ਹਸਪਤਾਲ ’ਚ 7 ਕਿਸਾਨ ਆਗੂਆਂ ਦਾ ਮਰਨ ਵਰਤ ਜਾਰੀ
ਪਟਿਆਲਾ/ਬਿਊਰੋ ਨਿਊਜ਼ :
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ’ਚ ਦਫਤਰ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ) ਦੀਆਂ 16 ਜਥੇਬੰਦੀਆਂ ਵੱਲੋਂ ਆਪਣੀਆਂ 21 ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨੂੰ ਪੁਲਿਸ ਨੇ ਇਥੋਂ ਹਟਾ ਦਿੱਤਾ ਗਿਆ ਸੀ ਅਤੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਲੰਘੇ ਕੱਲ੍ਹ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਕਿਸਾਨ ਆਗੂਆਂ ਨੂੰ ਆਗੂਆਂ ਨੂੰ ਪਟਿਆਲਾ ਸਥਿਤ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਰੱਖਿਆ ਗਿਆ ਹੈ, ਜਿਸ ਦੇ ਇਕ ਕਮਰੇ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਗਿਆ ਹੈ। ਇਸ ਕਮਰੇ ਦੇ ਬਾਹਰ ਪੰਜਾਬ ਪੁਲੀਸ ਦਾ ਸਖ਼ਤ ਪਹਿਰਾ ਹੈ ਅਤੇ ਇਥੇ ਮੌਜੂਦ ਇਨ੍ਹਾਂ 7 ਆਗੂਆਂ ਨੂੰ ਕੋਈ ਮਿਲ ਨਹੀਂ ਸਕਦਾ। ਲੰਘੇ ਕੱਲ੍ਹ ਤੋਂ ਸੰਯੁਕਤ ਕਿਸਾਨ ਮੋਰਚੇ ਦੇ 7 ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿੱਲ, ਸੁਖਜੀਤ ਸਿੰਘ ਹਰਦੋ ਝੰਡੇ, ਹਰਭਗਵਾਨ ਸਿੰਘ ਤੇ ਬੇਅੰਤ ਸਿੰਘ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਰੱਖਿਆ ਗਿਆ ਹੈ। ਪੁਲੀਸ ਅਨੁਸਾਰ ਇਨ੍ਹਾਂ ਆਗੂਆਂ ਦਾ ਮਰਨ ਵਰਤ ਤੁੜਵਾ ਦਿੱਤਾ ਗਿਆ ਸੀ ਪ੍ਰੰਤੂ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿਸਾਨ ਆਗੂਆਂ ਨੇ ਆਪਣਾ ਮਰਨ ਵਰਤ ਨਹੀਂ ਤੋੜਿਆ, ਸਗੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪਾਣੀ ਪੀਣਾ ਵੀ ਛੱਡ ਦੇਣਗੇ।