ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਖੂਹ ਦੁਆਲੇ ਲੱਗੇਗਾ ਪਾਰਦਰਸ਼ੀ ਸ਼ੀਸ਼ਾ
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ਼ ਕਾਂਡ ਦੀ ਸ਼ਤਾਬਦੀ ਮਨਾਉਣ ਦੀ ਯੋਜਨਾ ਹੈ। ਇਸ ਤਹਿਤ ਜਲ੍ਹਿਆਂਵਾਲਾ ਬਾਗ਼ ਸਥਿਤ ਸ਼ਹੀਦੀ ਖੂਹ ਦੀ ਸੰਭਾਲ ਵਾਸਤੇ ਇਸ ਦੇ ਉੱਪਰ ਅਤੇ ਆਲੇ ਦੁਆਲੇ ਪਾਰਦਰਸ਼ੀ ਸ਼ੀਸ਼ਾ ਲਾਉਣ ਦੀ ਯੋਜਨਾ ਹੈ। 13 ਅਪਰੈਲ, 1919 ਨੂੰ ਵਾਪਰੇ ਖੂਨੀ ਕਾਂਡ ਵਿਚ ਜਲ੍ਹਿਆਂਵਾਲਾ ਬਾਗ਼ ਵਿਚ ਵੱਡੀ ਗਿਣਤੀ ਲੋਕ ਅੰਗਰੇਜ਼ੀ ਫ਼ੌਜ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ। ਕੁਝ ਲੋਕਾਂ ਨੇ ਬਚਣ ਵਾਸਤੇ ਖੂਹ ਵਿਚ ਛਾਲਾਂ ਮਾਰੀਆਂ ਸਨ। ਇਸ ਸ਼ਹੀਦੀ ਖੂਹ ‘ਤੇ ਲਿਖੇ ਇਤਿਹਾਸ ਮੁਤਾਬਕ 120 ਵਿਅਕਤੀਆਂ ਦੀਆਂ ਲਾਸ਼ਾਂ ਖੂਹ ਵਿਚੋਂ ਮਿਲੀਆਂ ਸਨ। ਦੇਸ਼ ਅਜ਼ਾਦੀ ਤੋਂ ਪਹਿਲਾਂ ਵਾਪਰੇ ਇਸ ਖੂਨੀ ਕਾਂਡ ਨੇ ਅਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਸੀ। ਇਸ ਸ਼ਹੀਦੀ ਖੂਹ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਗਿਆ ਹੈ। ਇਸ ਦੇ ਉੱਪਰ ਲੋਹੇ ਦੀ ਜਾਲੀ ਨੁਮਾ ਗਰਿੱਲ ਲੱਗੀ ਹੋਈ ਹੈ, ਜਿਸ ਰਾਹੀਂ ਲੋਕ ਇਸ ਇਤਿਹਾਸਕ ਖੂਹ ਨੂੰ ਦੇਖਦੇ ਹਨ। ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਵਧੇਰੇ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਵੀ ਹੋ ਕੇ ਜਾਂਦੇ ਹਨ ਅਤੇ ਸ਼ਹੀਦੀ ਸਮਾਰਕ ਤੇ ਸ਼ਹੀਦੀ ਖੂਹ ਨੂੰ ਦੇਖਦੇ ਹਨ। ਸਾਂਭ ਸੰਭਾਲ ਸਬੰਧੀ ਉਲੀਕੀ ਗਈ ਯੋਜਨਾ ਦੇ ਇਸ ਹਿੱਸੇ ਬਾਰੇ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਜੋ ਕਿ ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰਸੱਟ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਸ਼ਹੀਦੀ ਖੂਹ ਨੂੰ ਸਫ਼ਾਈ ਪੱਖੋਂ ਬਚਾਉਣ ਵਾਸਤੇ ਇਸ ਦੇ ਆਲੇ ਦੁਆਲੇ ਅਤੇ ਉੱਪਰ ਪਾਰਦਰਸ਼ੀ ਸ਼ੀਸ਼ਾ ਲਾਇਆ ਜਾਵੇਗਾ। ਸ਼ੀਸ਼ਾ ਲਾਉਣ ਨਾਲ ਲੋਕ ਇਸ ਨੂੰ ਦੇਖ ਸਕਣਗੇ ਪਰ ਕੋਈ ਚੀਜ਼ ਇਸ ਦੇ ਅੰਦਰ ਨਹੀਂ ਸੁੱਟ ਸਕਣਗੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਕੇਂਦਰ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟੇ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ਇੱਥੋਂ ਦਾ ਦੌਰਾ ਕੀਤਾ ਸੀ ਤੇ ਜਲ੍ਹਿਆਂਵਾਲਾ ਬਾਗ਼ ਯਾਦਗਾਰ ਦੀ ਸਮੁੱਚੀ ਸਥਿਤੀ ਨੂੰ ਦੇਖਿਆ ਸੀ। ਉਸ ਵੇਲੇ ਹੀ ਇਸ ਸ਼ਹੀਦੀ ਖੂਹ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਇਸ ਯੋਜਨਾ ਬਾਰੇ ਵਿਚਾਰ ਕੀਤਾ ਗਿਆ ਸੀ। ਮਲਿਕ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਇਸ ਸਬੰਧੀ ਆਰਕੀਟੈਕਟ ਵੰਦਨਾ ਰਾਜ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਇਸ ਇਤਿਹਾਸਕ ਯਾਦਗਾਰ ਦੀ ਸਾਂਭ ਸੰਭਾਲ ਅਤੇ ਨਵ ਨਿਰਮਾਣ ਬਾਰੇ ਬਲਿਊ ਪ੍ਰਿੰਟ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰਿੱਲ ਵਿਚ ਲੱਗੀ ਇਕ ਖਿੜਕੀ ਟੁੱਟ ਚੁੱਕੀ ਹੈ। ਇਸ ਲਈ ਮਹਿਸੂਸ ਕੀਤਾ ਕਿ ਇੱਥੇ ਲੋਹੇ ਦੀ ਗਰਿੱਲ ਦੀ ਥਾਂ ਪਾਰਦਰਸ਼ੀ ਸ਼ੀਸ਼ਾ ਲਾਇਆ ਜਾਵੇ ਅਤੇ ਲੋਕ ਇਸ ਵਿਚ ਸਿੱਕੇ ਅਤੇ ਹੋਰ ਕੋਈ ਚੀਜ਼ ਨਾ ਸੁੱਟ ਸਕਣ। ਇਥੇ ਜ਼ਿਕਰਯੋਗ ਹੈ ਕਿ ਇਹ ਇਤਿਹਾਸਕ ਯਾਦਗਾਰ ਇਸ ਵੇਲੇ ਵਿਸ਼ੇਸ਼ ਧਿਆਨ ਦੀ ਮੰਗ ਕਰ ਰਹੀ ਹੈ। ਇੱਥੇ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਆਵਾਜ਼ ਅਤੇ ਰੋਸ਼ਨੀ ‘ਤੇ ਆਧਾਰਿਤ ਪ੍ਰੋਗਰਾਮ ਬੰਦ ਪਿਆ ਹੈ। ਇਹ ਪ੍ਰੋਗਰਾਮ ਅਮਿਤਾਬ ਬੱਚਨ ਦੀ ਆਵਾਜ਼ ਵਿਚ ਬਣਾਇਆ ਗਿਆ ਸੀ, ਜਿਸ ਨੂੰ ਰਾਤ ਵੇਲੇ ਦਿਖਾਇਆ ਜਾਂਦਾ ਸੀ। ਇਸ ਵਿਚ ਯਾਦਗਾਰ ਦਾ ਇਤਿਹਾਸ ਸ਼ਾਮਲ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …