0.8 C
Toronto
Wednesday, December 3, 2025
spot_img
Homeਪੰਜਾਬਕਿਸਾਨੀ ਸੰਘਰਸ਼ 'ਚ ਆਮ ਲੋਕ ਵੀ ਡਟੇ

ਕਿਸਾਨੀ ਸੰਘਰਸ਼ ‘ਚ ਆਮ ਲੋਕ ਵੀ ਡਟੇ

ਲੰਗਰ ਪਹੁੰਚਾਉਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਣ ਲੱਗੀ
ਬਠਿੰਡਾ : ਵਜੂਦ ਖ਼ਾਤਰ ਜੰਗ ਦੇ ਮੈਦਾਨ ਵਿਚ ਨਿੱਤਰੇ ਕਿਸਾਨਾਂ ਦੀ ਪਿੱਠ ‘ਤੇ ਆਮ ਲੋਕਾਈ ਆਣ ਡਟੀ ਹੈ। ਧਰਨਿਆਂ ਦਾ ਆਗਾਜ਼ ਭਾਵੇਂ ਦਰਮਿਆਨੀ ਉਮਰ ਨੇ ਕੀਤਾ, ਪਰ ਹੁਣ ਬਜ਼ੁਰਗ, ਨੌਜਵਾਨ, ਬੱਚੇ ਤੇ ਬੀਬੀਆਂ ਵਹੀਰਾਂ ਘੱਤੀ ਧਰਨਿਆਂ ਵਿਚ ਪਹੁੰਚਦੇ ਹਨ। ਮੁਲਾਜ਼ਮ, ਦੁਕਾਨਦਾਰ, ਮਜ਼ਦੂਰਾਂ ਸਣੇ ਕਈ ਤਬਕੇ ਸੰਘਰਸ਼ੀ ਮਸ਼ਾਲ ਦੀ ਲਾਟ ਨੂੰ ਉੱਚਾ ਰੱਖਣ ਲਈ ਬਣਦਾ ਯੋਗਦਾਨ ਪਾ ਰਹੇ ਹਨ। ਧਰਨਿਆਂ ਨੇੜੇ ਚੁੱਲ੍ਹੇ-ਭੱਠੀਆਂ ਅਤੇ ਤੰਦੂਰ ਚੌਵੀ ਘੰਟੇ ਭਖਦੇ ਵਿਖਾਈ ਦਿੰਦੇ ਹਨ। ਦੁੱਧ ਤੇ ਰਾਸ਼ਨ ਪਹੁੰਚਾਉਣ ਵਾਲਿਆਂ ਦੀ ਲਾਈਨ ਆਏ ਦਿਨ ਲੰਮੀ ਹੋ ਰਹੀ ਹੈ। ਪੁਰਸ਼ ਅਤੇ ਬੀਬੀਆਂ ਮਿਲ-ਜੁਲ ਕੇ ਭੋਜਨ ਤਿਆਰ ਕਰਦੇ ਹਨ। ਇਥੇ ਬਣਦੀ ਚਾਹ-ਰੋਟੀ ਦੇ ਖੁੱਲ੍ਹੇ ਗੱਫੇ ਕੋਲੋਂ ਲੰਘਦੇ ਰਾਹਗੀਰ ਵੀ ਛਕਦੇ ਹਨ।
ਬਠਿੰਡਾ ਦੇ ‘ਬੈਸਟ ਪਰਾਈਸ’ ਅੱਗੇ ਧਰਨੇ ਵਿਚ ਪਿੰਡ ਗੋਬਿੰਦਪੁਰਾ ਦੇ ਵਾਸੀ ਮਾਲ੍ਹ-ਪੂੜੇ ਅਤੇ ਖੀਰ ਲੈ ਕੇ ਪਹੁੰਚੇ। ਪਿੰਡ ਗਿੱਦੜ ਦੇ ਬਾਸ਼ਿੰਦਿਆਂ ਵੱਲੋਂ ਲੱਡੂਆਂ ਅਤੇ ਬੁਰਜ ਸੇਮਾ ਦੇ ਵਿਅਕਤੀਆਂ ਵੱਲੋਂ ਧਰਨਾਕਾਰੀਆਂ ਨੂੰ ਬਦਾਨੇ ਦੇ ਪੈਕੇਟ ਵਰਤਾਏ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਭੋਜਨ-ਪਾਣੀ ਤੋਂ ਇਲਾਵਾ ਰਾਮਪੁਰਾ ਦੇ ਸ਼ਹਿਰੀਆਂ ਨੇ ਦੁਸਹਿਰੇ ਮੌਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਨ ਲਈ ਖੁਦ ਪੇਸ਼ਕਦਮੀ ਕੀਤੀ ਹੈ। ਰੇਲਵੇ ਪਟੜੀਆਂ, ਸ਼ਾਪਿੰਗ ਮਾਲ, ਪੈਟਰੋਲ ਪੰਪਾਂ, ਟੌਲ ਪਲਾਜ਼ਿਆਂ ਸਮੇਤ ਵੱਡੇ ਪੂੰਜੀਪਤੀਆਂ ਦੇ ਵਪਾਰਕ ਟਿਕਾਣਿਆਂ ‘ਤੇ ਧਰਨਿਆਂ ਦਾ ਦੌਰ ਦਿਨੋਂ ਦਿਨ ਭਖਦਾ ਹੀ ਜਾ ਰਿਹਾ ਹੈ। ਜੰਗ ਜਿੱਤਣ ਦੇ ਬੁਲੰਦ ਹੌਂਸਲਿਆਂ ਨਾਲ ਕਿਸਾਨ ਮੋਰਚਿਆਂ ‘ਤੇ ਡਟੇ ਹੋਏ ਹਨ।

RELATED ARTICLES
POPULAR POSTS