Breaking News
Home / ਪੰਜਾਬ / ਗਾਜ਼ੀਪੁਰ ‘ਚ ਹੱਥਾਂ ‘ਤੇ ਮਹਿੰਦੀ ਲਗਾ ਕੇ ਮਨਾਇਆ ਮਹਿਲਾ ਦਿਵਸ

ਗਾਜ਼ੀਪੁਰ ‘ਚ ਹੱਥਾਂ ‘ਤੇ ਮਹਿੰਦੀ ਲਗਾ ਕੇ ਮਨਾਇਆ ਮਹਿਲਾ ਦਿਵਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ-ਹਾਪੁੜ ਮਾਰਗ ‘ਤੇ ਗਾਜ਼ੀਪੁਰ ਬਾਰਡਰ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦੌਰਾਨ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਤੇ ਇੱਥੇ ‘ਇਨਕਲਾਬੀ ਮਹਿੰਦੀ’ ਹੱਥਾਂ ਉਪਰ ਸਜਾ ਕੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਈ। ਮੰਚ ਸੰਚਾਲਕ ਰਵਨੀਤ ਕੌਰ ਨੇ ਇਨਕਲਾਬੀ ਮਹਿੰਦੀ ਦੇ ਅਰਥ ਸਮਝਾਏ ਕਿ ਔਰਤਾਂ ਸਿਰਫ਼ ਖ਼ੁਦ ਨੂੰ ਸ਼ਿੰਗਾਰਨ ਤੱਕ ਮਹਿਦੂਦ ਨਹੀਂ ਹਨ ਸੱਗੋਂ ਉਨ੍ਹਾਂ ਮਹਿੰਦੀ ਨੂੰ ਨਵੇਂ ਅਰਥ ਦਿੱਤੇ ਹਨ ਤੇ ਕਿਸਾਨੀ ਏਕਤਾ ਦੇ ਚੰਗੇ ਸੰਦੇਸ਼ ਲਈ ਆਪਣੇ ਹੱਥ ਸਜਾਏ ਹਨ। ਦੋ ਭੈਣਾਂ ਨੇ ਗੱਤਕਾ ਪੇਸ਼ ਕੀਤਾ। ਔਰਤਾਂ ਨੇ ਲੋਕ ਗੀਤਾਂ ਅਤੇ ਰਵਾਇਤੀ ਗਾਥਾਵਾਂ ਪੇਸ਼ ਕੀਤੀਆਂ। ਕਵਿਤਾਵਾਂ ਦੇ ਵਿਸ਼ੇ ਕਿਸਾਨੀ ਅਤੇ ਔਰਤਾਂ ਦੀ ਦਸ਼ਾ ਉਪਰ ਕੇਂਦਰਿਤ ਸਨ। ਰਵਨੀਤ ਕੌਰ ਨੇ ਦੱਸਿਆ ਕਿ ‘ਵਿਮੈੱਨ ਪੁਆਇੰਟ’ ਬਣਾ ਕੇ ਉੱਥੇ ਔਰਤਾਂ ਦੇ ਬੈਠਣ, ਰਹਿਣ ਦਾ ਬੰਦੋਬਸਤ ਕੀਤਾ ਜਾਵੇਗਾ ਅਤੇ ਡਾਕਟਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਕੇਰਲਾ ਤੋਂ ਵੀ ਕਿਸਾਨ ਆਗੂ ਧਰਨੇ ‘ਚ ਸ਼ਾਮਲ ਹੋਏ
ਗਾਜ਼ੀਪੁਰ ਮੋਰਚੇ ‘ਤੇ ਕੁੱਝ ਕਿਸਾਨ ਕੇਰਲਾ ਤੋਂ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਮੋਦੀ ਸਰਕਾਰ ਦੀ ਖ਼ਿਲਾਫ਼ਤ ਕੀਤੀ। ਧਰਨੇ ਵਿੱਚ ਸ਼ਾਮਲ ਕੁੱਝ ਕਾਰਕੁਨਾਂ ਨੇ ਮਹਿੰਗੀ ਗੈਸ ਲਈ ਮੋਦੀ ਸਰਕਾਰ ਨੂੰ ਭੰਡਿਆ ਅਤੇ ਵਧੀਆਂ ਕੀਮਤਾਂ ਨੂੰ ਆਮ ਲੋਕਾਂ ਉਪਰ ਵਾਧੂ ਵਿੱਤੀ ਬੋਝ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ।
ਸਿੰਘੂ, ਟਿੱਕਰੀ ਤੇ ਗਾਜ਼ੀਪੁਰ ‘ਚ ਕਿਸਾਨਾਂ ਨੇ ਬਣਾਏ ਪੱਕੇ ਟਿਕਾਣੇ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ਉਪਰ ਧਰਨੇ ਲਾ ਕੇ ਬੈਠੇ ਕਿਸਾਨਾਂ ਵੱਲੋਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਵਿੱਚ ਪੱਕੇ ਟਿਕਾਣੇ ਬਣਾ ਲਏ ਗਏ ਹਨ। ਉਨ੍ਹਾਂ ਆਪਣੇ ਮੂਲ ਪਿੰਡਾਂ ਦੇ ਨਾਂ ‘ਤੇ ਤੰਬੂਆਂ ਅਤੇ ਟਰਾਲੀਆਂ ਵਿੱਚ ਪਿੰਡ ਵਸਾ ਕੇ ਤਖ਼ਤੀਆਂ ਵੀ ਗੱਡ ਦਿੱਤੀਆਂ ਹਨ। ਇਹ ਕੰਮ ਪਹਿਲਾਂ ਟਿਕਰੀ ਬਾਰਡਰ ‘ਤੇ ਸ਼ੁਰੂ ਹੋਇਆ ਸੀ ਅਤੇ ਹੁਣ ਸਿੰਘੂ ਬਾਰਡਰ ਦੇ ਕਿਸਾਨਾਂ ਨੇ ਵੀ ਤੰਬੂ ਗੱਡ ਕੇ ਗਰਾਂ ਵਸਾ ਲਏ ਹਨ। ਸਿੰਘੂ ਦੇ ਮੋਰਚੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਕਿਸਾਨਾਂ ਨੇ ਠਾਹਰਾਂ ਬਣਾ ਲਈਆਂ ਹਨ। ਇੱਥੇ 7 ਕਿਲੋਮੀਟਰ ਲੰਬੇ ਮੋਰਚੇ ਵਿੱਚ ਕਿਸਾਨਾਂ ਨੇ ਮੋਗਾ ਜ਼ਿਲ੍ਹੇ ਦੇ ਚਰਚਿਤ ਪਿੰਡ ਲੋਪੋਂ, ਨਿਹਾਲ ਸਿੰਘ ਵਾਲਾ ਦੇ ਲੋਹਾਰਾ, ਜਗਰਾਉਂ ਦੇ ਅਖਾੜਾ, ਰੋਪੜ ਦੇ ਚੱਕਲਾ, ਫਤਿਹਗੜ੍ਹ ਪੰਜਤੂਰ ਦੇ ਨਾਂ ਉਪਰ ਪਿੰਡ ਬਣਾ ਕੇ ਉਨ੍ਹਾਂ ਦੀ ਨਿਸ਼ਾਨਦੇਹੀ ਲਈ ਕੌਮੀ ਸ਼ਾਹਰਾਹ-1 ਉਪਰ ਤਖ਼ਤੀਆਂ ਲਗਾ ਦਿੱਤੀਆਂ ਹਨ। ‘0’ ਕਿਲੋਮੀਟਰ ਲਿਖ ਕੇ ਉੱਥੇ ਸਬੰਧਤ ਪਿੰਡਾਂ ਦੀਆਂ ਟਰਾਲੀਆਂ ਖੜ੍ਹੀਆਂ ਹੋਣ ਦੇ ਸੰਕੇਤ ਮਿਲਦੇ ਹਨ।

Check Also

ਸਿੰਘੂ ਬਾਰਡਰ ਦੇ ਇਕ ਪਾਸੇ ਦਾ ਰਸਤਾ ਖੋਲ੍ਹਣ ਲਈ ਤਿਆਰ ਹੋਏ ਕਿਸਾਨ

ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਨੂੰ ਕਿਸਾਨ ਆਗੂਆਂ ਨੇ ਕੀਤਾ ਪ੍ਰਵਾਨ ਚੰਡੀਗੜ੍ਹ/ਬਿਊਰੋ ਨਿਊਜ਼ ਕਾਲੇ …