰੇਸ਼ਨ ਮੰਤਰੀ ਮਾਣਯੋਗ ਲੌਰਾ ਐਲਬਨੀਜ਼ ਦੁਆਰਾ ਇੰਮੀਗਰੇਸ਼ਨ ਬਾਰੇ ਲਿਖਤੀ ਸਾਂਝੇ ਸਮਝੌਤੇ ਉੱਪਰ ਦਸਤਖ਼ਤ ਕੀਤੇ ਗਏ।
ਸਮਝੌਤੇ ਦੀ ਸਰਾਹਨਾ ਕਰਦੇ ਹੋਏ ਅਤੇ ਇਸ ਦਾ ਵਿਸਥਾਰ ਸਾਂਝਾ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਇਸ ਸਮਝੌਤੇ ਨਾਲ ਨਵੇਂ ਇੰਮੀਗਰੈਟਾਂ ਨੂੰ ਕੈਨੇਡਾ ਵਿਚ ‘ਜੀ ਆਇਆਂ’ ਕਹਿਣ, ਦੇਸ਼ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਤੇ ਇਖ਼ਲਾਕੀ ਜ਼ਿੰਮੇਂਵਾਰੀਆਂ ਨਿਭਾਉਣ ਲਈ ਓਨਟਾਰੀਓ ਸੂਬਾ ਸਰਕਾਰ ਅਤੇ ਕੈਨੇਡਾ ਸਰਕਾਰ ਵਿਚਕਾਰ ਸਾਂਝ ਹੋਰ ਪਕੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਵਿਚ ਇੰਮੀਗਰੇਸ਼ਨ ਨਾਲ ਸਬੰਧਿਤ ਫ਼ੈੱਡਰਲ ਤੇ ਓਨਟਾਰੀਓ ਸੂਬਾ ਸਰਕਾਰ ਦੇ ਰੋਲ ਤੇ ਜ਼ਿੰਮੇਵਾਰੀਆਂ, ਇੰਮੀਗਰੇਸ਼ਨ ਚੋਣ-ਪਾਲਿਸੀ ਦੀਆਂ ਪ੍ਰਾਥਮਿਕਤਾਵਾਂ, ਇਸ ਪ੍ਰੋਗਰਾਮ ਦੀ ਸਾਰਥਿਕਤਾ, ਫ਼ਰੈਂਚ ਬੋਲਣ ਵਾਲਿਆਂ ਦੀ ਖਿੱਚ ਅਤੇ ਨਵੇਂ ਆਉਣ ਵਾਲਿਆਂ ਤੇ ਰਫ਼ਿਊਜੀਆਂ ਨੂੰ ਵਸਾਉਣ ਵਰਗੇ ਮੁੱਦਿਆਂ ਲਈ ਖ਼ਾਕਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਤੇ ਓਨਟਾਰੀਓ ਨੇ ਆਉਣ ਵਾਲੇ ਅੰਤਰ-ਰਾਸ਼ਟਰੀ ਸਿੱਖਿਅਤ ਕਾਮਿਆਂ ਲਈ ਉਨ੍ਹਾਂ ਦੇ ਆਪਣੇ ਪ੍ਰੋਫ਼ੈਸ਼ਨ ਵਿਚ ਕੰਮ ਕਰਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਂਝੇ ਯਤਨਾਂ ਦਾ ਵੀ ਉਲੇਖ ਕੀਤਾ ਗਿਆ ਹੈ। ਇਸ ਦੇ ਲਈ ਲੋੜੀਂਦੇ ਟ੍ਰੇਨਿੰਗ-ਪ੍ਰੋਗਰਾਮਾਂ ਲਈ ਆਉਂਦੇ ਤਿੰਨਾਂ ਸਾਲਾਂ ਵਿਚ 91 ਮਿਲੀਅਨ ਡਾਲਰ ਦੀ ਰਾਸ਼ੀ ਨਿਵੇਸ਼ ਕੀਤੀ ਜਾਏਗੀ ਜਿਸ ਵਿਚ ਓਨਟਾਰੀਓ ਸੂਬਾ ਸਰਕਾਰ ਵੱਲੋਂ 70 ਮਿਲੀਅਨ ਡਾਲਰ ਅਤੇ ਇੰਮੀਗਰੇਸ਼ਨ, ਰਫ਼ਿਉਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 21 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ। ਇਨ੍ਹਾਂ ਉਤਸ਼ਾਹੀ-ਯਤਨਾਂ ਨਾਲ ਕੈਨੇਡਾ ਅਤੇ ਓਨਟਾਰੀਓ ਸੂਬਾ ਸਰਕਾਰ ਇੰਮੀਗਰੇਸ਼ਨ ਨਾਲ ਸਬੰਧਿਤ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਨਾਉਣ ਲਈ ਸਾਂਝੇ ਯਤਨ ਕਰ ਰਹੀਆਂ ਹਨ। ਫ਼ੈੱਡਰਲ ਅਤੇ ਸੂਬਾ ਸਰਕਾਰਾਂ ਵਿਚਕਾਰ ਮਿਲਵਰਤਣ ਦੁਨੀਆਂ ਵਿਚ ਉੱਤਮ ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਨੂੰ ਸਫ਼ਲ ਬਨਾਉਣ ਲਈ ਅਹਿਮ-ਕੜੀ ਹੈ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ ਵਿਚ ਆਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਨੂੰ ਯਕੀਨੀ ਬਨਾਉਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਅਤੀ ਜ਼ਰੂਰੀ ਹੈ। ਇੰਮੀਗਰੇਸ਼ਨ ਸਬੰਧੀ ਆਪਣਾ ਵਾਅਦਾ ਪੂਰਾ ਕਰਨ, ਨਵੇਂ ਆਉਣ ਵਾਲਿਆਂ ਲਈ ਉਨ੍ਹਾਂ ਦੇ ਸਕਿੱਲਜ਼ ਜ਼ਾਹਰ ਕਰਨ ਲਈ ਲੋੜੀਂਦੇ ਸਾਧਨ ਜੁਟਾਉਣ ਅਤੇ ਪਰਿਵਾਰਾਂ ਨੂੰ ਮੁੜ-ਮਿਲਾਉਣ ਦੀ ਦਿਸ਼ਾ ਵਿਚ ਸਾਡੀ ਸਰਕਾਰ ਦਾ ਇਹ ਇਕ ਹੋਰ ਅਹਿਮ ਕਦਮ ਹੈ।”
ਇਸ ਮੌਕੇ ਮਾਣਯੋਗ ਇੰਮੀਗਰੇਸ਼ਨ ਮੰਤਰੀ ਅਹਿਮਦ ਹੱਸਨ ਨੇ ਕਿਹਾ, ”ਕੈਨੇਡਾ ਵਿਚ ਆਉਣ ਵਾਲੇ ਨਵੇਂ ਪਰਮਾਨੈਂਟ ਰੈਜ਼ੀਡੈਂਟਾਂ ਲਈ ਓਨਟਾਰੀਓ ਸੱਭ ਤੋਂ ਵੱਡੀ ਠਾਹਰ ਹੈ ਅਤੇ ਇੱਥੇ ਹਰ ਸਾਲ 1,00,000 ਤੋਂ ਵਧੇਰੇ ਪੀ.ਆਰ. ਆਉਂਦੇ ਹਨ। ਪਿਛਲੇ ਤਿੰਨ ਸਾਲ ਗ਼ੁਜ਼ਰ ਜਾਣ ਤੋਂ ਬਾਅਦ ਇੰਮੀਗਰੇਸ਼ਨ ਲਈ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਕੈਨੇਡਾ ਅਤੇ ਓਨਟਾਰੀਓ ਵਿਚਕਾਰ ਨਵਾਂ ਸਮਝੌਤਾ ਕਰਨ ਲਈ ਇਹ ਬੜਾ ਢੁਕਵਾਂ ਸਮਾਂ ਹੈ।” ਇੰਜ ਹੀ, ਓਨਟਾਰੀਓ ਦੀ ਸਿਟੀਜ਼ਨਸ਼ਿਪ ਤੇ ਇੰਮੀਗਰੇਸ਼ਨ ਮੰਤਰੀ ਲੌਰਾ ਅਲਬਾਨੀਜ਼ ਦਾ ਕਹਿਣਾ ਸੀ, ”ਇੰਮੀਗਰੇਸ਼ਨ ਓਨਟਾਰੀਓ ਤੇ ਕੈਨੇਡਾ ਦੋਹਾਂ ਲਈ ਚੰਗੇਰੀ ਹੈ। ਇਹ ਸਮਝੌਤਾ ਓਨਟਾਰੀਓ ਸੂਬੇ ਦੀ ਫ਼ੈੱਡਰਲ ਸਰਕਾਰ ਨਾਲ ਮਿਲ ਕੇ ਨਵੇਂ ਆਉਣ ਵਾਲੇ ਸਿੱਖਿਅਤ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਦਾ ਹੈ ਜੋ ਸਾਡੇ ਦੇਸ਼ ਦੀ ਆਰਥਿਕਤਾ ਅਤੇ ਭਵਿੱਖ-ਮਈ ਖ਼ੁਸ਼ਹਾਲੀ ਲਈ ਯਕੀਨਨ ਫ਼ਾਇਦੇਮੰਦ ਸਾਬਤ ਹੋਵੇਗਾ।”
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …