8.3 C
Toronto
Wednesday, October 29, 2025
spot_img
Homeਪੰਜਾਬਪੰਜਾਬ 'ਚ ਸਿਆਸੀ ਪਾਰਟੀਆਂ ਦੀ ਕਮਾਨ ਮਾਲਵੇ ਦੇ ਹੱਥ ਆਈ

ਪੰਜਾਬ ‘ਚ ਸਿਆਸੀ ਪਾਰਟੀਆਂ ਦੀ ਕਮਾਨ ਮਾਲਵੇ ਦੇ ਹੱਥ ਆਈ

ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮਾਲਵੇ ਨਾਲ ਸਬੰਧਤ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਨਿਯੁਕਤੀ ਉਪਰੰਤ ਹੁਣ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੀ ਕਮਾਨ ਮਾਲਵੇ ਦੇ ਹੱਥ ਵਿੱਚ ਆ ਗਈ ਹੈ। ਕਾਂਗਰਸ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਇਕੱਲੇ ਮੁਕਤਸਰ ਜ਼ਿਲ੍ਹੇ ਦੇ ਹੱਥਾਂ ਵਿੱਚ ਹੈ।ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਲੰਬੇ ਸਮੇਂ ਤੋਂ ਪਿੰਡ ਬਾਦਲ ਕਰਦਾ ਆ ਰਿਹਾ ਹੈ। ਸਾਲ 2008 ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਨ। ਇਸੇ ਕਾਰਨ ਹੀ ਸੂਬੇ ਭਰ ਦੇ ਅਕਾਲੀ ਨੇਤਾਵਾਂ ਦਾ ਮੂੰਹ ਬਾਦਲ ਪਿੰਡ ਵੱਲ ਹੀ ਰਿਹਾ ਹੈ। ਭਾਵੇਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕਾਫ਼ੀ ਮੁਹਿੰਮਾਂ ਚੱਲੀਆਂ ਪਰ ਨਾਕਾਮ ਰਹੀਆਂ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਦੀ ਪ੍ਰਧਾਨਗੀ ਮਾਝੇ ਵਿੱਚੋਂ ਹੁੰਦੇ ਹੋਏ ਮੁੜ ਮਾਲਵੇ ਵਿੱਚ ਮੁਕਤਸਰ ਦੇ ਪਿੰਡ ‘ਵੜਿੰਗ’ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਹੈ, ਜੋ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਹਨ। ਅਸ਼ਵਨੀ ਸ਼ਰਮਾ ਦੇ ਪ੍ਰਧਾਨ ਹੁੰਦਿਆਂ ਭਾਰਤੀ ਜਨਤਾ ਪਾਰਟੀ ਮਾਝੇ ਤੋਂ ਚੱਲ ਰਹੀ ਸੀ ਪਰ ਹੁਣ ਸੁਨੀਲ ਜਾਖੜ ਦੇ ਪ੍ਰਧਾਨ ਬਨਣ ‘ਤੇ ਭਾਜਪਾ ਵੀ ਮਾਲਵੇ ਵਿੱਚੋਂ ਚੱਲੇਗੀ। ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੇ 2017 ਤੋਂ ਭਗਵੰਤ ਮਾਨ ਪੰਜਾਬ ਪ੍ਰਧਾਨ ਹਨ।
ਉਨ੍ਹਾਂ ਨੇ ਭਾਵੇਂ ਇੱਕ ਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ 2019 ‘ਚ ਮੁੜ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ।
ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ। ਜਦਕਿ ਪਿਛਲੇ ਦਿਨੀਂ ਬੁਢਲਾਢਾ ਤੋਂ ਦੂਜੀ ਵਾਰ ਵਿਧਾਇਕ ਬਣੇ ਮਾਸਟਰ ਬੁੱਧ ਰਾਮ ਨੂੰ ਆਮ ਆਦਮੀ ਪਾਰਟੀ ਦਾ ਕਾਰਜਕਾਰੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ, ਜੋ ਮਾਲਵੇ ਦਾ ਹੀ ਹਿੱਸਾ ਹਨ। ਇਸੇ ਤਰ੍ਹਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ, ਜੋ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਹਨ। ਇਸ ਪ੍ਰਕਾਰ ਮੁੱਖ ਸਾਰੀਆਂ ਸਿਆਸੀ ਪਾਰਟੀਆਂ ਦਾ ਕੇਂਦਰ ਬਿੰਦੂ ਮਾਲਵਾ ਹੀ ਬਣਿਆ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ, ਕੁਲਤਾਰ ਸਿੰਘ ਸੰਧਵਾਂ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜਾਮਾਜਰਾ ਤੇ ਮੀਤ ਹੇਅਰ ਮਾਲਵੇ ਵਿੱਚੋਂ ਹੀ ਹਨ।

 

RELATED ARTICLES
POPULAR POSTS